ਬਜਰੰਗ ਤੇ ਵਨਿੇਸ਼ ਨੂੰ ਟਰਾਇਲ ’ਚ ਛੋਟ ਦੇਣ ’ਤੇ ਅੰਤਿਮ ਤੇ ਸੁਜੀਤ ਵੱਲੋਂ ਅਦਾਲਤ ਦਾ ਰੁਖ਼
ਨਵੀਂ ਦਿੱਲੀ, 19 ਜੁਲਾਈ
ਪਹਿਲਵਾਨ ਅੰਤਿਮ ਪੰਘਾਲ ਅਤੇ ਸੁਜੀਤ ਕਲਕਲ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਏਸ਼ੀਅਨ ਗੇਮਜ਼ ਦੇ ਟਰਾਇਲ ਲਈ ਵਨਿੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਦਿੱਤੀ ਗਈ ਛੋਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਟੂਰਨਾਮੈਂਟ ਲਈ ਚੋਣ ਪ੍ਰਕਿਰਿਆ ’ਚ ਨਿਰਪੱਖਤਾ ਯਕੀਨੀ ਬਣਾਉਣ ਦੀ ਮੰਗ ਕੀਤੀ। ਇਨ੍ਹਾਂ ਦੋਵਾਂ ਪਹਿਲਵਾਨਾਂ ਨੇ ਸਾਂਝੀ ਪਟੀਸ਼ਨ ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਅੱਗੇ ਪੇਸ਼ ਕੀਤੀ, ਜਨਿ੍ਹਾਂ ਇਸ ਮਾਮਲੇ ਦੀ ਸੁਣਵਾਈ ਦੀ ਤਰੀਕ 20 ਜੁਲਾਈ ਤੈਅ ਕੀਤੀ ਹੈ। ਇਹ ਪਟੀਸ਼ਨ ਪਹਿਲਵਾਨਾਂ ਦੇ ਵਕੀਲ ਰਿਸ਼ੀਕੇਸ਼ ਬਰੂਆ ਅਤੇ ਅਕਸ਼ੈ ਕੁਮਾਰ ਨੇ ਦਾਇਰ ਕੀਤੀ, ਜਿਸ ਵਿੱਚ ਮੰਗ ਕੀਤੀ ਗਈ ਕਿ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਐਡਹਾਕ ਕਮੇਟੀ ਵੱਲੋਂ ਦੋ ਵਰਗਾਂ (ਪੁਰਸ਼ ਫਰੀਸਟਾਈਲ 65 ਕਿਲੋ ਅਤੇ ਮਹਿਲਾਵਾਂ ਦੇ 53 ਕਿਲੋ ਭਾਰ ਵਰਗ) ਸਬੰਧੀ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਖਾਰਜ ਕੀਤਾ ਜਾਵੇ ਅਤੇ ਬਜਰੰਗ ਅਤੇ ਵਨਿੇਸ਼ ਨੂੰ ਦਿੱਤੀ ਗਈ ਛੋਟ ਖ਼ਤਮ ਕੀਤੀ ਜਾਵੇ। ਪਟੀਸ਼ਨ ਵਿੱਚ ਮੰਗ ਕੀਤੀ ਗਈ ਕਿ ਟਰਾਇਲ ਨਿਰਪੱਖ ਢੰਗ ਨਾਲ ਕਰਵਾਏ ਜਾਣੇ ਚਾਹੀਦੇ ਹਨ, ਜਿਸ ਵਿੱਚ ਕਿਸੇ ਵੀ ਪਹਿਲਵਾਨ ਨੂੰ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ। ਉਧਰ ਭਾਰਤੀ ਓਲੰਪਿਕ ਸੰਘ ਨੇ ਕਿਹਾ ਹੈ ਕਿ ਏਸ਼ਿਆਈ ਖੇਡਾਂ ਲਈ ਪਹਿਲਵਾਨਾਂ ਦੇ ਦਲ ਦਾ ਅੰਤਿਮ ਮੁਲਾਂਕਣ ਖਿਡਾਰੀਆਂ ਦੇ ਚੀਨ ਰਵਾਨਾ ਹੋਣ ਤੋਂ ਪਹਿਲਾਂ ਕੀਤਾ ਜਾਵੇਗਾ ਤਾਂ ਜੋ ਵਧੇਰੇ ਯੋਗ ਟੀਮ ਭੇਜੀ ਜਾ ਸਕੇ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਪਹਿਲਵਾਨਾਂ ਦੀ ਚੋਣ ਪ੍ਰਕਿਰਿਆ ਕੌਮਾਂਤਰੀ ਫੈਡਰੇਸ਼ਨ ਦੇ ਨੇਮਾਂ ਮੁਤਾਬਕ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ। -ਪੀਟੀਆਈ
ਵਨਿੇਸ਼ ’ਚ ਅਜਿਹਾ ਖਾਸ ਕੀ ਹੈ: ਅੰਤਿਮ ਪੰਘਾਲ
ਸੁਜੀਤ ਵੱਲੋਂ ਬਜਰੰਗ ਪੂਨੀਆ ਦੀ ਚੋਣ ’ਤੇ ਸਵਾਲ
ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਹੁਣ ਸੱਤ ਅਗਸਤ ਨੂੰ
ਨਵੀਂ ਦਿੱਲੀ: ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ ਚੋਣਾਂ ਕਈ ਵਾਰ ਮੁਲਤਵੀ ਹੋਣ ਮਗਰੋਂ ਹੁਣ ਸੱਤ ਅਗਸਤ ਨੂੰ ਹੋਣਗੀਆਂ। ਡਬਲਿਊਐੱਫਆਈ ਨਾਲ ਸਬੰਧਿਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਇਸ ਤੋਂ ਪਹਿਲਾਂ 11 ਜੁਲਾਈ ਨੂੰ ਹੋਣੀਆਂ ਸੀ ਪਰ ਗੁਹਾਟੀ ਹਾਈ ਕੋਰਟ ਨੇ ਅਸਾਮ ਕੁਸ਼ਤੀ ਫੈਡਰੇਸ਼ਨ (ਏਡਬਲਿਊਏ) ਦੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਅਧਿਕਾਰ ਸਬੰਧੀ ਪਾਈ ਪਟੀਸ਼ਨ ਮਗਰੋਂ ਚੋਣਾਂ ’ਤੇ ਰੋਕ ਲਗਾ ਦਿੱਤੀ ਸੀ। ਸੂਬਾਈ ਐਸੋਸੀਏਸ਼ਨ ਨੇ ਦਾਅਵਾ ਕੀਤਾ ਸੀ ਕਿ ਉਹ ਵੋਟਿੰਗ ਦੇ ਅਧਿਕਾਰ ਨਾਲ ਡਬਲਿਊਐੱਫਆਈ ਵਿੱਚ ਮਾਨਤਾ ਦੀ ਹੱਕਦਾਰ ਹੈ। -ਪੀਟੀਆਈ