For the best experience, open
https://m.punjabitribuneonline.com
on your mobile browser.
Advertisement

ਕਿੱਕਰਾਂ ਦੇ ਕੰਡਿਆਂ ਜਿਹੇ ਅਹਿਸਾਸ ਮੇਰੀ ਲਿਖਤ ਦਾ ਆਧਾਰ

08:14 AM Oct 29, 2023 IST
ਕਿੱਕਰਾਂ ਦੇ ਕੰਡਿਆਂ ਜਿਹੇ ਅਹਿਸਾਸ ਮੇਰੀ ਲਿਖਤ ਦਾ ਆਧਾਰ
Advertisement

ਵਾਹਿਦ

Advertisement

ਸੁਖ਼ਨ ਭੋਇੰ 33

2016 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪਹਿਲਾ ਯੁਵਾ ਸਾਹਿਤ ਉਤਸਵ ਸੀ। ਮੁੱਖ ਭਾਸ਼ਣ ਡਾ. ਰਾਜੇਸ਼ ਸ਼ਰਮਾ ਦਾ ਸੀ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਨੌਜੁਆਨ ਲੇਖਕਾਂ ਨੂੰ ਮੁਖਾਤਬਿ ਹੁੰਦਿਆਂ ਕਿਹਾ ਕਿ ਜਦ ਸਾਡੇ ਕੋਲ ਸਾਹਿਤ ਦੀ ਬੇਹੱਦ ਅਮੀਰ ਪਰੰਪਰਾ ਹੈ; ਕਿੱਸਾ ਸਾਹਿਤ, ਗੁਰੂ ਸਾਹਿਬਾਨ, ਸੂਫ਼ੀ ਕਵੀਆਂ, ਕਿੱਸਾਕਾਰਾਂ, ਆਧੁਨਿਕ ਲੇਖਕਾਂ ਜਾਂ ਦੁਨੀਆ ਭਰ ਦੇ ਮਹਾਨ ਲੇਖਕਾਂ ਦੀਆਂ ਲਿਖਤਾਂ ਮੌਜੂਦ ਹਨ ਤਾਂ ਤੁਹਾਨੂੰ ਨਵਿਆਂ ਨੂੰ ਕੋਈ ਕਿਉਂ ਪੜ੍ਹੇ? ਇਹ ਬੜਾ ਤਿੱਖਾ ਤੇ ਸਪੱਸ਼ਟ ਸਵਾਲ ਸੀ ਅਤੇ ਅੱਜ ਦੇ ਨਵੇਂ ਲੇਖਕਾਂ ਲਈ ਬੇਹੱਦ ਜ਼ਰੂਰੀ ਵੀ। ਉਦੋਂ ਤੋਂ ਅੱਜ ਤੱਕ ਮੈਂ ਇਸ ਸਵਾਲ ਨਾਲ ਨਿਰੰਤਰ ਦੋ ਚਾਰ ਹੁੰਦਾ ਆ ਰਿਹਾ ਹਾਂ। ਇਸ ਸਵਾਲ ਦੇ ਜੁਆਬ ਵਿਚ ਲੇਖਕ ਦੀ ਜ਼ਿੰਮੇਵਾਰੀ, ਜਵਾਬਦੇਹੀ, ਉਸ ਦੇ ਲਿਖਣ ਦਾ ਮਕਸਦ, ਆਪਣੀ ਭਾਸ਼ਾ ਤੇ ਸਾਹਿਤਕ ਪਰੰਪਰਾ ਨਾਲ ਰਿਸ਼ਤਾ ਅਤੇ ਸਵੈ-ਮੁਲਾਂਕਣ ਜਿਹੇ ਨੁਕਤੇ ਜ਼ਾਹਿਰ ਹੁੰਦੇ ਹਨ। ਇਸ ਸਵਾਲ ਦਾ ਜਵਾਬ ਲੱਭਣਾ ਆਪਣੀ ਸਿਰਜਣਾ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਦੀ ਤਲਾਸ਼ ਕਰਨਾ ਹੈ। ਇਸ ਸਵਾਲ ਦੇ ਹਵਾਲੇ ਨਾਲ ਮੈਂ ਆਪਣੇ ਆਪ ਅਤੇ ਆਪਣੀਆਂ ਲਿਖਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।
