ਖ਼ੁਦਾਈ ਹਾਦਸਾ: ਮਾਲਕ ਤੇ ਠੇਕੇਦਾਰ ਖ਼ਿਲਾਫ਼ ਕੇਸ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਨਵੰਬਰ
ਇੱਥੋਂ ਦੇ ਸੈਕਟਰ-33 ਵਿੱਚ ਜ਼ਮੀਨ ਦੀ ਖੁ਼ਦਾਈ ਦੌਰਾਨ ਵਾਪਰੇ ਹਾਦਸੇ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਵੀ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਪੁਲੀਸ ਨੇ ਜ਼ਮੀਨ ਦੇ ਮਾਲਕ ਅਤੇ ਉੱਥੇ ਖ਼ੁਦਾਈ ਕਰਨ ਵਾਲੇ ਠੇਕੇਦਾਰ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਥਾਣਾ ਸੈਕਟਰ-34 ਦੀ ਪੁਲੀਸ ਨੇ ਕਿਰਨਜੀਤ ਸਿੰਘ ਵਾਸੀ ਸੈਕਟਰ-33 ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਸੈਕਟਰ-33 ਵਿੱਚ ਇਕ ਘਰ ਦੀ ਉਸਾਰੀ ਲਈ ਪਿਛਲੇ ਲੰਬੇ ਸਮੇਂ ਤੋਂ ਜ਼ਮੀਨ ਦੀ ਖ਼ੁਦਾਈ ਦਾ ਕੰਮ ਚੱਲ ਰਿਹਾ ਸੀ। ਪਿਛਲੇ ਦਿਨੀਂ ਰਾਤ ਸਮੇਂ ਸ਼ਿਕਾਇਤਕਰਤਾ ਦੇ ਦਰੱਖਤ ਤੇ ਦੀਵਾਰ ਨੂੰ ਨੁਕਸਾਨ ਹੋ ਗਿਆ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਨੇ 20 ਫੁੱਟ ਡੂੰਘੀ ਖੁਦਾਈ ਕੀਤੀ ਹੈ, ਪਰ ਇਹ ਖ਼ੁਦਾਈ ਬਿਨਾਂ ਪ੍ਰਵਾਨਗੀ ਤੋਂ ਕੀਤੀ ਗਈ ਹੈ। ਥਾਣਾ ਸੈਕਟਰ-34 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਸੈਕਟਰ-33 ਦੇ ਮਕਾਨ ਨੰਬਰ-332 ਨੇੜੇ ਪਿਛਲੇ ਲਗਪਗ ਚਾਰ ਮਹੀਨਿਆਂ ਤੋਂ ਖ਼ੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਠੇਕੇਦਾਰ ਦੀ ਲਾਪਰਵਾਹੀ ਕਾਰਨ ਮਕਾਨ ਦੀ ਚਾਰਦੀਵਾਰੀ ਅਤੇ ਨੇੜੇ ਖੜ੍ਹੇ ਤਿੰਨ ਦਰੱਖਤ ਡਿੱਗ ਗਏ। ਇਹ ਘਟਨਾ ਬੁੱਧਵਾਰ ਨੂੰ ਰਾਤ 10 ਵਜੇ ਦੇ ਕਰੀਬ ਵਾਪਰੀ ਸੀ। ਇਸ ਦੌਰਾਨ ਕਿਸੇ ਕਿਸਮ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਸੀ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਨੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਅਤੇ ਠੇਕੇਦਾਰ ਦੀ ਲਾਪਰਵਾਹੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਘਟਨਾ ਤੋਂ ਤੁਰੰਤ ਬਾਅਦ ਇਲਾਕਾ ਵਾਸੀਆਂ ਨੇ ਪੁਲੀਸ ਕੰਟਰੋਲ ਰੂਮ ਅਤੇ ਇਲਾਕਾ ਕੌਂਸਲਰ ਅੰਜੂ ਕਤਿਆਲ ਨੂੰ ਸੂਚਿਤ ਕੀਤਾ ਸੀ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।