ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਿਲੌਰ ਅਕੈਡਮੀ ’ਚੋਂ ਮਿਲੇ ਊਧਮ ਸਿੰਘ ਦੀਆਂ ਉਂਗਲਾਂ ਦੇ ਨਿਸ਼ਾਨ

07:29 AM Aug 26, 2023 IST

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 25 ਅਗਸਤ
ਪੂਰਾ ਦੇਸ਼ ਜਦੋਂ ਸ਼ਹੀਦ ਊਧਮ ਸਿੰਘ ਦਾ 84ਵਾਂ ਸ਼ਹੀਦੀ ਦਿਹਾੜਾ ਮਨਾ ਕੇ ਹਟਿਆ ਹੈ ਤੇ ਉਨ੍ਹਾਂ ਦੀ ਜ਼ਿੰਦਗੀ ’ਤੇ ਬਣੀ ਫਿਲਮ ਨੇ ਲੰਘੇ ਦਿਨ ਕੌਮੀ ਪੁਰਸਕਾਰ ਜਿੱਤਿਆ ਹੈ ਤਾਂ ਅਜਿਹੇ ਮੌਕੇ ਫਿਲੌਰ ਸਥਿਤ ਪੰਜਾਬ ਪੁਲੀਸ ਅਕੈਡਮੀ ਵਿਚੋਂ ਸ਼ਹੀਦ ਦੀਆਂ ਉਂਗਲਾਂ ਦੇ ਪ੍ਰਿੰਟ ਮਿਲੇ ਹਨ, ਜੋ ਹੁਣ ਤੱਕ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਲੁਕੇ ਹੋਏ ਸਨ। ਊਧਮ ਸਿੰਘ ਦੀਆਂ ਉਂਗਲਾਂ ਦੇ ਪ੍ਰਿੰਟ ਵਾਲੀਆਂ ਇਹ ਵਿਰਲੀਆਂ ਕਾਪੀਆਂ ਸਾਲ 1927 ਵਿੱਚ ਲਈਆਂ ਗਈਆਂ ਸਨ, ਜਦੋਂ ਉਸ ਨੂੰ ਗ਼ਦਰ ਪਾਰਟੀ ਦੇ ਕਾਰਕੁਨ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਪੱਤਰਕਾਰ ਨੂੰ ਊਧਮ ਸਿੰਘ ਦੇ ‘ਫਿੰਗਰ ਪ੍ਰਿੰਟ’ ਵਾਲੀਆਂ ਇਹ ਕਾਪੀਆਂ ਉਦੋਂ ਮਿਲੀਆਂ ਜਦੋਂ ਉਹ ਪੰਜਾਬ ਪੁਲੀਸ ਦੀ ਮਦਦ ਨਾਲ ਪੁਲੀਸ ਅਕੈਡਮੀ ਵਿਚੋਂ ਸ਼ਹੀਦ ਭਗਤ ਸਿੰਘ ਦੀਆਂ ਉਂਗਲਾਂ ਦੇ ਪ੍ਰਿੰਟਾਂ ਦੀ ਭਾਲ ਕਰ ਰਿਹਾ ਸੀ। ਫਿਲੌਰ ਸਥਿਤ ਪੰਜਾਬ ਪੁਲੀਸ ਅਕੈਡਮੀ 1860 ਤੋਂ ਪੁਲੀਸ ਕੇਸ ਫਾਈਲਾਂ, ਦਸਤਾਵੇਜ਼ਾਂ ਤੇ ਹਥਿਆਰਾਂ ਦਾ ਮਾਲਖਾਨਾ ਹੈ, ਉਦੋਂ ਇਸ ਦਾ ਨਾਮ ਮਿਲਟਰੀ ਪੁਲੀਸ ਫੋਰਸ ਸੀ ਤੇ ਮਗਰੋਂ 1891 ਵਿੱਚ ਇਹ ਪੁਲੀਸ ਅਕੈਡਮੀ ਬਣ ਗਈ।

