ਵਿੱਤ ਮੰਤਰੀ ਵੱਲੋਂ ਨਿਵੇਸ਼ਕਾਂ ਨੂੰ ਸਹਿਯੋਗ ਦਾ ਭਰੋਸਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਸਤੰਬਰ
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਇਨਵੈਸਟ ਪੰਜਾਬ ਅਤੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਚੰਡੀਗੜ੍ਹ ਦੇ ਨਿੱਜੀ ਹੋਟਲ ਵਿੱਚ ‘ਨਿਵੇਸ਼ਕ ਸੰਮੇਲਨ’ ਕਰਵਾਇਆ ਗਿਆ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਸੈਰ-ਸਪਾਟੇ ਦਾ ਕੇਂਦਰ ਬਣਾਉਣ ਲਈ ਵਚਨਬੱਧ ਹੈ। ਇੱਥੇ ਸੂਬੇ ਦੇ ਅਮੀਰ ਸੱਭਿਆਚਾਰਕ ਤੇ ਇਤਿਹਾਸਕ ਵਿਰਸੇ ਨੂੰ ਦਰਸਾਉਂਦੀਆਂ ਮੁਗਲ, ਸਿੱਖ ਅਤੇ ਬ੍ਰਿਟਿਸ਼ ਕਾਲ ਦੀਆਂ ਇਮਾਰਤਾਂ ਹਨ, ਜੋ ਸਮੁੱਚੀ ਲੋਕਾਈ ਲਈ ਖਿੱਚ ਦਾ ਕੇਂਦਰ ਹਨ। ਉਨ੍ਹਾਂ ਕਿਹਾ ਕਿ ਉਹ ਸੈਰ-ਸਪਾਟੇ ਦੇ ਖੇਤਰ ਵਿੱਚ ਪੰਜਾਬ ਨੂੰ ਦੁਨੀਆ ਦੇ ਨਕਸ਼ੇ ’ਤੇ ਲਿਆਉਣ ਲਈ ਬਹੁਤ ਉਤਸੁਕ ਹਨ। ਇਸ ਮਾਮਲੇ ਵਿੱਚ ਉਹ ਨਿੱਜੀ ਦਿਲਚਸਪੀ ਲੈ ਰਹੇ ਹਨ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਨਿਵੇਸ਼ਕਾਂ ਨੂੰ ਸੈਰ- ਸਪਾਟੇ ਦੇ ਖੇਤਰ ਵਿੱਚ ਪੰਜਾਬ ਦੇ ਵਿਕਾਸ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਈਕੋ-ਟੂਰਿਜ਼ਮ, ਐਡਵੈਂਚਰ ਟੂਰਿਜ਼ਮ, ਵਾਟਰ ਟੂਰਿਜ਼ਮ ਅਤੇ ਵੈੱਲਨੈੱਸ ਟੂਰਿਜ਼ਮ ’ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ। ਇਨ੍ਹਾਂ ਖੇਤਰਾਂ ਵਿੱਚ ਵੀ ਪੰਜਾਬ ਨੂੰ ਹੋਰ ਪ੍ਰਫੁੱਲਿਤ ਕਰਨ ਦੀਆਂ ਭਰਪੂਰ ਸੰਭਾਵਨਾਵਾਂ ਹਨ। ਮੰਤਰੀ ਨੇ ਨਿਵੇਸ਼ਕਾਂ ਨੂੰ ਸੂਬਾ ਸਰਕਾਰ ਦੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਕਈ ਵਿਰਾਸਤੀ ਇਮਾਰਤਾਂ ਜਿਵੇਂ ਕਿ ਕਪੂਰਥਲਾ ਵਿੱਚ ਦਰਬਾਰ ਹਾਲ ਅਤੇ ਗੋਲ ਕੋਠੀ, ਸੰਗਰੂਰ ਕੋਠੀ, ਆਮ ਖਾਸ ਬਾਗ ਸਰਹਿੰਦ, ਰੂਪਨਗਰ ਵਿੱਚ ਪਿੰਕਾਸ਼ੀਆ ਟੂਰਿਸਟ ਕੰਪਲੈਕਸ, ਕੁਲਾਰਾ ਟਾਪੂ (ਪਠਾਨਕੋਟ) ਦੇ ਵਿਕਾਸ ਨੂੰ ਦਰਸਾਉਂਦੀ ਪੇਸ਼ਕਾਰੀ ਵੀ ਨਿਵੇਸ਼ਕਾਂ ਨੂੰ ਦਿਖਾਈ ਗਈ।