For the best experience, open
https://m.punjabitribuneonline.com
on your mobile browser.
Advertisement

ਨੀਟ-ਯੂਜੀ ਵਿਵਾਦ ’ਚ ਸੀਬੀਆਈ ਵੱਲੋਂ ਐੱਫਆਈਆਰ ਦਰਜ

07:15 AM Jun 24, 2024 IST
ਨੀਟ ਯੂਜੀ ਵਿਵਾਦ ’ਚ ਸੀਬੀਆਈ ਵੱਲੋਂ ਐੱਫਆਈਆਰ ਦਰਜ
ਪਟਨਾ ਦੇ ਹਸਪਤਾਲ ’ਚ ਮੈਡੀਕਲ ਕਰਾਉਣ ਮਗਰੋਂ ਮੁਲਜ਼ਮਾਂ ਨੂੰ ਲਿਜਾਂਦੇ ਹੋਏ ਈਓਯੂ ਦੇ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 23 ਜੂਨ
ਸੀਬੀਆਈ ਨੇ ਨੀਟ-ਯੂਜੀ ਦਾਖ਼ਲਾ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਦੇ ਮਾਮਲੇ ਦੀ ਜਾਂਚ ਆਪਣੇ ਹੱਥ ’ਚ ਲੈਂਦਿਆਂ ਇਸ ਸਬੰਧ ’ਚ ਅੱਜ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਏਜੰਸੀ ਵੱਖ ਵੱਖ ਸੂਬਿਆਂ ’ਚ ਪੁਲੀਸ ਵੱਲੋਂ ਦਰਜ ਕੇਸਾਂ ਨੂੰ ਵੀ ਆਪਣੇ ਹੱਥ ’ਚ ਲੈਣ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰਾਲੇ ਨੇ ਏਜੰਸੀ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਪ੍ਰੀਖਿਆ ਦੌਰਾਨ ਕੁਝ ਸੂਬਿਆਂ ’ਚ ‘ਖਾਸ ਇੱਕਾ-ਦੁੱਕਾ ਘਟਨਾਵਾਂ’ ਵਾਪਰੀਆਂ ਸਨ। ਇਹ ਸ਼ਿਕਾਇਤ ਹੁਣ ਐੱਫਆਈਆਰ ਦਾ ਹਿੱਸਾ ਹੈ। ਕੇਸ ਨੂੰ ਤਰਜੀਹ ਦਿੰਦਿਆਂ ਸੀਬੀਆਈ ਨੇ ਵਿਸ਼ੇਸ਼ ਟੀਮਾਂ ਕਾਇਮ ਕਰਦਿਆਂ ਗੋਧਰਾ ਅਤੇ ਪਟਨਾ ਰਵਾਨਾ ਕਰ ਦਿੱਤੀਆਂ ਹਨ ਜਿਥੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਕੇਸ ਪੁਲੀਸ ਵੱਲੋਂ ਦਰਜ ਕੀਤੇ ਗਏ ਹਨ।
ਏਜੰਸੀ ਨੇ ਗੁਜਰਾਤ ਅਤੇ ਬਿਹਾਰ ’ਚ ਪੁਲੀਸ ਵੱਲੋਂ ਦਰਜ ਕੇਸਾਂ ਦੀ ਜਾਂਚ ਵੀ ਆਪਣੇ ਹੱਥ ’ਚ ਲੈਣ ਦੀ ਯੋਜਨਾ ਬਣਾਈ ਹੈ। ਕੇਂਦਰ ਨੇ ਐਤਵਾਰ ਨੂੰ ਦਾਖ਼ਲਾ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਦਫ਼ਾ 120-ਬੀ (ਅਪਰਾਧਿਕ ਸਾਜ਼ਿਸ਼), 420 (ਧੋਖਾਧੜੀ) ਅਤੇ ਹੋਰਾਂ ਤਹਿਤ ਨਵਾਂ ਕੇਸ ਦਰਜ ਕੀਤਾ ਹੈ। ਸੀਬੀਆਈ ਤਰਜਮਾਨ ਨੇ ਕਿਹਾ ਕਿ ਸਿੱਖਿਆ ਮੰਤਰਾਲੇ ਨੇ ਜਾਂਚ ਏਜੰਸੀ ਨੂੰ ਬੇਨਤੀ ਕੀਤੀ ਹੈ ਕਿ ਉਹ ਕਥਿਤ ਬੇਨਿਯਮੀਆਂ, ਸਾਜ਼ਿਸ਼, ਨਕਲ, ਧੋਖਾਧੜੀ ਅਤੇ ਉਮੀਦਵਾਰਾਂ, ਇੰਸਟੀਚਿਊਟਾਂ ਤੇ ਵਿਚੋਲਿਆਂ ਵੱਲੋਂ ਸਬੂਤ ਨਸ਼ਟ ਕਰਨ ਜਿਹੇ ਮਾਮਲਿਆਂ ਦੀ ਵਿਆਪਕ ਜਾਂਚ ਕਰੇ। ਅਧਿਕਾਰੀਆਂ ਮੁਤਾਬਕ ਪ੍ਰੀਖਿਆ ਕਰਾਉਣ ਨਾਲ ਸਬੰਧਤ ਸਰਕਾਰੀ ਅਫ਼ਸਰਾਂ ਦੀ ਭੂਮਿਕਾ ਵੀ ਜਾਂਚੀ ਜਾਵੇਗੀ। ਨੀਟ-ਯੂਜੀ ਪ੍ਰੀਖਿਆ ਦੇਸ਼ ਦੇ 4750 ਕੇਂਦਰਾਂ ’ਤੇ 5 ਮਈ ਨੂੰ ਹੋਈ ਸੀ ਜਿਸ ’ਚ ਕਰੀਬ 24 ਲੱਖ ਉਮੀਦਵਾਰ ਬੈਠੇ ਸਨ। ਪ੍ਰੀਖਿਆ ’ਚ ਕਥਿਤ ਗੜਬੜੀਆਂ ਦੀ ਜਾਂਚ ਕਰਾਉਣ ਲਈ ਵੱਖ ਵੱਖ ਸ਼ਹਿਰਾਂ ’ਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਜਿਸ ਮਗਰੋਂ ਦਬਾਅ ਹੇਠ ਆ ਕੇ ਮੰਤਰਾਲੇ ਨੂੰ ਜਾਂਚ ਸੀਬੀਆਈ ਹਵਾਲੇ ਕਰਨੀ ਪਈ। ਅਧਿਕਾਰੀਆਂ ਨੇ ਕਿਹਾ ਕਿ 5 ਮਈ ਨੂੰ ਹੋਈ ਨੀਟ-ਯੂਜੀ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ, ਨਕਲ ਅਤੇ ਲਾਪਰਵਾਹੀ ਆਦਿ ਦੇ ਕੇਸ ਸਾਹਮਣੇ ਆਏ ਸਨ। ਉਸ ਨੇ ਕਿਹਾ ਕਿ ਪ੍ਰੀਖਿਆਵਾਂ ’ਚ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਇਰਾਦੇ ਨਾਲ ਸਮੀਖਿਆ ਮਗਰੋਂ ਫ਼ੈਸਲਾ ਲਿਆ ਗਿਆ ਕਿ ਮਾਮਲਾ ਵਿਆਪਕ ਜਾਂਚ ਲਈ ਸੀਬੀਆਈ ਹਵਾਲੇ ਕੀਤੇ ਜਾਵੇ। ਉਂਜ ਇਸ ਮਾਮਲੇ ’ਚ 10 ਉਮੀਦਵਾਰਾਂ ਨੇ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਜਾਂਚ ਸੀਬੀਆਈ ਅਤੇ ਈਡੀ ਹਵਾਲੇ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ ਵੱਖ ਵੱਖ ਪਟੀਸ਼ਨਾਂ ’ਤੇ ਕੇਂਦਰ, ਐੱਨਟੀਏ ਅਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਐੱਨਟੀਏ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਕਿ 67 ਵਿਦਿਆਰਥੀਆਂ ਨੂੰ 720 ’ਚੋਂ 720 ਅੰਕ ਮਿਲੇ ਸਨ। ਇਨ੍ਹਾਂ ’ਚੋਂ ਛੇ ਫਰੀਦਾਬਾਦ ਦੇ ਇਕ ਸੈਂਟਰ ਤੋਂ ਸਨ ਜਿਸ ਕਾਰਨ ਬੇਨਿਯਮੀਆਂ ਦਾ ਸ਼ੱਕ ਪੈਦਾ ਹੋਇਆ। -ਪੀਟੀਆਈ

