ਫ਼ਿਰੋਜ਼ਪੁਰ: ਦਿਨ-ਦਿਹਾੜੇ ਵਿਆਹ ਵਾਲੀ ਲੜਕੀ ਸਣੇ ਤਿੰਨ ਦੀ ਹੱਤਿਆ, ਦੋ ਜ਼ਖ਼ਮੀ
* ਮੋਟਰਸਾਈਕਲ ਸਵਾਰਾਂ ਨੇ ਕਾਰ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ
* ਲੋਕਾਂ ਨੇ ਪੀੜਤਾਂ ਦੀ ਮਦਦ ਕਰਨ ਦੀ ਥਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 3 ਸਤੰਬਰ
ਇਸ ਸ਼ਹਿਰ ਦੇ ਕੰਬੋਜ ਨਗਰ ਇਲਾਕੇ ਵਿੱਚ ਅੱਜ ਦਿਨ-ਦਿਹਾੜੇ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਛੇ ਹਮਲਾਵਰਾਂ ਨੇ ਕਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਕਾਰ ਸਵਾਰ ਲੜਕੀ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਮਰਨ ਵਾਲੀ ਲੜਕੀ ਦਾ 27 ਅਕਤੂਬਰ ਨੂੰ ਵਿਆਹ ਸੀ, ਜਿਸ ਕਰ ਕੇ ਸਾਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ।
ਲੜਕੀ ਦੀ ਪਛਾਣ ਜਸਪ੍ਰੀਤ ਕੌਰ ਵਾਸੀ ਕੰਬੋਜ ਨਗਰ ਵਜੋਂ ਹੋਈ ਹੈ। ਇਸ ਘਟਨਾ ਵਿੱਚ ਉਸ ਦਾ ਸਕਾ ਭਰਾ ਅਨਮੋਲ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਘਟਨਾ ਵਿੱਚ ਲੱਲ੍ਹੀ ਨਾਮ ਦੇ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ, ਜੋ ਕਿ ਲੜਕੀ ਦਾ ਚਚੇਰਾ ਭਰਾ ਸੀ। ਤੀਜੇ ਮ੍ਰਿਤਕ ਦੀ ਪਛਾਣ 23 ਸਾਲਾ ਅਕਾਸ਼ਦੀਪ ਵਜੋਂ ਹੋਈ ਹੈ, ਜਦ ਕਿ ਉਸ ਦਾ ਸਕਾ ਭਰਾ 27 ਸਾਲਾ ਹਰਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ। ਹਰਪ੍ਰੀਤ ਸਿੰਘ ਜਿਮ ਟਰੇਨਰ ਹੈ। ਬਾਅਦ ਦੁਪਹਿਰ ਕਰੀਬ 2 ਵਜੇ ਗੋਲੀਬਾਰੀ ਕਰਕੇ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਸੋਮਿਆ ਮਿਸ਼ਰਾ ਸਣੇ ਭਾਰੀ ਪੁਲੀਸ ਬਲ ਮੌਕੇ ’ਤੇ ਪਹੁੰਚ ਗਿਆ। ਪੁਲੀਸ ਨੇ ਘਟਨਾ ਸਥਾਨ ਤੋਂ ਵੱਡੀ ਗਿਣਤੀ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਇਹ ਵਾਰਦਾਤ ਕੰਬੋਜ ਨਗਰ ਵਿੱਚ ਸਥਿਤ ਗੁਰਦੁਆਰੇ ਦੇ ਬਾਹਰ ਵਾਪਰੀ, ਜਿੱਥੇ ਸਾਰਾ ਦਿਨ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਹਸਪਤਾਲ ਵਿੱਚ ਮੌਜੂਦ ਆਕਾਸ਼ਦੀਪ ਦੇ ਪਿਤਾ ਹਰਮੇਸ਼ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਕੌਰ ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਸੀ। ਉਸ ਦੇ ਭਰਾ ਅਨਮੋਲ ਨੂੰ ਕਾਰ ਨਹੀਂ ਚਲਾਉਣੀ ਆਉਂਦੀ, ਜਿਸ ਕਰ ਕੇ ਉਸ ਨੇ ਆਕਾਸ਼ਦੀਪ ਨੂੰ ਦੋ ਮਹੀਨੇ ਲਈ ਤਨਖ਼ਾਹ ’ਤੇ ਆਪਣੇ ਨਾਲ ਰੱਖਿਆ ਹੋਇਆ ਸੀ। ਅੱਜ ਉਹ ਪੰਜ ਜਣੇ ਵਿਆਹ ਦੇ ਕੰਮ ਮੁਕਾ ਰਹੇ ਸਨ, ਜਦੋਂ ਉਹ ਕੰਬੋਜ ਨਗਰ ਸਥਿਤ ਗੁਰਦੁਆਰੇ ਦੇ ਸਾਹਮਣੇ ਪਹੁੰਚੇ ਤਾਂ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਛੇ ਹਮਲਾਵਰਾਂ ਨੇ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਫ਼ਰਾਰ ਹੋ ਗਏ। ਵਾਰਦਾਤ ਤੋਂ ਤੁਰੰਤ ਬਾਅਦ ਕੁਝ ਲੋਕਾਂ ਨੇ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟਾਂ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਗੋਲੀਬਾਰੀ ਸਬੰਧੀ ਤਿੰਨ ਮਸ਼ਕੂਕ ਇੱਕ ਥਾਂ ’ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ।