For the best experience, open
https://m.punjabitribuneonline.com
on your mobile browser.
Advertisement

ਵਿੱਤੀ ਸੰਕਟ: ਸਿਆਸੀ ਧਿਰਾਂ ਦੇ ਏਕੇ ਸਦਕਾ ਰੁਕਿਆ ਬਿਜਲੀ ਬਿੱਲਾਂ ’ਚ ਵਾਧਾ

09:57 AM Nov 22, 2024 IST
ਵਿੱਤੀ ਸੰਕਟ  ਸਿਆਸੀ ਧਿਰਾਂ ਦੇ ਏਕੇ ਸਦਕਾ ਰੁਕਿਆ ਬਿਜਲੀ ਬਿੱਲਾਂ ’ਚ ਵਾਧਾ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 21 ਨਵੰਬਰ
ਵਿੱਤੀ ਸੰਕਟ ਵਿੱਚੋਂ ਲੰਘ ਰਹੇ ਚੰਡੀਗੜ੍ਹ ਨਗਰ ਨਿਗਮ ਨੇ ਬਿਜਲੀ ਬਿੱਲਾਂ ’ਤੇ ਲੱਗਣ ਵਾਲੇ ਸਰਚਾਰਜ ਵਿੱਚ ਵਾਧਾ ਕਰਨ ਸਬੰਧੀ ਤਿਆਰ ਕੀਤੇ ਖਰੜੇ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਨਗਰ ਨਿਗਮ ਦੇ ਇਸ ਮਤੇ ਦਾ ‘ਆਪ’, ਕਾਂਗਰਸ ਤੇ ਭਾਜਪਾ ਨੇ ਵਿਰੋਧ ਕੀਤਾ ਹੈ। ਅੱਜ ਤਿੰਨਾਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਕੌਂਸਲਰਾਂ ਨੇ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਮਤੇ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਸ਼ਹਿਰ ਦੀਆਂ ਤਿੰਨਾਂ ਮੁੱਖ ਸਿਆਸੀ ਪਾਰਟੀਆਂ ਦੇ ਵਿਰੋਧ ਨੂੰ ਦੇਖਦਿਆਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਨੇ ਬਿਜਲੀ ਬਿੱਲਾਂ ’ਤੇ ਸਰਚਾਰਜ ਵਿੱਚ ਵਾਧਾ ਕਰਨ ਵਾਲੇ ਮਤੇ ਨੂੰ ਰੋਕ ਲਿਆ ਹੈ।
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬਿਜਲੀ ਬਿੱਲਾਂ ’ਤੇ ਸਰਚਾਰਜ ਵਿੱਚ ਵਾਧਾ ਕਰਨ ਵਾਲੇ ਮਤੇ ਦਾ ਉਦੇਸ਼ ਯੂਟੀ ਦੇ ਬਿਜਲੀ ਬਿੱਲਾਂ ਦੀ ਉਗਰਾਹੀ ਵਿੱਚ ਨਗਰ ਨਿਗਮ ਦੇ ਹਿੱਸੇ ਨੂੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮਕਸਦ ਜਨਤਾ ਦੀ ਜੇਬ੍ਹ ’ਤੇ ਕੋਈ ਵਾਧੂ ਬੋਝ ਪਾਉਣ ਦਾ ਨਹੀਂ ਹੈ, ਪਰ ‘ਆਪ’ ਤੇ ਸਾਡੀ ਸਹਿਯੋਗੀ ਪਾਰਟੀ ਕਾਂਗਰਸ ਦੇ ਕੌਂਸਲਰ ਇਸ ਮਤੇ ਦਾ ਸਮਰਥਨ ਨਹੀਂ ਕਰਨਾ ਚਾਹੁੰਦੇ ਹਨ ਤਾਂ ਮਤੇ ਨੂੰ ਰੋਕ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ 23 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਇਸ ਮਤੇ ’ਤੇ ਵਿਚਾਰ-ਚਰਚਾ ਨਹੀਂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰੀਆਂ ਨੇ ਨਗਰ ਨਿਗਮ ’ਚ ਚੱਲ ਰਹੇ ਵਿੱਤੀ ਹਾਲਾਤ ਨੂੰ ਦੇਖਦਿਆਂ ਚੰਡੀਗੜ੍ਹ ਵਿੱਚ ਵੀ ਪੰਜਾਬ ਦੀ ਤਰਜ਼ ’ਤੇ ਬਿਜਲੀ ਬਿੱਲਾਂ ’ਤੇ ਲੱਗਣ ਵਾਲੇ ਸਰਚਾਰਜ ਨੂੰ 10 ਪੈਸੇ ਪ੍ਰਤੀ ਯੂਨਿਟ ਤੋਂ ਵਧਾ ਕੇ 16 ਪੈਸੇ ਪ੍ਰਤੀ ਯੂਨਿਟ ਕਰਨ ਦਾ ਮਤਾ ਲਿਆਂਦਾ ਜਾਣਾ ਸੀ। ਇਸ ਨਾਲ ਨਗਰ ਨਿਗਮ ਦੀ ਆਮਦਨ 15-16 ਕਰੋੜ ਰੁਪਏ ਸਾਲਾਨਾ ਤੋਂ ਵਧ ਕੇ 22-23 ਕਰੋੜ ਰੁਪਏ ਸਾਲਾਨਾ ਹੋ ਜਾਣੀ ਸੀ। ਇਸ ਮਤੇ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਦੇ ਦਸਤਖ਼ਤ ਤੋਂ ਬਾਅਦ ਮੇਅਰ ਕੁਲਦੀਪ ਕੁਮਾਰ ਨੇ ਵੀ ਦਸਤਖ਼ਤ ਕਰ ਕੇ ਜਨਰਲ ਹਾਊਸ ਵਿੱਚ ਪੇਸ਼ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਸੀ।

Advertisement

ਚੰਡੀਗੜ੍ਹੀਆਂ ’ਤੇ ਕੋਈ ਨਵਾਂ ਟੈਕਸ ਨਹੀਂ ਲੱਗਣ ਦਿੱਤਾ ਜਾਵੇਗਾ: ਲੱਕੀ

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਬਿਜਲੀ ਬਿੱਲਾਂ ’ਤੇ ਲੱਗਣ ਵਾਲੇ ਸਰਚਾਰਜ ਵਿੱਚ ਵਾਧਾ ਕਰਨ ਦੇ ਮਤੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕਾਂਗਰਸ ਨੇ ਚੋਣਾਂ ਦੌਰਾਨ ਲੋਕਾਂ ਨੂੰ ਵਾਅਦਾ ਕੀਤਾ ਸੀ, ਕਿ ਉਨ੍ਹਾਂ ’ਤੇ ਕੋਈ ਵੀ ਨਵੇਂ ਟੈਕਸ ਦਾ ਬੋਝ ਨਹੀਂ ਪੈਣ ਦਿੱਤਾ ਜਾਵੇਗਾ। ਸ੍ਰੀ ਲੱਕੀ ਨੇ ਕਿਹਾ ਕਿ ਜੇ ਮਤਾ ਨਗਰ ਨਿਗਮ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਕਾਂਗਰਸ ਪਾਰਟੀ ਦੇ ਕੌਂਸਲਰ ਬਿਜਲੀ ਬਿੱਲਾਂ ’ਤੇ ਲੱਗਣ ਵਾਲੇ ਸਰਚਾਰਜ ਵਿੱਚ ਵਾਧਾ ਕਰਨ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਜੇ ਨਿਗਮ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਤਾਂ ਅਧਿਕਾਰੀਆਂ ਨੂੰ ਆਮਦਨ ਵਧਾਉਣ ਦੇ ਹੋਰ ਰਾਹ ਲੱਭਣੇ ਚਾਹੀਦੇ ਹਨ।

