ਆਂਧਰਾ ਤੇ ਤਿਲੰਗਾਨਾ ਹੜ੍ਹ ਪੀੜਤਾਂ ਲਈ ਫਿਲਮੀ ਹਸਤੀਆਂ ਅੱਗੇ ਆਈਆਂ
ਹੈਦਰਾਬਾਦ/ਸ਼ਿਮਲਾ, 4 ਸਤੰਬਰ
ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ’ਚ ਮੋਹਲੇਧਾਰ ਮੀਂਹ ਅਤੇ ਉਸ ਮਗਰੋਂ ਆਏ ਹੜ੍ਹਾਂ ਦੇ ਮੱਦੇਨਜ਼ਰ ਰਾਹਤ ਕੋਸ਼ਿਸ਼ਾਂ ’ਚ ਸਹਿਯੋਗ ਲਈ ਅੱਗੇ ਚਿਰੰਜੀਵੀ, ਅੱਲੂ ਅਰਜੁਨ ਤੇ ਮਹੇਸ਼ ਬਾਬੂ ਸਮੇਤ ਤੇਲਗੂ ਫਿਲਮ ਸਨਅਤ ਦੀਆਂ ਕਈ ਹਸਤੀਆਂ ਆਈਆਂ ਹਨ। ਪਿਛਲੇ ਤਿੰਨ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਅਤੇ ਉਸ ਮਗਰੋਂ ਜਲ ਸਰੋਤਾਂ ਦਾ ਪੱਧਰ ਵਧਣ ਕਾਰਨ ਦੋਵੇਂ ਸੂਬਿਆਂ ਦੇ ਕਈ ਇਲਾਕੇ ਹੜ੍ਹ ਨਾਲ ਜੂਝ ਰਹੇ ਹਨ ਤੇ ਕਈ ਇਲਾਕੇ ਜਲਥਲ ਹੋ ਗਏ ਹਨ। ਦੂਜੇ ਪਾਸੇ ਦੋਵਾਂ ਸੂਬਿਆਂ ’ਚ ਬਣੇ ਹਾਲਾਤ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਸੇ ਤਰ੍ਹਾਂ ਮੀਂਹ ਕਾਰਨ ਹਿਮਾਚਲ ਪ੍ਰਦੇਸ਼ 119 ਸੜਕਾਂ ਆਵਾਜਾਈ ਲਈ ਬੰਦ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ’ਚ ਮੀਂਹ ਤੇ ਹੜ੍ਹ ਕਾਰਨ ਵਾਪਰੀਆਂ ਘਟਨਾਵਾਂ ’ਚ ਘੱਟ ਤੋਂ ਘੱਟ 33 ਜਣਿਆਂ ਦੀ ਮੌਤ ਹੋਈ ਹੈ। ਤਿੰਨੇ ਅਦਾਕਾਰਾਂ ਨੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਰਾਹਤ ਫੰਡ ’ਚ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਆਂਧਰਾ ਪ੍ਰਦੇਸ਼ ’ਚ ਬਣੇ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਉਸ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਮਾਹਿਰਾਂ ਦੀ ਟੀਮ ਗਠਿਤ ਕੀਤੀ ਹੈ।
ਦੂਜੇ ਪਾਸੇ ਲਗਾਤਾਰ ਪੈ ਰਹੇ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ’ਚ ਦੋ ਕੌਮੀ ਮਾਰਗਾਂ ਸਮੇਤ 119 ਸੜਕਾਂ ਆਵਾਜਾਈ ਲਈ ਬੰਦ ਹਨ। ਮੌਸਮ ਵਿਭਾਗ ਨੇ ਸੂਬੇ ਦੇ 12 ਜ਼ਿਲ੍ਹਿਆਂ ’ਚ ਭਲਕੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। -ਪੀਟੀਆਈ