Advertisement

ਗਰੇਸ ਅੰਕ ਹਾਸਲ ਕਰਨ ਵਾਲੇ 1563 ’ਚੋਂ 813 ਉਮੀਦਵਾਰਾਂ ਨੇ ਮੁੜ ਪ੍ਰੀਖਿਆ ਦਿੱਤੀ

ਨਵੀਂ ਦਿੱਲੀ: ਨੀਟ-ਯੂਜੀ ਪ੍ਰੀਖਿਆ ’ਚ ਗਰੇਸ ਅੰਕ ਹਾਸਲ ਕਰਨ ਵਾਲੇ 1563 ਉਮੀਦਵਾਰਾਂ ’ਚੋਂ 813 ਨੇ ਅੱਜ ਮੁੜ ਤੋਂ ਪ੍ਰੀਖਿਆ ਦਿੱਤੀ। ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਸੱਤ ਸੈਂਟਰਾਂ ’ਤੇ ਮੁੜ ਤੋਂ ਪ੍ਰੀਖਿਆ ਕਰਵਾਈ ਗਈ। ਛੇ ਸੈਂਟਰਾਂ ’ਤੇ 5 ਮਈ ਨੂੰ ਪ੍ਰੀਖਿਆ ਦੇਰੀ ਨਾਲ ਸ਼ੁਰੂ ਹੋਣ ਕਰਕੇ ਉਮੀਦਵਾਰਾਂ ਨੂੰ ਗਰੇਸ ਅੰਕ ਦਿੱਤੇ ਗਏ ਸਨ। ਨੈਸ਼ਨਲ ਟੈਸਟਿੰਗ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਐਤਵਾਰ ਨੂੰ 52 ਫ਼ੀਸਦ ਯਾਨੀ 1563 ਉਮੀਦਵਾਰਾਂ ’ਚੋਂ 813 ਨੇ ਮੁੜ ਤੋਂ ਪ੍ਰੀਖਿਆ ਦਿੱਤੀ।’’ ਮੈਡੀਕਲ ਦਾਖ਼ਲਾ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਕਾਰਨ ਪੈਦਾ ਹੋਏ ਵਿਵਾਦ ਦਰਮਿਆਨ ਐੱਨਟੀਏ ਨੇ ਐਤਵਾਰ ਨੂੰ 17 ਉਮੀਦਵਾਰਾਂ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਜਿਨ੍ਹਾਂ ਬਿਹਾਰ ਦੇ ਸੈਂਟਰਾਂ ’ਤੇ 5 ਮਈ ਨੂੰ ਪ੍ਰੀਖਿਆ ਦਿੱਤੀ ਸੀ। ਏਜੰਸੀ ਨੇ ਇਸ ਤੋਂ ਪਹਿਲਾਂ ਪ੍ਰੀਖਿਆ ’ਚ ਗਲਤ ਤਰੀਕੇ ਅਪਣਾਉਣ ਲਈ 63 ਉਮੀਦਵਾਰਾਂ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਸੀ। ਸ਼ਨਿਚਰਵਾਰ ਨੂੰ ਗੁਜਰਾਤ ਦੇ ਗੋਧਰਾ ਤੋਂ 30 ਹੋਰ ਉਮੀਦਵਾਰਾਂ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ। -ਪੀਟੀਆਈ