ਮੈਨੂੰ ਸਿੱਧੇ ਤੌਰ ’ਤੇ ਗ਼ਜ਼ਲ/ਕਵਿਤਾ ਨਾਲ ਜੁੜਿਆਂ ਲਗਭਗ ਡੇਢ ਕੁ ਦਹਾਕਾ ਹੋਣ ਵਾਲਾ ਹੈ। ਮੇਰਾ ਪਰਿਵਾਰਕ ਪਿਛੋਕੜ ਜਾਂ ਘਰ ਦਾ ਮਾਹੌਲ ਦੂਰ ਦੂਰ ਤੱਕ ਵੀ ਸਾਹਿਤਕ ਨਹੀਂ ਸੀ। ਪੁਰਖਿਆਂ ਤੋਂ ਲੈ ਕੇ ਮੇਰੇ ਮਾਪਿਆਂ ਤੱਕ ਲਈ ਕਾਲਾ ਅੱਖਰ ਵਿਹੁ ਵਰਗਾ ਵਾਲੀ ਕਹਾਵਤ ਪੂਰੀ ਢੁੱਕਦੀ ਸੀ। ਫੇਰ ਮੇਰੇ ਸਾਹਿਤ ਨਾਲ ਜੁੜਨ ਦੇ ਕੀ ਕਾਰਨ ਹੋ ਸਕਦੇ ਹਨ? ਪਛਾਣਾਂ ਦੀ ਸਮਾਜਿਕ ਦਰਜਾਬੰਦੀ ਵਿਚ ਨਿਮਨ ਦਰਜੇ ਦੀ ਪਛਾਣ, ਅਤਿ ਦੀ ਗ਼ਰੀਬੀ ਅਤੇ ਘਰੇਲੂ ਹਿੰਸਾ ਨਾਲ ਗੜੁੱਚ ਪਰਿਵਾਰਕ ਮਾਹੌਲ ਮਨ ’ਤੇ ਪਹਾੜੀ ਕਿੱਕਰਾਂ ਦੇ ਕੰਡਿਆਂ ਵਾਂਗ ਅੱਜ ਵੀ ਪੁੜੇ ਪਏ ਹਨ। ਐਸੀ ਪਰਵਰਿਸ਼ ਪਾ ਕੇ ਮੈਂ ਸਾਹਿਤ ਨਾਲ ਕਿਵੇਂ ਜੁੜ ਗਿਆ? ਬਚਪਨ ਦੇ ਕਿਹੜੇ ਕਾਰਨ ਰਹੇ ਹੋਣਗੇ? ਆਪਣੀ ਸਮਝ ਤੇ ਸਮਰੱਥਾ ਮੂਜਬ ਕੁਝ ਕੁ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਕਾਰਨਾਂ ਦੀ ਤਲਾਸ਼ ਵਿਚ ਮੇਰੀ ਭਾਵੁਕਤਾ ਦਾ ਦਖ਼ਲ ਵਧੇਰੇ ਹੋ ਸਕਦਾ ਹੈ ਤੇ ਅੰਤਰਮੁਖਤਾ ਭਾਰੂ ਹੋ ਸਕਦੀ ਹੈ ਕਿਉਂਕਿ ਇਹ ਆਪਣੇ ਅਤੀਤ ਨੂੰ ਦੁਬਾਰਾ ਜਿਊਣ ਜਾਂ ਫਿਰ ਭੋਗਣ ਜਿਹਾ ਹੈ। ਫਿਰ ਵੀ ਇਕ ਸੰਤੁਲਿਤ ਪਹੁੰਚ ਰੱਖਣ ਦੀ ਕੋਸ਼ਿਸ਼ ਕੀਤੀ ਹੈ।

ਮੈਂ ਕਿਉਂ ਲਿਖਦਾ ਹਾਂ? ਇਸ ਦਾ ਜਵਾਬ ਮੈਂ ਆਪਣੀ ਜਾਤੀ-ਜਮਾਤੀ ਅਤੇ ਸਮਾਜ-ਸਭਿਆਚਾਰਕ ਦਰਜਾਬੰਦੀ ਵਿਚ ਤੈਅਸ਼ੁਦਾ ਆਪਣੇ ਸਥਾਨ ਤੇ ਆਪਣੀ ਪਛਾਣ ਵਿੱਚੋਂ ਲੱਭਦਾ ਹਾਂ। ਸਮਾਜ-ਸਭਿਆਚਾਰਕ ਦਰਜਾਬੰਦੀ ਵਿਚ ਨਿਮਨ ਦਰਜੇ ਦੀ ਪਛਾਣ ਜਨਮ ਨਾਲ ਹੀ ਗੁੜ੍ਹਤੀ ਤੋਂ ਪਹਿਲਾਂ ਮਿਲ ਗਈ। ਅਜਿਹੀ ਸਮਾਜਿਕ ਪਛਾਣ ਜੋ ਇਕ ਸੰਗੀਨ ਗਾਲ੍ਹ ਦੀ ਸਮਾਨਾਰਥੀ ਜਾਪਦੀ ਹੈ। ਅਜਿਹੀ ਪਛਾਣ ਦੇ ਨਾਲ-ਨਾਲ ਵਿਰਾਸਤ ਵਿਚ ਮਿਲੀ ਗ਼ਰੀਬੀ ਤੇ ਘਰੇਲੂ ਹਿੰਸਾ ਵਾਲਾ ਪਰਿਵਾਰਕ ਮਾਹੌਲ ਸਥਿਤੀ ਨੂੰ ਹੋਰ ਗੰਭੀਰ ਬਣਾਉਂਦਾ ਹੈ। ਇਹ ਤਿੰਨ ਚੀਜ਼ਾਂ ਮੇਰੇ ਬਚਪਨ ਦਾ ਗ੍ਰਹਿਣ ਹਨ। ਸਮਾਜਿਕ ਦਰਜਾਬੰਦੀ ਦੀਆਂ ਪਛਾਣਾਂ ਤੋਂ ਪਾਰ ਜਾਣ ਦਾ ਕੋਈ ਰਾਹ ਨਹੀਂ। ਇਹ ਜਨਮ ਨਾਲ ਜੁੜੀਆਂ ਨੇ। ਅਜਿਹੀ ਸਥਿਤੀ ਵਿਚ ਅੰਦਰੇ-ਅੰਦਰ ਗੁੱਸਾ ਤੇ ਨਾਰਾਜ਼ਗੀ ਪੈਦਾ ਹੋਈ। ਹਰ ਤਰ੍ਹਾਂ ਦੀ ਸਥਾਪਤੀ, ਮਾਨਤਾ ਪ੍ਰਾਪਤ ਸਭ ਪਛਾਣਾਂ ਨੂੰ ਢਾਹ ਦੇਣ ਦੀ ਚਾਹਤ ਮਨ ’ਚ ਪਲਣ ਲੱਗੀ। ਇਹ ਸਭ ਏਨਾ ਸੌਖਾ ਨਹੀਂ ਜਿੰਨਾ ਸੌਖਾ ਬਚਪਨ ਵਿਚ ਟੀਵੀ ’ਤੇ ਵੇਖਦੇ ਸਾਂ। ਜਿਵੇਂ ਜਿਵੇਂ ਸੁਰਤ ਸੰਭਲਦੀ ਗਈ ਪਛਾਣ ਦਾ ਮਸਲਾ ਤੇ ਗ਼ਰੀਬੀ ਦਾ ਨਾਸੂਰ ਹੋਰ ਵਧਦਾ ਗਿਆ। ਸਨਮਾਨਯੋਗ ਸਮਾਜਿਕ ਪਛਾਣ ਵਿਚ ਗ਼ਰੀਬੀ ਸਵੈ-ਮਾਣ ਤੇ ਸਤਿਕਾਰ ਨਾਲ ਕੱਟੀ ਜਾ ਸਕਦੀ ਹੈ ਪਰ ਨਿਮਨ ਦਰਜੇ ਦੀ ਪਛਾਣ ਨਾਲ ਗ਼ਰੀਬੀ ਆਤਮ-ਵਿਸ਼ਵਾਸ, ਗੌਰਵ ਅਤੇ ਇੱਜ਼ਤ ਦੇ ਚੀਥੜੇ ਉਡਾ ਦਿੰਦੀ ਹੈ। ਅਜਿਹੀਆਂ ਪਛਾਣਾਂ ਨਾਲ ਸੰਬੰਧਤ ਗ਼ਰੀਬ ਧਿਰਾਂ ਦੀ ਗ਼ਰੀਬੀ ਦੂਰ ਕਰਨ ਦਾ ਮਾਨਤਾ ਪ੍ਰਾਪਤ ਜ਼ਰੀਆ ਸਿੱਖਿਆ ਨੂੰ ਮੰਨਿਆ ਜਾਂਦਾ ਹੈ। ਪਰ ਸਿੱਖਿਆ ਨਾਲ ਕੁਝ ਹੱਦ ਤੱਕ ਗ਼ਰੀਬੀ ਤਾਂ ਦੂਰ ਹੋ ਸਕਦੀ ਹੈ ਪਛਾਣਾਂ ਨਹੀਂ ਬਦਲੀਆਂ ਜਾ ਸਕਦੀਆਂ। ਸਿੱਖਿਆ ਦੇ ਮਾਮਲੇ ਵਿਚ ਪੁਰਖਿਆਂ ਤੋਂ ਲੈ ਕੇ ਮਾਪਿਆਂ ਤੱਕ ਦਾ ਸਿੱਖਿਆ ਨਾਲ ਕੋਈ ਵਾਸਤਾ ਨਹੀਂ ਸੀ। ਅਜਿਹੇ ਹਾਲਾਤ ਵਿਚ ਪੜ੍ਹ ਲਿਖ ਕੇ ਪੂਰੇ ਪਰਿਵਾਰ ਦੀ ਗ਼ਰੀਬੀ ਦਾ ਫ਼ਸਤਾ ਵੱਢਣ ਦੀ ਜ਼ਿੰਮੇਵਾਰੀ ਮੇਰੇ ’ਤੇ ਆ ਪਈ। ਮੈਂ ਭੈਣ ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ। ਸਰਦੇ ਪੁੱਜਦੇ ਘਰਾਂ ਦੇ ਜੇਠੇ ਪੁੱਤਰਾਂ ਨੂੰ ਵਿਰਾਸਤਾਂ ਵਿਚ ਜਾਇਦਾਦਾਂ ਮਿਲਦੀਆਂ ਨੇ ਤੇ ਸਾਡੇ ਵਰਗਿਆਂ ਨੂੰ ਵਿਆਜ-ਦਰ-ਵਿਆਜ ਸਮੇਤ ਕਰਜ਼ੇ। ਐਸੀ ਸਥਿਤੀ ਵਿਚੋਂ ਨਿਕਲਣ ਦਾ ਇਕਮਾਤਰ ਰਾਹ ਸਿੱਖਿਆ ਹੀ ਸੀ। ਸੋ ਮੁੱਢਲੀ ਸਿੱਖਿਆ ਨਾਨਕੇ ਘਰ ਸ਼ੁਰੂ ਕੀਤੀ। ਉੱਥੇ ਮਾਹੌਲ ਕੁਝ ਸੁਖਾਵਾਂ ਜ਼ਰੂਰ ਸੀ ਪਰ ਮੈਨੂੰ ਉੱਥੇ ਦੂਜੇ ਨੰਬਰ ਦੇ ਨਾਗਰਿਕ ਜਿਹਾ ਅਹਿਸਾਸ ਹੁੰਦਾ। ਅੱਜ ਜਦ ਸੋਚਦਾ ਹਾਂ ਤਾਂ ਉਹ ਸਮਾਂ ਮੇਰੇ ਲਈ ‘ਬਾਰ ਪਰਾਏ ਬੈਸਣ’ ਵਰਗਾ ਸੀ ਜਿੱਥੇ ਆਤਮ-ਸਨਮਾਨ ਅਤੇ ਆਤਮ-ਵਿਸ਼ਵਾਸ ਸਭ ਤੋਂ ਪਹਿਲਾਂ ਦਰੜੇ ਜਾਂਦੇ ਨੇ। ਅਜਿਹਾ ਨਹੀਂ ਕਿ ਮੇਰੇ ਨਾਲ ਕੋਈ ਜ਼ਿਆਦਾ ਹੀ ਮਾੜਾ ਸਲੂਕ ਹੁੰਦਾ ਸੀ ਜਾਂ ਨਾਨਕਾ ਪਰਿਵਾਰ ਮੇਰੇ ਨਾਲ ਕੋਈ ਖ਼ਾਸ ਦਰਿਆਂਤ ਕਰਦਾ ਸੀ। ਮੇਰੇ ਹੀ ਮਨ ਵਿਚ ਸਵਾਲ ਉੱਠਦੇ ਸਨ ਕਿ ਮੈਂ ਆਪਣੇ ਹੀ ਘਰ ਵਿਚ ਬਾਕੀ ਬੱਚਿਆਂ ਵਾਂਗ ਕਿਉਂ ਨਹੀਂ ਪੜ੍ਹ ਸਕਦਾ ਜਾਂ ਮੈਂ ਘਰ ਦੇ ਪਿਆਰ ਤੋਂ ਕਿਉਂ ਵਿਰਵਾ ਹਾਂ? ਦੜ ਵੱਟ ਜ਼ਮਾਨਾ ਕੱਟ ਵਾਲਾ ਹੁਨਰ ਮੈਨੂੰ ਉਦੋਂ ਤੋਂ ਹੀ ਨਹੀਂ ਆਇਆ। ਬੇਕਾਬੂ ਗੁੱਸਾ, ਹਾਣੀਆਂ ਨਾਲ ਮਾਰ-ਕੁੱਟ, ਝਗੜਾ, ਢੀਠ ਰਵੱਈਆ- ਇਕ ਬਦਤਮੀਜ਼ ਵਿਅਕਤੀ ਵਾਲੇ ਸਾਰੇ ਗੁਣ ਉਨ੍ਹਾਂ ਦਿਨਾਂ ਵਿਚ ਆ ਗਏ ਸਨ। ਐਸੇ ਵਿਚ ਜਲਦੀ ਹੀ ਮੈਨੂੰ ਵਾਪਸ ਪਿੰਡ ਭੇਜ ਦਿੱਤਾ ਗਿਆ। ਨਾਨਕੇ ਘਰ ਰਹਿੰਦਿਆਂ ਤਿੰਨ ਚੀਜ਼ਾਂ ਨੇ ਬੇਹੱਦ ਪ੍ਰਭਾਵਿਤ ਕੀਤਾ: ਇਕ ਖ਼ਤਾਂ ਵਿਚ ਲਿਖੇ ਜਾਂਦੇ ਸ਼ਿਅਰ; ਦੂਜਾ ਮਹਾਭਾਰਤ ਜੋ ਉਨ੍ਹਾਂ ਦਿਨਾਂ ਵਿਚ ਟੀ.ਵੀ. ’ਤੇ ਪ੍ਰਸਾਰਿਤ ਹੁੰਦੀ ਸੀ; ਤੀਜਾ ਟੀ.ਵੀ. ਜੋ ਪਛਾਣ ਦੀਆਂ ਨਵੀਆਂ ਤੇ ਰੂਮਾਂਟਿਕ ਹਕੀਕਤਾਂ ਘੜ ਰਿਹਾ ਸੀ। ਪਿੰਡ ਆ ਕੇ ਪੰਜਵੀਂ ਤੋਂ ਅਗਲੀ ਪੜ੍ਹਾਈ ਜਾਰੀ ਰੱਖਣ ਲਈ ਮੈਨੂੰ ਘਰ ਦਾ ਤੋਰਾ-ਤੋਰਨ ਵਿਚ ਹੱਥ ਵਟਾਉਣਾ ਪੈਣਾ ਸੀ। ਸੋ ਬਾਲ ਮਜ਼ਦੂਰੀ ਦੀ ਪੰਜਾਲੀ ਗਲ਼ ਆ ਪਈ। ਮੈਨੂੰ ਆਪਣੇ ਪਿਓ ਦੀ ਉਮਰ ਦੇ ਬੰਦਿਆਂ ਨਾਲ ਦਿਹਾੜੀ ਕਰਨੀ ਪੈਂਦੀ ਸੀ। ਬਚਪਨ ਵਿਚਲੀ ਮਾਸੂਮੀਅਤ ਮਾਣਨ ਨੂੰ ਮਿਲੀ ਹੀ ਨਹੀਂ। ਮਜਬੂਰੀ ਵਿਚ ਬਹੁਤ ਜਲਦੀ ਜਲਦੀ ਵੱਡਾ ਹੋਣਾ ਪਿਆ। ਸ਼ਾਇਦ ਇਨ੍ਹਾਂ ਦਿਨਾਂ ਦਾ ਹੱਡੀਂ ਹੰਢਾਇਆ ਤਜਰਬਾ ਹੈ ਜੋ ਇਕ ਗ਼ਜ਼ਲ ਵਿਚ ਆਇਆ ਕਿ:
ਇਨ੍ਹਾਂ ਨੇ ਸਿਰ ’ਤੇ ਕਿੰਨਿਆਂ ਹੀ ਘਰਾਂ ਦੇ ਭਾਰ ਢੋਏ ਨੇ।
ਇਹ ਛੋਟੇ ਕੱਦ ਤੇ ਜੁੱਸੇ ਨਾ ਇਉਂ ਕਮਜ਼ੋਰ ਹੋਏ ਨੇ।

ਜ਼ਰਾ ਵੀ ਸੁਰਤ ਨਾ ਜਿਸ ਨੂੰ ਅਜੇ ਮੂੰਹ ਸਿਰ ਸੰਵਾਰਨ ਦੀ,
