For the best experience, open
https://m.punjabitribuneonline.com
on your mobile browser.
Advertisement

ਲੋਕ ਸਰੋਕਾਰਾਂ ਨੂੰ ਪ੍ਰਣਾਇਆ ਫਿਲਮਸਾਜ਼ ਡਾ. ਰਾਜੀਵ

07:49 AM May 01, 2024 IST
ਲੋਕ ਸਰੋਕਾਰਾਂ ਨੂੰ ਪ੍ਰਣਾਇਆ ਫਿਲਮਸਾਜ਼ ਡਾ  ਰਾਜੀਵ
Advertisement

ਅਮੋਲਕ ਸਿੰਘ
ਸ਼ੋ੍ਮਣੀ ਨਾਟਕਕਾਰ ਗੁਰਸ਼ਰਨ ਭਾਅਜੀ ਦੇ ਹੱਥੀਂ ਲਾਇਆ ਲੋਕ-ਪੱਖੀ, ਇਨਕਲਾਬੀ ਸੱਭਿਆਚਾਰ ਦਾ ਬੂਟਾ, ਪੰਜਾਬ ਲੋਕ ਸੱਭਿਆਚਾਰ ਮੰਚ (ਪਲਸ ਮੰਚ) ਲੋਕਾਂ ਦੀ ਜ਼ਿੰਦਗੀ ਦੇ ਸਰੋਕਾਰਾਂ ਨੂੰ ਪ੍ਰਣਾਏ ਫਿਲਮਸਾਜ਼ ਰਾਜੀਵ ਨੂੰ ‘ਗੁਰਸ਼ਰਨ ਕਲਾ ਸਨਮਾਨ’ ਨਾਲ ਸਨਮਾਨਿਤ ਕਰ ਰਿਹਾ ਹੈ।
ਗੁਰਸ਼ਰਨ ਭਾਅਜੀ ਦੇ ਰੰਗਮੰਚ ਦਾ ਇਹ ਕਾਮਾ ਸਖ਼ਤ ਮਿਹਨਤ ਕਰਦਿਆਂ ਫਿਲਮੀ ਦੁਨੀਆ ’ਚ ਸਰਗਰਮ ਹੋਣ ਮਗਰੋਂ ਵੀ ਕਿਸੇ ਹੋਰ ਦਿਸ਼ਾ ਵੱਲ ਨਹੀਂ ਤੁਰਿਆ। ਉਹ ਆਪਣੇ ਕਿਰਤੀ ਭਰਾਵਾਂ ਦੇ ਟੁੱਟੇ ਸੁਫ਼ਨਿਆਂ ਦੀ ਪੀੜ ਨੂੰ ਹੀ ਇਸ ਵਿਧਾ ਰਾਹੀਂ ਆਪਣੇ ਲੋਕਾਂ ਨਾਲ ਸਾਂਝੀ ਕਰਦਾ ਆ ਰਿਹਾ ਹੈ।
ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪਹਿਲੀ ਮਈ ਦੀ ਰਾਤ ਪਲਸ ਮੰਚ ਵੱਲੋਂ ਨਾਟਕਾਂ ਅਤੇ ਗੀਤਾਂ ਭਰੀ ਰਾਤ ਮਨਾਈ ਜਾਂਦੀ ਹੈ। ਪੰਜਾਬੀ ਭਵਨ ਲੁਧਿਆਣਾ ਦਾ ਬਲਰਾਜ ਸਾਹਨੀ ਖੁੱਲ੍ਹਾ ਰੰਗਮੰਚ ਕਿਰਤੀ ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ, ਰੰਗਕਰਮੀਆਂ ਅਤੇ ਵਿਸ਼ੇਸ਼ ਕਰਕੇ ਔਰਤਾਂ ਦੀ ਵਿਸ਼ਾਲ ਹਾਜ਼ਰੀ ਨਾਲ ਨੱਕੋ-ਨੱਕ ਭਰਿਆ ਹੁੰਦਾ ਹੈ।
ਇਸ ਵਾਰ ਨਾਟਕਾਂ ਅਤੇ ਗੀਤਾਂ ਭਰੀ 41ਵੀਂ ਰਾਤ ਦਾ ਵਿਲੱਖਣ ਰੰਗ ਫਿਲਮਸਾਜ਼ ਡਾ. ਰਾਜੀਵ ਦਾ ‘ਗੁਰਸ਼ਰਨ ਕਲਾ ਸਨਮਾਨ’ ਨਾਲ ਹੋ ਰਿਹਾ ਸਨਮਾਨ ਹੋਵੇਗਾ । ਪੰਜਾਬ ਭਰ ਦੇ ਰੰਗਕਰਮੀ, ਫਿਲਮਾਂ ਤੇ ਖ਼ਾਸ ਕਰ ਕੇ ਦਸਤਾਵੇਜ਼ੀ ਫਿਲਮ ਸੰਸਾਰ ਦੇ ਕਾਮੇ, ਲੇਖਕ, ਕਵੀ, ਗੀਤਕਾਰ, ਸੰਗੀਤਕਾਰ, ਤਰਕਸ਼ੀਲ, ਜਮਹੂਰੀ ਲੋਕ-ਹੱਕਾਂ ਦੀ ਲਹਿਰ ਦੇ ਕਾਮੇ ਫਿਲਮਸਾਜ਼ ਰਾਜੀਵ ਦੇ ਸਨਮਾਨ ਮੌਕੇ ਅੱਜ ਪੰਜਾਬੀ ਭਵਨ ’ਚ ਜੁੜਨਗੇ। ਇਹ ਲੋਕ ਕਲਾ ਦਾ ਸਨਮਾਨ ਹੈ। ਇਹ ਸਦੀਆਂ ਤੋਂ ਡਾਢਿਆਂ ਹੱਥੋਂ ਚੰਮ ਲੁਹਾ ਰਹੇ ਦਬੇ-ਕੁਚਲੇ ਕਿਰਤੀ ਕਾਮਿਆਂ ਦਾ ਸਨਮਾਨ ਹੈ। ਕਿਰਤ, ਮੁੜ੍ਹਕੇ ਅਤੇ ਹੱਕ ਮੰਗਦੇ ਤਣੇ ਹੋਏ ਮੁੱਕਿਆਂ ਦਾ ਸਨਮਾਨ ਹੈ। ਝੱਖੜਾਂ ਅੱਗੇ ਵਿਛ ਜਾਣ ਦੀ ਬਜਾਏ ਝੱਖੜਾਂ ਵੱਲ ਮੂੰਹ ਕਰਕੇ ਪਰਵਾਜ਼ ਭਰਦੇ ਨਾਬਰ ਕਾਫ਼ਲਿਆਂ ਦਾ ਸਨਮਾਨ ਹੈ। ਇਹ ਮੰਡੀ ਮੁੱਲਾਂਪੁਰ ਦੇ ਲੋਕ ਕਲਾ ਮੰਚ ਤੋਂ ਉਡਾਰੀ ਭਰਦਿਆਂ ਮੁੰਬਈ ਦੀ ਫਿਲਮ ਨਗਰੀ ਤੱਕ ਪੁੱਜ ਕੇ ਵੀ ਮਿੱਟੀ ਨਾਲ ਜੁੜੇ ਰਹੇ ਡਾ. ਰਾਜੀਵ ਦੀਆਂ ਪੈੜਾਂ ਦਾ ਸਨਮਾਨ ਹੈ।
ਕੌਮੀ ਪੁਰਸਕਾਰ ਜੇਤੂ ਫਿਲਮ ‘ਨਾਬਰ’ ਦੇ ਨਿਰਦੇਸ਼ਕ ਡਾ. ਰਾਜੀਵ ਨੇ ‘ਆਪਣਾ ਪਾਸ’, ‘47 ਤੋਂ 84’, ‘ਸਾਵੀ’, ‘ਆਤੂ ਖੋਜੀ’, ‘ਨਵਾਂ ਜਨਮ’, ‘ਚੰਮ’ ਅਤੇ ‘ਸੀਰੀ’ ਵਰਗੀਆਂ ਫਿਲਮਾਂ ਲੋਕ-ਹਿਤੈਸ਼ੀ ਫਿਲਮ ਲੜੀ ਦੀ ਅਮੁੱਲੀ ਧਰੋਹਰ ਬਣਾਈਆਂ। ‘ਮੈਨੂੰ ਪਿਆਰ ਕਰਦੀਏ ਪਰਜਾਤ ਕੁੜੀਏ’ ਅਤੇ ‘ਰਕਾਨ’ ਫਿਲਮਾਂ ਵਿੱਚ ਰਾਜੀਵ ਬਹੁਤ ਹੀ ਸੰਵੇਦਨਸ਼ੀਲ ਸਮਾਜਿਕ ਮੁੱਦਿਆਂ ਨੂੰ ਮੁਖ਼ਾਤਬ ਹੋਇਆ ਹੈ। ਇਸ ਨੂੰ ਹੋਰ ਵੀ ਸ਼ਿੱਦਤ ਨਾਲ ਲੋਕਾਂ ਵਿੱਚ ਲਿਜਾਣ ਦਾ ਕੰਮ ਕਰਨਾ ਅਜੇ ਬਾਕੀ ਹੈ। ਰਾਜੀਵ ਦੀਆਂ ਫਿਲਮਾਂ ਵਿੱਚ ਰੰਗਕਰਮੀ ਸੈਮੂਅਲ ਜੌਨ ਅਤੇ ਸੁਰਿੰਦਰ ਸ਼ਰਮਾ ਦੀ ਅਦਾਕਾਰੀ ਲੋਕਾਂ ਦੇ ਚੇਤਿਆਂ ’ਚ ਵਸਦੀ ਹੈ।
ਪੰਜਾਬੀ ਫਿਲਮਾਂ ਨੂੰ ਮਾਰ ਧਾੜ, ਜੱਟਵਾਦ ਅਤੇ ਹਲਕੀ-ਫੁਲਕੀ ਕਾਮੇਡੀ ਦੇ ਹਾਸ਼ੀਏ ’ਚੋਂ ਬਾਹਰ ਲਿਆਉਣ ਲਈ ਰਾਜੀਵ ਨੇ ਇਸ ਪਿੜ ’ਚ ਨਿੱਠ ਕੇ ਇੱਕ ਹੋਰ ਕੰਮ ਕੀਤਾ ਹੈ ਕਿ ਉਹ ਪ੍ਰੋਜੈਕਟਰ ਅਤੇ ਸਕਰੀਨ ਲੈ ਕੇ ਜਾਂ ਪਿੰਡਾਂ ਦੀਆਂ ਕੰਧਾਂ ਨੂੰ ਹੀ ਸਕਰੀਨ ਬਣਾ ਕੇ ਆਪਣੀਆਂ ਫਿਲਮਾਂ ਨਾਲ ਪਿੰਡਾਂ ਤੇ ਖ਼ਾਸਕਰ ਕੰਮੀਆਂ ਦੇ ਵਿਹੜਿਆਂ ਦੇ ਰਾਹ ਹੋ ਤੁਰਿਆ ਹੈ। ਇਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਏ ਹਨ। ਦੇਸ਼ਭਗਤ ਯਾਦਗਾਰ ਹਾਲ, ਪੰਜਾਬੀ ਭਵਨ ਲੁਧਿਆਣਾ, ਖਟਕੜ ਕਲਾਂ, ਪਾਸ਼ ਦਾ ਪਿੰਡ ਤਲਵੰਡੀ ਸਲੇਮ ਅਤੇ ਦਿੱਲੀ ਕਿਸਾਨ ਮੋਰਚਾ ਵਰਗੀਆਂ ਥਾਵਾਂ ’ਤੇ ਦੇਸ਼ਭਗਤ ਯਾਦਗਾਰ ਕਮੇਟੀ, ਪਲਸ ਮੰਚ ਵਰਗੀਆਂ ਸੰਸਥਾਵਾਂ ਅਤੇ ਜੂਝਦੇ ਲੋਕ ਮੋਰਚਿਆਂ ਨੇ ਇਨ੍ਹਾਂ ਲੋਕ-ਪੱਖੀ ਫਿਲਮਾਂ ਨੂੰ ਲੋਕਾਂ ਦੇ ਘਰਾਂ ਤੱਕ ਲਿਜਾਣ ਦਾ ਵਿਸ਼ੇਸ਼ ਉਪਰਾਲਾ ਕੀਤਾ ਹੈ।
ਗਹਿਰ ਗੰਭੀਰ, ਸਮਾਜੀ ਸਰੋਕਾਰਾਂ ਅਤੇ ਬਦਲਵੇਂ ਲੋਕ-ਪੱਖੀ ਸੱਭਿਆਚਾਰ ਨਾਲ ਜੁੜੇ ਵਿਸ਼ਿਆਂ ਨਾਲ ਜੁੜੀਆਂ ਫਿਲਮਾਂ ਬਣਾਉਣ ਵਾਲੇ ਡਾ. ਰਾਜੀਵ ਤੋਂ ਭਵਿੱਖ ਵਿੱਚ ਹੋਰ ਵੀ ਵੱਡੀਆਂ ਉਮੀਦਾਂ ਹਨ।
ਸੰਪਰਕ: 98778-68710

Advertisement

Advertisement
Author Image

Advertisement
Advertisement
×