Advertisement

ਸੀਬੀਆਈ ਟੀਮ ’ਤੇ ਬਿਹਾਰ ’ਚ ਹਮਲਾ, 4 ਗ੍ਰਿਫ਼ਤਾਰ

ਪਟਨਾ: ਯੂਜੀਸੀ-ਨੈੱਟ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਸੀਬੀਆਈ ਟੀਮ ’ਤੇ ਬਿਹਾਰ ਦੇ ਨੇਵਾਦਾ ’ਚ ਲੋਕਾਂ ਨੇ ਹਮਲਾ ਕਰ ਦਿੱਤਾ। ਪੁਲੀਸ ਨੇ ਇਸ ਸਬੰਧ ’ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਹਮਲਾ ਸ਼ਨਿਚਰਵਾਰ ਸ਼ਾਮ ਨੂੰ ਹੋਇਆ ਸੀ ਜਦੋਂ ਸੀਬੀਆਈ ਦੀ ਇਕ ਟੀਮ ਕੈਸੀਆਡੀਹ ਪਿੰਡ ’ਚ ਗਈ ਸੀ। ਭੀੜ ਨੇ ਸੀਬੀਆਈ ਦੇ ਵਾਹਨਾਂ ਨੂੰ ਘੇਰ ਲਿਆ ਅਤੇ ਅਧਿਕਾਰੀਆਂ ਨਾਲ ਖਿੱਚ-ਧੂਹ ਕੀਤੀ। ਇਸ ਮਗਰੋਂ ਪੁਲੀਸ ਨੂੰ ਫੋਨ ਕੀਤਾ ਗਿਆ ਜਿਥੋਂ ਰਜੌਲੀ ਪੁਲੀਸ ਸਟੇਸ਼ਨ ਤੋਂ ਮੁਲਾਜ਼ਮ ਮੌਕੇ ’ਤੇ ਭੇਜੇ ਗਏ। ਸਰਕਾਰੀ ਕੰਮ ’ਚ ਅੜਿੱਕਾ ਡਾਹੁਣ ਅਤੇ ਹਮਲੇ ਦੇ ਦੋਸ਼ ਹੇਠ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ। -ਪੀਟੀਆਈ