ਉਹ ਬੱਚੇ ਨੇ ਮਗਰ ਢਾਬੇ ਦੇ ਬਰਤਨ ਖ਼ੂਬ ਧੋਏ ਨੇ।

ਇਹ ਬੱਚੇ ਪਹਨਿਦੇ ਨੇ ਕੱਪੜੇ ਆਪਣੇ ਬਜ਼ੁਰਗਾਂ ਦੇ,
ਨਿਆਣੀ ਉਮਰ ਵਿਚ ਬੱਚੇ ਵੀ ਕਿੰਨੇ ਵੱਡੇ ਹੋਏ ਨੇ।

ਇਨ੍ਹਾਂ ਦੇ ਨਾਮ ਅਕਸਰ ਹੁੰਦੇ ਚੀਜ਼ਾਂ ਵਸਤੂਆਂ ਵਾਲੇ,
ਇਨ੍ਹਾਂ ਨੇ ਫਿਰ ਵੀ ਬਿਹਤਰ ਜਿਊਣ ਦੇ ਸੁਪਨੇ ਸੰਜੋਏ ਨੇ।

ਜਨਿ੍ਹਾਂ ਨੂੰ ਢਿੱਡ ਬੰਨ੍ਹ ਕੇ ਜਿਊਣ ਦਾ ਔਖਾ ਹੁਨਰ ਆਉਂਦੈ,
ਬਹੁਤ ਮਾਫ਼ਕ ਹਰ ਇਕ ਹਾਲਾਤ ਨੂੰ ਉਹ ਲੋਕ ਹੋਏ ਨੇ।
ਫਿਰ ਛੇਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਕਰਦਿਆਂ ਫ਼ੌਜ ਵਿਚ ਜਾਣ ਦਾ ਸੁਪਨਾ ਦੇਖਿਆ। ਆਪਣੇ ਸਰੀਰ ਤੇ ਮਨ ਨੂੰ ਫ਼ੌਜ ਦੇ ਹਿਸਾਬ ਨਾਲ ਡੌਲਣਾ ਸ਼ੁਰੂ ਕੀਤਾ। ਭਰਤੀਆਂ ਦੇਖਣੀਆਂ ਸ਼ੁਰੂ ਕੀਤੀਆਂ। ਪਰਿਵਾਰ ਨੂੰ ਇਕ ਉਮੀਦ ਜਾਗੀ ਕਿ ਸ਼ਾਇਦ ਇਹ ਸਾਡੀ ਗ਼ਰੀਬੀ ਦੂਰ ਕਰ ਦੇਵੇਗਾ ਪਰ ਇਕ ਸੜਕ ਹਾਦਸੇ ਨੇ ਸਭ ਕੁਝ ਬਦਲ ਦਿੱਤਾ। ਇਹ ਉਹ ਬਿੰਦੂ ਸੀ ਜਿੱਥੇ ਬਚਪਨ ਤੋਂ ਪਲ ਰਿਹਾ ਗੁੱਸਾ, ਨਾਰਾਜ਼ਗੀ ਤੇ ਤਾਜ਼ੇ ਤਾਜ਼ੇ ਢਹਿ ਢੇਰੀ ਹੋਏ ਮੇਰੇ ਅਤੇ ਪਰਿਵਾਰ ਦੇ ਸੁਪਨੇ, ਚਾਅ, ਉਮੀਦਾਂ ਮੈਨੂੰ ਆਤਮ-ਘਾਤ ਵੱਲ ਲਿਜਾ ਸਕਦੇ ਸਨ। ਸ਼ੁਭ ਸ਼ਗਨ ਕਿ ਐਨ ਏਸ ਮੌਕੇ ਸਾਹਿਤ ਨਾਲ ਜੁੜਨ ਦਾ ਸਬਬ ਬਣ ਗਿਆ। ਬਚਪਨ ਤੋਂ ਹੰਢਾਈਆਂ ਤਲਖ਼ ਹਕੀਕਤਾਂ, ਮਹਿਰੂਮੀਅਤ, ਤੰਗੀਆਂ-ਤੁਰਸ਼ੀਆਂ, ਸ਼ਿਕਾਇਤਾਂ ਚੜ੍ਹਦੀ ਕਲਾ ਵਿਚ ਵਟ ਕੇ ਦੁਨੀਆ ਨੂੰ ਸਮਝਣ ਦਾ ਆਧਾਰ ਬਣਨ ਲੱਗੀਆਂ। ਜ਼ਿੰਦਗੀ ਨੇ ਮੁੜ ਸਨਮਾਨਯੋਗ ਵੱਖਰੀ ਪਛਾਣ ਸਥਾਪਤ ਕਰਨ ਦਾ ਸੁਪਨਾ ਸਜਾਇਆ। ਸਮਾਜ ਵਿਚ ਸਨਮਾਨਯੋਗ ਪਛਾਣ ਤੇ ਬਰਾਬਰੀ ਨਾਲ ਜਿਊਣਾ, ਸ਼ਾਇਦ ਮੇਰੇ ਸਾਹਿਤ ਨਾਲ ਜੁੜਨ ਦੇ ਬਾਕੀ ਕਾਰਨਾਂ ਵਿਚੋਂ ਇਕ ਬੁਨਿਆਦੀ ਕਾਰਨ ਹੈ। ਸ਼ੁਰੂ ਵਿਚ ਸਿੱਖਿਆ ਆਪਣੀ ਸਨਮਾਨਯੋਗ ਪਛਾਣ ਬਣਾਉਣ, ਗੌਰਵ ਅਤੇ ਬਰਾਬਰੀ ਆਦਿ ਹਾਸਿਲ ਕਰਨ ਦਾ ਜ਼ਰੀਆ ਜਾਪਦੀ ਸੀ। ਯੂਨੀਵਰਸਿਟੀ ਪੜ੍ਹਦਿਆਂ ਇਹ ਭਰਮ ਵੀ ਟੁੱਟ ਗਿਆ ਜਦੋਂ ਆਪਣੀ ਸਮਾਜਿਕ ਪਛਾਣ ਕਰਕੇ ਸਭ ਕੁਝ ਹੁੰਦਿਆਂ ਵੀ ਆਪਣੇ ਸੁਪਨੇ, ਚਾਹਤਾਂ ਚੂਰ ਹੁੰਦੇ ਦੇਖੇ। ਉਦੋਂ ਪਤਾ ਲੱਗਿਆ ਕਿ ਸਿੱਖਿਆ ਅਤੇ ਸਿਰਜਣਾ ਵੀ ਪਛਾਣਾਂ ਤੋਂ ਪਾਰ ਜਾਣ ਦਾ ਰਾਹ ਨਹੀਂ ਹਨ। ਉਲਟਾ ਸਾਡੇ ਤਾਂ ਸਿਰਜਕ ਦੀ ਪਛਾਣ ਅਤੇ ਉਸ ਦੀ ਸਮਾਜਿਕ ਸਥਿਤੀ ਤੋਂ ਉਸ ਦੀ ਸਿਰਜਣਾ ਦਾ ਮੁੱਲ ਤੇ ਸਥਾਨ ਤੈਅ ਹੁੰਦਾ ਹੈ। ਇਹ ਸਾਡੇ ਸਾਹਿਤ ਵਿਚ ਵਰਣ ਵੰਡ ਨਾਲੋਂ ਵੀ ਕਿਤੇ ਸੂਖ਼ਮ ਤੇ ਖ਼ਤਰਨਾਕ ਵਰਤਾਰਾ ਹੈ ਜਿਸਦਾ ਸਰਾਪ ਕਿੰਨੇ ਹੀ ਉੱਚ ਕੋਟੀ ਦੇ ਲੇਖਕ ਭੋਗ ਰਹੇ ਹਨ। ਅਣਮਨੁੱਖੀ ਵਰਤਾਰਿਆਂ ਦੇ ਖੰਡਨ, ਮਨੁੱਖੀ ਬਰਾਬਰੀ ਜਾਂ ਗ਼ੈਰ-ਮਨੁੱਖੀ ਵਰਤਾਰਿਆਂ ਨੂੰ ਸਵਾਲ ਕਰਨ ਲਈ ਸਾਹਿਤ ਜਾਂ ਕਲਾ ਤੋਂ ਬਿਹਤਰ ਕੋਈ ਹੋਰ ਜ਼ਰੀਆ ਨਹੀਂ ਹੈ ਭਾਵੇਂ ਸਾਡਾ ਸਾਹਿਤ ਅੱਜ ਆਪ ਬਹੁਤੇ ਸਾਹਿਤਕਾਰਾਂ ਦੇ ਨਿੱਜੀ ਹਿਤਾਂ ਲਈ ਬਲੀ ਦਾ ਬੱਕਰਾ ਬਣਿਆ ਹੋਇਆ ਹੈ।
ਖ਼ੈਰ! ਇਹ ਬੇਹੱਦ ਐਕਸਟਰੀਮ ਸਵੈ-ਕਥਨ ਹੋ ਸਕਦਾ ਹੈ ਜੇਕਰ ਮੈਂ ਕਹਾਂ ਕਿ ਸਿਰਜਣਾ ਨੇ ਮੈਨੂੰ ਅਪਰਾਧੀ ਹੋਣ ਤੋਂ ਬਚਾ ਰੱਖਿਆ ਹੈ ਪਰ ਸੱਚ ਇਹੋ ਹੈ। ਸਾਹਿਤ ਨਾਲ ਮੈਂ ਸਨਮਾਨ ਅਤੇ ਗੌਰਵ ਸਹਿਤ ਜਿਉਂਦੇ ਰਹਿਣ ਦੀ ਲੋੜ ਕਰਕੇ ਜੁੜਿਆ ਹਾਂ।
ਸਾਹਿਤ ਵਿਸ਼ੇਸ਼ ਕਰਕੇ ਗ਼ਜ਼ਲ ਦੁਨੀਆ ਜਹਾਨ ਨਾਲ ਜੁੜੇ ਰਹਿਣ, ਇਸ ਨੂੰ ਜਾਣਨ ਤੇ ਸਮਝਣ ਦਾ ਜ਼ਰੀਆ ਹੈ। ਇਸ ਵਿਚ ਆਪਣੀਆਂ ਨਾਕਾਮੀਆਂ ਨੂੰ ਪ੍ਰਾਪਤੀਆਂ ਵਿਚ ਬਦਲਣ ਦੀ ਖ਼ੁਆਹਿਸ਼ ਵੀ ਸ਼ਾਮਲ ਹੈ। ਇਹ ਮੁਨੱਖੀ ਸੰਵੇਦਨਾ ਨੂੰ ਬਚਾਈ ਰੱਖਣ ਦਾ ਅਮਲ ਹੈ। ਆਪਣੇ ਅੰਦਰਲੇ ਮਨੁੱਖ ਨੂੰ ਬਚਾਈ ਰੱਖਣ ਵਿਚ ਸਾਹਿਤ ਦੀ ਅਹਿਮ ਭੂਮਿਕਾ ਹੈ। ਮੇਰੇ ਕੋਲ ਬਚਪਨ ਤੋਂ ਪੈਦਾ ਹੋਏ ਸਵਾਲਾਂ ਨੂੰ ਸਮਾਜ ਸਾਹਮਣੇ ਰੱਖਣ ਦਾ ਸਾਹਿਤ ਜਾਂ ਕਲਾ ਤੋਂ ਬਿਹਤਰ ਹੋਰ ਕੋਈ ਮਾਧਿਅਮ ਨਹੀਂ ਹੈ।
