ਬਰਲਿਨ ਫਿਲਮ ਫੈਸਟੀਵਲ ਲਈ ਚੁਣੀ ਗਈ ਫ਼ਿਲਮ ‘ਸ਼ੰਭਾਲਾ’ ਦਾ ਕਾਠਮੰਡੂ ’ਚ ਪ੍ਰੀਮੀਅਰ
ਕਾਠਮੰਡੂ: ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਬਰਲਿਨ ਫਿਲਮ ਫੈਸਟੀਵਲ ਲਈ ਚੁਣੀ ਗਈ ਨੇਪਾਲੀ ਫਿਲਮ ‘ਸ਼ੰਭਾਲਾ’ ਦੇ ਅੱਜ ਹੋਏ ਪ੍ਰੀਮੀਅਰ ਵਿੱਚ ਸ਼ਾਮਲ ਹੋਏ। ਉਹ ਬੀਤੇ ਦਿਨੀਂ ਕਾਠਮੰਡੂ ਪੁੱਜੇ ਸਨ ਜਿੱਥੇ ਹਵਾਈ ਅੱਡੇ ’ਤੇ ਉਨ੍ਹਾਂ ਦਾ ਪ੍ਰਸ਼ੰਸਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਸੀ। ਸਿੱਦੀਕੀ ਨੇ ਕਿਹਾ, ‘ਮੈਂ ਇੱਥੇ ਫਿਲਮ ‘ਸ਼ੰਭਾਲਾ’ ਦੇ ਜਸ਼ਨ ਮਨਾਉਣ ਲਈ ਆਇਆ ਹਾਂ। ਮੈਂ ਇੱਥੇ ਦੋ ਜਾਂ ਤਿੰਨ ਦਿਨ ਰਹਾਂਗਾ।’ ਇਸ ਫਿਲਮ ਦਾ ਨਿਰਦੇਸ਼ਨ ਮਿਨ ਬਹਾਦੁਰ ਭਾਮ ਨੇ ਕੀਤਾ ਹੈ। ਇਹ ਫਿਲਮ ਬਰਲਿਨ ਫਿਲਮ ਫੈਸਟੀਵਲ ਲਈ ਚੁਣੀ ਗਈ ਪਹਿਲੀ ਨੇਪਾਲੀ ਫਿਲਮ ਹੈ। ਇਸ ਫਿਲਮ ਦੀ ਅਦਾਕਾਰਾ ਥਿਨਲੇ ਲਹਾਮੋ ਨੇ ਵੀ ਲੋਕਾਰਨੋ ਫਿਲਮ ਫੈਸਟੀਵਲ ਵਿੱਚ ਬੋਕਾਲਿਨੋ ਡੀ’ਓਰੋ ਪੁਰਸਕਾਰ ਜਿੱਤਿਆ ਹੈ। ਇਹ ਫਿਲਮ ਇਸ ਸਾਲ 13 ਸਤੰਬਰ ਨੂੰ ਨੇਪਾਲ ਵਿੱਚ ਰਿਲੀਜ਼ ਹੋਵੇਗੀ। ਸਿੱਦੀਕੀ ਨੇ ਕਿਹਾ, ਨੇਪਾਲ ਇੱਕ ਸੁੰਦਰ ਦੇਸ਼ ਹੈ ਤੇ ਮੈਂ ਇੱਥੇ ਕਾਠਮੰਡੂ ਵਿੱਚ ਹਾਂ ਤੇ ਮੈਂ ਸਾਰੀਆਂ ਸੈਲਾਨੀ ਥਾਵਾਂ ਦੇਖਾਂਗਾ।’ 50 ਸਾਲਾਂ ਨੂੰ ਢੁਕੇ ਸਿੱਦੀਕੀ ਨੇ ‘ਬਲੈਕ ਫਰਾਈਡੇਅ’ (2004), ‘ਨਿਊਯਾਰਕ’ (2009), ‘ਪੀਪਲੀ ਲਾਈਵ’ (2010), ‘ਕਹਾਨੀ’ ਵਰਗੀਆਂ ਬੌਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਕਾਨ ਫਿਲਮ ਫੈਸਟੀਵਲ ਵਿੱਚ ਅਧਿਕਾਰਤ ਤੌਰ ’ਤੇ ਚੁਣੀਆਂ ਅਤੇ ਪ੍ਰਦਰਸ਼ਿਤ ਕੀਤੀਆਂ ਅੱਠ ਫਿਲਮਾਂ ਵਾਲਾ ਇਕਲੌਤਾ ਅਦਾਕਾਰ ਹੈ। -ਏਐੱਨਆਈ