ਪੇਪਰ ਲੀਕ ਦੀਆਂ ਤੰਦਾਂ ਝਾਰਖੰਡ ਦੇ ਨਿੱਜੀ ਸਕੂਲ ਨਾਲ ਜੁੜੀਆਂ

ਨਵੀਂ ਦਿੱਲੀ (ਅਕਸ਼ੀਵ ਠਾਕੁਰ): ਨੀਟ-ਯੂਜੀ ਪੇਪਰ ਲੀਕ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਇਸ ਦੇ ਤਾਰ ਝਾਰਖੰਡ ਨਾਲ ਜੁੜਦੇ ਨਜ਼ਰ ਆ ਰਹੇ ਹਨ। ਬਿਹਾਰ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਖੁਲਾਸਾ ਕੀਤਾ ਕਿ ਸ਼ਾਇਦ ਨੀਟ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਝਾਰਖੰਡ ਦੇ ਹਜ਼ਾਰੀਬਾਗ਼ ਦੇ ਇੱਕ ਸਕੂਲ ਤੋਂ ਲੀਕ ਹੋਇਆ ਹੈ। ਪੁਲੀਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਹਜ਼ਾਰੀਬਾਗ਼ ਦੇ ਓਏਸਿਸ ਸਕੂਲ ਵਿੱਚ ਭੇਜੇ ਪ੍ਰਸ਼ਨ ਪੱਤਰਾਂ ਨੂੰ ਪੈਕ ਕਰਨ ਲਈ ਵਰਤੇ ਲਿਫਾਫਿਆਂ ਅਤੇ ਟਰੰਕ ਨਾਲ ਛੇੜ-ਛਾੜ ਕੀਤੀ ਗਈ ਸੀ। ਬੀਤੇ ਦਿਨੀਂ ਦੇਵਘਰ ਤੋਂ ਗ੍ਰਿਫ਼ਤਾਰ ਬਲਦੇਵ ਕੁਮਾਰ ਉਰਫ਼ ਚਿੰਟੂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ 5 ਮਈ ਨੂੰ ਫੋਨ ’ਤੇ ਹੱਲ ਕੀਤੇ ਪ੍ਰਸ਼ਨਾਂ ਦੀ ਪੀਡੀਐੱਫ ਮਿਲੀ ਸੀ। ਪੁਲੀਸ ਨੇ ਕਿਹਾ ਕਿ ਚਿੰਟੂ, ਸੰਜੀਵ ਕੁਮਾਰ ਉਰਫ਼ ਲੁਟਨ ਮੁਖੀਆ ਦੇ ਗਰੋਹ ਨਾਲ ਜੁੜਿਆ ਹੋਇਆ ਹੈ। ਆਰਥਿਕ ਅਪਰਾਧ ਸ਼ਾਖਾ ਦੇ ਇੱਕ ਅਧਿਕਾਰੀ ਨੇ ਕਿਹਾ, “ਮੁਖੀਆ ਨੇ ਨੀਟ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ 4 ਮਈ ਨੂੰ ਬਿਹਾਰ ਦੇ ਪਟਨਾ ਵਿੱਚ ਲਰਨ ਬੁਆਏਜ਼ ਹੋਸਟਲ ਅਤੇ ਪਲੇਅ ਸਕੂਲ ਵਿੱਚ ਲਗਪਗ 25 ਉਮੀਦਵਾਰਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ। ਹੱਲ ਕੀਤੇ ਪ੍ਰਸ਼ਨ ਪੱਤਰ ਛਾਪਣ ਲਈ ਸਕੂਲ ਦੇ ਪ੍ਰਿੰਟਰ ਦੀ ਵਰਤੋਂ ਕੀਤੀ ਗਈ ਸੀ।” ਉਨ੍ਹਾਂ ਕਿਹਾ, ‘‘ਹੱਲ ਕੀਤੇ ਪੇਪਰ ਛਾਪਣ ਮਗਰੋਂ ਉਮੀਦਵਾਰਾਂ ਨੂੰ ਟੈਕਸੀਆਂ ਰਾਹੀਂ ਸਕੂਲ ਤੋਂ ਦੋ ਕਿਲੋਮੀਟਰ ਦੂਰ ਕਿਸੇ ਹੋਰ ਥਾਂ ਇਕੱਤਰ ਕੀਤਾ ਗਿਆ। ਇੱਥੇ ਉਨ੍ਹਾਂ ਨੂੰ ਪ੍ਰਸ਼ਨਾਂ ਦੇ ਉੱਤਰ ਯਾਦ ਕਰਵਾਏ ਜਾਂਦੇ ਸਨ। ਸਮੇਂ ਦੀ ਘਾਟ ਕਾਰਨ ਉਮੀਦਵਾਰ ਉੱਤਰ ਯਾਦ ਨਹੀਂ ਕਰ ਸਕੇ।” ਹਾਲਾਂਕਿ, ਬਿਹਾਰ ਪੁਲੀਸ ਨੇ ਟੈਕਸੀਆਂ ਜ਼ਬਤ ਕਰ ਕੇ ਡਰਾਈਵਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ‘ਲਰਨ ਪਲੇਅ ਸਕੂਲ’ ਵਿੱਚ ਸਾੜੇ ਗਏ ਪ੍ਰਸ਼ਨ ਪੱਤਰ ਮਿਲੇ ਹਨ। ਇਨ੍ਹਾਂ ਨੂੰ ਕੌਮੀ ਟੈਸਟਿੰਗ ਏਜੰਸੀ ਵੱਲੋਂ 20 ਜੂਨ ਨੂੰ ਪੁਲੀਸ ਨੂੰ ਮੁਹੱਈਆ ਕਰਵਾਏ ਗਏ ਅਸਲ ਪ੍ਰਸ਼ਨ ਪੱਤਰ ਨਾਲ ਮਿਲਾਇਆ ਗਿਆ। ਬਿਹਾਰ ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਪ੍ਰਸ਼ਨ ਪੱਤਰ ਕਦੋਂ ਲੀਕ ਹੋਏ ਸਨ। ਪੁਲੀਸ ਵੱਲੋਂ ਦੇਵਘਰ ਤੋਂ ਗ੍ਰਿਫ਼ਤਾਰ ਛੇ ਮੁਲਜ਼ਮਾਂ ਦੀ ਬਰੇਨ ਮੈਪਿੰਗ ਕਰਵਾਈ ਜਾ ਸਕਦੀ ਹੈ।

Advertisement
Author Image

sukhwinder singh

View all posts

Advertisement