Advertisement

ਫਿਲੌਰ ਪੁਲੀਸ ਅਕੈਡਮੀ ਦੇ ਰਿਕਾਰਡ ’ਚੋਂ ਮਿਲੇ ਫਿੰਗਰਪ੍ਰਿੰਟ ਤੇ (ਸੱਜੇ) ਰਸੀਦ।

ਊਧਮ ਸਿੰਘ ਨੇ 13 ਮਾਰਚ 1940 ਨੂੰ ਲੰਡਨ ਵਿੱਚ ਬ੍ਰਿਟਿਸ਼ ਇੰਡੀਆ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਦੀ ਹੱਤਿਆ ਕਰਕੇ ਜੱਲ੍ਹਿਆਂਵਾਲਾ ਬਾਗ਼ ਸਾਕੇ ਦਾ ਬਦਲਾ ਲਿਆ ਸੀ। ਊਧਮ ਸਿੰਘ ਨੂੰ ਸਬਰ-ਸੰਤੋਖ਼ ਵਾਲਾ ਕਾਤਲ (ਪੇਸ਼ੈਂਟ ਅਸੈਸਿਨ) ਵੀ ਕਿਹਾ ਜਾਂਦਾ ਹੈ, ਜਿਸ ਨੇ ਬਦਲਾ ਲੈਣ ਲਈ ਇੰਨੇ ਸਾਲ ਉਡੀਕ ਕੀਤੀ। ਸ਼ਹੀਦ ’ਤੇ ਬਣੀ ਫਿਲਮ ‘ਸਰਦਾਰ ਊਧਮ’ ਨੇ ਵੀਰਵਾਰ ਨੂੰ ਪੰਜ ਵੱਖ ਵੱਖ ਵਰਗਾਂ ਵਿਚ ਕੌਮੀ ਪੁਰਸਕਾਰ ਜਿੱਤੇ ਹਨ। ਊਧਮ ਸਿੰਘ, ਜੋ ਜ਼ੋਰ ਦੇ ਕੇ ਆਖਦਾ ਸੀ ਕਿ ਉਸ ਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਹੈ, ਉਸ ਦੇ ਧਰਮ-ਨਿਰਪੱਖ ਸੁਭਾਅ ਨੂੰ ਦਰਸਾਉਂਦਾ ਹੈ। ਜਨਰਲ ਓ’ਡਵਾਇਰ ਦੇ ਕਤਲ ਮਗਰੋਂ ਉਹ ਭਾਰਤ ਵਿੱਚ ਨਾਇਕ ਬਣਿਆ ਤੇ ਉਦੋਂ ਤੋਂ ਉਹ ਕਿਤਾਬਾਂ, ਗੀਤਾਂ, ਨਾਟਕਾਂ ਤੇ ਫ਼ਿਲਮਾਂ ਦਾ ਸ਼ਿੰਗਾਰ ਹੈ। ਹਰ ਸਾਲ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਊਧਮ ਸਿੰਘ ਨਾਲ ਸਬੰਧਤ ਵਸਤਾਂ ਇਕੱਤਰ ਕਰਨ ਤੇ ਇਨ੍ਹਾਂ ਦੀ ਅੱਗੇ ਅਜਾਇਬਘਰ ’ਚ ਨੁਮਾਇਸ਼ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਹਾਲਾਂਕਿ ‘ਫਿੰਗਰ ਪ੍ਰਿੰਟ’ ਸਣੇ ਹੋਰ ਕਈ ਵਸਤਾਂ ਸਰਕਾਰੀ ਫਾਈਲਾਂ ਹੇਠ ਦਬੀਆਂ ਪਈਆਂ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਦੋਂ ਇਸ ਖੋਜ ਬਾਰੇ ਦੱਸਿਆ ਤਾਂ ਉਹ ਬਹੁਤ ਉਤਸ਼ਾਹੀ ਨਜ਼ਰ ਆਏ। ਉਨ੍ਹਾਂ ਖ਼ੁਸ਼ੀ ਜ਼ਾਹਿਰ ਕੀਤੀ ਕਿ ਪੁਲੀਸ ਅਕੈਡਮੀ ਨੇ ਇੰਨੇ ਸਾਲਾਂ ਤੱਕ ਅਜਿਹੇ ਅਹਿਮ ਦਸਤਾਵੇਜ਼ਾਂ ਨੂੰ ਸਾਂਭੀ ਰੱਖਿਆ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਇਨ੍ਹਾਂ ਪ੍ਰਿੰਟਾਂ ਨੂੰ ਢੁੱਕਵੀਂ ਥਾਂ ’ਤੇ ਨੁਮਾਇਸ਼ ਲਈ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਇਸੇ ਅਕੈਡਮੀ ਤੋਂ ਕੀਤੀ ਖੋਜ ਸਦਕਾ ਇਸ ਪੱਤਰਕਾਰ ਨੇ ਸ਼ਹੀਦ ਭਗਤ ਸਿੰਘ ਦਾ ਗੁਆਚਿਆ ਪਿਸਤੌਲ ਲੱਭਿਆ ਸੀ। ਊਧਮ ਸਿੰਘ ਦਾ ਅਸਲ ਨਾਮ ਸ਼ੇਰ ਸਿੰਘ ਸੀ। ਉਸ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿਚ ਪਿਤਾ ਟਹਿਲ ਸਿੰਘ ਤੇ ਮਾਤਾ ਨਰੈਣ ਕੌਰ ਦੇ ਘਰ ਹੋਇਆ ਸੀ। ਅਕੈਡਮੀ ਤੋਂ ਮਿਲੇ ਫਿੰਗਰ ਪ੍ਰਿੰਟ ਨਾਲ ਲੱਗੇ ਸੂਚਨਾ ਫਾਰਮ ਵਿੱਚ ਇਸ ’ਤੇ ਸ਼ੇਰ ਸਿੰਘ ਪੁੱਤਰ ਟਹਿਲ ਸਿੰਘ ਦਾ ਨਾਮ ਲਿਖਿਆ ਹੈ। ਊਧਮ ਸਿੰਘ ਦੀਆਂ ਉਂਗਲਾਂ ਦੇ ਇਹ ਨਿਸ਼ਾਨ 10 ਅਕਤੂਬਰ 1927 ਨੂੰ ਲਏ ਗਏ ਸਨ। ਦਿਲਚਸਪ ਗੱਲ ਹੈ ਕਿ ਇਨ੍ਹਾਂ ਪ੍ਰਿੰਟਾਂ ’ਤੇ 1 ਅਪਰੈਲ 1940 ਦੀ ਨੋਟਿੰਗ ਹੈ, ਜਿਸ ਤੋਂ ਇਹ ਜਾਪਦਾ ਹੈ ਕਿ ਊਧਮ ਸਿੰਘ ਦੀ ਪਛਾਣ ਦੀ ਤਸਦੀਕ ਲਈ ਇਨ੍ਹਾਂ ਪ੍ਰਿੰਟਾਂ ਨੂੰ ਅਕੈਡਮੀ ਵਿਚੋਂ ਬਾਹਰ ਕੱਢਿਆ ਗਿਆ। ਊਧਮ ਸਿੰਘ 13 ਮਾਰਚ 1940 ਨੂੰ ਓ’ਡਵਾਇਰ ਦੀ ਹੱਤਿਆ ਮਗਰੋਂ ਲੰਡਨ ਦੀ ਜੇਲ੍ਹ ਵਿੱਚ ਬੰਦ ਸੀ।

 

Advertisement

Advertisement
Advertisement