Advertisement

‘ਆਪ’ ਆਗੂ ਵੱਲੋਂ ਸਰਚਾਰਜ ’ਚ ਵਾਧੇ ਵਾਲੇ ਮਤੇ ਦੀ ਨਿਖੇਧੀ

‘ਆਪ’ ਦੇ ਸੀਨੀਅਰ ਆਗੂ ਪ੍ਰੇਮ ਗਰਗ ਨੇ ਚੰਡੀਗੜ੍ਹ ਨਗਰ ਨਿਗਮ ਵਿੱਚ ਬਿਜਲੀ ਬਿੱਲਾਂ ’ਤੇ ਲੱਗਣ ਵਾਲੇ ਸਰਚਾਰਜ ਵਿੱਚ ਵਾਧਾ ਕਰਨ ਵਾਲੇ ਮਤਾ ਪੇਸ਼ ਕਰਨ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਦਸੰਬਰ 2021 ਵਿੱਚ ਜਾਰੀ ਕੀਤੇ ਚੋਣ ਮੋਨਰਥ ਪੱਤਰ ਵਿੱਚ ਲੋਕਾਂ ਨੂੰ ਮੁਫ਼ਤ ਬਿਜਲੀ, ਪਾਣੀ ਤੇ ਪਾਰਕਿੰਗ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਂਸਲਰਾਂ ਵੱਲੋਂ ਉਸੇ ਵਾਅਦੇ ਤਹਿਤ ਇਸ ਮਤੇ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਕਲੋਨੀਆਂ ਵਿੱਚ ਬਿਨਾਂ ਭੁਗਤਾਨ ਕਰੇ ਸਰਕਾਰੀ ਪਾਣੀ ਦੀ ਵਰਤੋਂ ਕਰਨ ਵਾਲਿਆਂ ਤੋਂ ਬਿੱਲ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਖ਼ਰਾਬ ਮੀਟਰਾਂ ਨੂੰ ਠੀਕ ਕਰ ਕੇ ਭੁਗਤਾਨ ਕਰਵਾਉਣਾ ਚਾਹੀਦਾ ਹੈ।

ਮੁਫ਼ਤ ਬਿਜਲੀ ਤੇ ਪਾਣੀ ਦੇਣ ਵਾਲੇ ਨਵੇਂ ਟੈਕਸ ਲਗਾਉਣ ਲੱਗੇ: ਭਾਜਪਾ

ਚੰਡੀਗੜ੍ਹ ਭਾਜਪਾ ਦੇ ਬੁਲਾਰੇ ਨਰੇਸ਼ ਅਰੋੜਾ ਨੇ ਸ਼ਹਿਰ ਵਿੱਚ ਬਿਜਲੀ ਬਿੱਲਾਂ ’ਤੇ ਲੱਗਣ ਵਾਲੇ ਸਰਚਾਰਜ ਵਿੱਚ ਵਾਧਾ ਕਰਨ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨੂੰ ਮੁਫ਼ਤ ਬਿਜਲੀ ਤੇ ਪਾਣੀ ਮੁਹੱਈਆ ਕਰਵਾਉਣ ਦਾ ਵਾਧਾ ਕਰਨ ਵਾਲੇ ਅੱਜ ਲੋਕਾਂ ਦੀ ਜੇਬ੍ਹ ’ਤੇ ਨਵਾਂ ਬੋਝ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੌਂਸਲਰਾਂ ਵੱਲੋਂ ਲੋਕਾਂ ਦੀ ਜੇਬ੍ਹ ’ਤੇ ਨਵਾਂ ਬੋਝ ਨਹੀਂ ਪੈਣ ਦਿੱਤਾ ਜਾਵੇਗਾ। ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਤੇ ਕੌਂਸਲਰ ਸਤਿੰਦਰ ਪਾਲ ਸਿੰਘ ਸਿੱਧੂ ਨੇ ਵੀ ਸਰਚਾਰਜ ਵਧਾਉਣ ਵਾਲੇ ਮਤੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਦੀ ਮੀਟਿੰਗ ਵਿੱਚ ਮਤਾ ਆਉਂਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ।

Advertisement
Author Image

sukhwinder singh

View all posts

Advertisement