ਅਗਲਾ ਨੁਕਤਾ ਸਿਰਜਣ ਪ੍ਰਕਿਰਿਆ ਦਾ ਹੈ। ਮੈਂ ਲਿਖਦਾ ਕਿਵੇਂ ਹਾਂ? ਮੇਰੀ ਸਮਝ ਮੁਤਾਬਿਕ ਸਿਰਜਣਾ ਅਚੇਤ ਅਤੇ ਸੁਚੇਤ ਦਾ ਸੁਮੇਲ ਹੈ। ਇਸ ਦੇ ਦੋ ਪੱਖ ਹਨ। ਇਕ ਅਚਨਚੇਤ ਤੇ ਸੁਭਾਵਿਕ ਵਾਪਰਦਾ ਹੈ ਜਿਵੇਂ ਕਿਸੇ ਖ਼ਿਆਲ ਜਾਂ ਵਿਚਾਰ ਦਾ ਅਹੁੜਨਾ। ਦੂਜਾ ਸੁਚੇਤ ਕਾਰਜ ਹੈ ਜਿਸ ਵਿਚ ਖ਼ਿਆਲ ਦੀ ਪੇਸ਼ਕਾਰੀ ਆਉਂਦੀ ਹੈ। ਮੈਨੂੰ ਲਿਖਣ ਲਈ ਕਿਸੇ ਖ਼ਾਸ ਮਾਹੌਲ, ਸਮੇਂ ਜਾਂ ਸਥਾਨ ਦੀ ਲੋੜ ਨਹੀਂ ਪੈਂਦੀ। ਬਸ ਮਨ ਦਾ ਪੋਇਟਿਕ ਜ਼ੋਨ ਵਿਚ ਹੋਣਾ ਜ਼ਰੂਰੀ ਹੈ, ਸਮਾਂ ਸਥਾਨ ਕੋਈ ਵੀ ਹੋਵੇ ਕੋਈ ਫ਼ਰਕ ਨਹੀਂ ਪੈਂਦਾ। ਲਿਖਣ ਦੇ ਪਲਾਂ ਦੌਰਾਨ ਮਾਨਸਿਕ ਤੌਰ ’ਤੇ ਉਪਭਾਵੁਕ ਅਤੇ ਇਕਪਾਸੜ ਹੋਣ ਤੋਂ ਸੁਚੇਤ ਰਹਿੰਦਾ ਹਾਂ। ਮੇਰਾ ਨਿੱਜੀ ਤਜਰਬਾ ਹੈ ਕਿ ਜਦ ਮਨ ਵਿਚ ਭਾਵਾਂ ਦਾ ਵਹਾਅ ਬਹੁਤ ਪ੍ਰਚੰਡ ਹੁੰਦਾ ਹੈ ਉਦੋਂ ਉੱਤਮ ਦਰਜੇ ਦੀ ਰਚਨਾ ਮੇਰੇ ਤੋਂ ਨਹੀਂ ਹੋਈ। ਚੰਗੀ ਰਚਨਾ ਉਦੋਂ ਹੀ ਹੋ ਸਕੀ ਹੈ ਜਦੋਂ ਮਨ ਵਿਚ ਨਿਡਰਤਾ, ਇਮਾਨਦਾਰੀ, ਸੱਚਾਈ, ਤਵਾਜ਼ਨ ਅਤੇ ਟਿਕਾਅ ਹੋਵੇ। ਮੇਰੀ ਕੋਸ਼ਿਸ਼ ਹੁੰਦੀ ਹੈ ਵਿਚਾਰ, ਭਾਵ, ਭਾਸ਼ਾ ਅਤੇ ਸਭ ਤੋਂ ਅਹਿਮ ਆਪਣੇ ਮਨ ਅਤੇ ਆਪਣੇ ਆਪ ਨੂੰ ਹਾਵੀ ਨਾ ਹੋਣ ਦਿੱਤਾ ਜਾਵੇ। ਸਹਿਜ ਮਾਨਸਿਕ ਸਥਿਤੀ ਵਿਚ ਚੌਕੰਨਾ ਰਿਹਾ ਜਾਵੇ। ਮੈਂ ਜ਼ਿਆਦਾਤਰ ਸਫ਼ਰ ਕਰਦਿਆਂ ਲਿਖਿਆ ਹੈ। ਬਹੁਤੀ ਵਾਰ ਆਪਣੇ ਦੋਸਤਾਂ ਦੀ ਮੌਜੂਦਗੀ ਵਿਚ। ਕੋਰੋਨਾ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਦੇ ਸੰਗ ਸਾਥ ਵਿਚ ਲਿਖਿਆ ਹੈ ਪਰ ਰਚਨਾ ਨੂੰ ਅੰਤਿਮ ਰੂਪ ਦੇਣ ਲੱਗਿਆਂ ਜ਼ਰੂਰ ਇਕੱਲੇ ਹੋਣ ਦੀ ਲੋੜ ਮਹਿਸੂਸ ਹੁੰਦੀ ਹੈ। ਮੇਰਾ ਇਹ ਮੰਨਣਾ ਹੈ ਕਿ ਬੇਸ਼ੱਕ ਸਿਰਜਣਾ ਇਕ ਬੰਦੇ ਦੇ ਨਾਮ ਨਾਲ ਜਾਣੀ ਜਾਂਦੀ ਹੈ ਪਰ ਉਸ ਦੀ ਸਿਰਜਣ ਪ੍ਰਕਿਰਿਆ ਵਿਚ ਬਹੁਤ ਵਿਅਕਤੀਆਂ ਦਾ ਯੋਗਦਾਨ ਹੁੰਦਾ ਹੈ ਜਿਵੇਂ ਇਕ ਵਿਅਕਤੀ ਨੂੰ ਲੇਖਕ ਬਣਾਉਣ ਵਿਚ ਬਹੁਤ ਬੰਦਿਆਂ ਦਾ ਰੋਲ ਹੁੰਦਾ ਹੈ। ਮੇਰੇ ਲਈ ਲਿਖਣਾ ਇਕ ਸੁਚੇਤ ਕੰਮ ਹੈ। ਇਕੋ ਸ਼ਿਅਰ ਨੂੰ ਵਾਰ ਵਾਰ ਲਿਖਣਾ ਜਾਂ ਇਕ ਹੀ ਸ਼ਿਅਰ ਨੂੰ ਕਈ ਅਲੱਗ-ਅਲੱਗ ਢੰਗਾਂ ਨਾਲ ਲਿਖਣਾ ਮੇਰੀ ਆਦਤ ਹੈ। ਘੱਟ ਹੀ ਸ਼ਿਅਰ ਜਾਂ ਗ਼ਜ਼ਲਾਂ ਹੋਣਗੀਆਂ ਜੋ ਇਕੋ ਵਾਰ ਲਿਖੀਆਂ ਗਈਆਂ ਹੋਣ। ਜ਼ਿਆਦਾਤਰ ਤਾਂ ਵਾਰ-ਵਾਰ ਲਿਖ ਕੇ ਪੱਕੀਆਂ ਕੀਤੀਆਂ ਹਨ। ਆਮ ਸਮਝ ਮੁਤਾਬਿਕ ਇਹ ਮੰਨਿਆ ਜਾਂਦਾ ਹੈ ਕਿ ਕੋਈ ਖ਼ਿਆਲ ਜਿਵੇਂ ਪਹਿਲੀ ਵਾਰ ਲਿਖਿਆ ਜਾਵੇ ਉਹੀ ਕਾਵਿਕ ਹੁੰਦਾ ਦੁਬਾਰਾ-ਦੁਬਾਰਾ ਲਿਖਣ ਨਾਲ ਖ਼ਿਆਲ ਦੀ ਸੁਭਾਵਿਕਤਾ ਅਤੇ ਕਾਵਿਕਤਾ ਖ਼ਤਮ ਹੋ ਜਾਂਦੀ ਹੈ। ਮੈਂ ਇਸ ਵਿਚਾਰ ਤੋਂ ਉਲਟ ਸੋਚਦਾ ਹਾਂ। ਸਭ ਤੋਂ ਪਹਿਲਾਂ ਕਿਸੇ ਖ਼ਿਆਲ ਦੀ ਇਕ ਅੱਧ ਤੰਦ ਹੀ ਸੁਰਤੀ ਬਿਰਤੀ ਰੂਪ ਗ੍ਰਹਿਣ ਕਰਦੀ ਹੈ। ਉਹ ਵੀ ਅੱਧ-ਅਧੂਰੀ ਤੇ ਕੱਚ-ਘਰੜ ਰੂਪ ਵਿਚ। ਇਸ ਦੀ ਕਾਵਿਕ ਪੇਸ਼ਕਾਰੀ ਕਰਨਾ ਸੁਚੇਤ ਹੋ ਕੇ ਕਰਨ ਵਾਲਾ ਕੰਮ ਹੈ। ਇਕ ਇਕ ਸ਼ਬਦ ਨੂੰ ਉਸ ਦੀ ਸਹੀ ਜਗ੍ਹਾ ’ਤੇ ਰੱਖਣਾ ਮੇਰੀ ਕੋਸ਼ਿਸ਼ ਰਹਿੰਦੀ ਹੈ। ਕਿਸੇ ਖ਼ਿਆਲ/ਵਿਚਾਰ ਦਾ ਕਾਵਿਕ ਬਿੰਬ/ਪ੍ਰਤੀਕ ਵਿਚ ਆਉਣਾ ਸੁਭਾਵਿਕ ਅਤੇ ਅਚੇਤ ਪ੍ਰਕਿਰਿਆ ਹੈ। ਇਸ ਸੁਭਾਵਿਕ/ਅਚੇਤ ਆਏ ਖ਼ਿਆਲ ਨੂੰ ਹੀ ਅੰਤਿਮ ਮੰਨ ਲੈਣਾ ਸਾਹਿਤਕ ਅਵੇਸਲੇਪਣ ਜਿਹਾ ਕੰਮ ਹੈ। ਲਿਖਣ ਵੇਲੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਸ ਅਵੇਸਲੇਪਣ ਨੂੰ ਨੇੜੇ ਨਾ ਢੁੱਕਣ ਦਿੱਤਾ ਜਾਵੇ। ਇਸ ਪ੍ਰਕਿਰਿਆ ਵਿਚੋਂ ਹੀ ਰੱਦ ਕਰਨ ਦੀ ਪ੍ਰਵਿਰਤੀ ਪੈਦਾ ਹੁੰਦੀ ਹੈ। ਮੇਰਾ ਇਹ ਮੰਨਣਾ ਹੈ ਕਿ ਲੇਖਕ ਵਿਚ ਆਪਣੀ ਲਿਖਤ ਨੂੰ ਰੱਦਣ ਦਾ ਮਾਦਾ ਹੋਣਾ ਚਾਹੀਦਾ ਹੈ। ਨਹੀਂ ਤਾਂ ਬਹੁਤੀ ਵਾਰ ਇਹ ਹੁੰਦਾ ਹੈ ਕਿ ਅਸੀਂ ਆਪਣੇ ਲਿਖੇ ਨਾਲ ਭਾਵੁਕ ਹੋ ਕੇ ਮੋਹ ਪਾ ਲੈਂਦੇ ਹਾਂ। ਆਪਣੀ ਲਿਖਤ ਹੀ ਹਰਫ਼-ਏ-ਆਖ਼ਰ ਲੱਗਣ ਲੱਗਦੀ ਹੈ। ਅਜਿਹਾ ਉਦੋਂ ਹੀ ਹੁੰਦਾ ਜਦੋਂ ਅਸੀਂ ਸਵੈ-ਮੁਲਾਂਕਣ ਦੇ ਜੋਖ਼ਮ ਤੋਂ ਬਚਦੇ ਹਾਂ। ਸੁਭਾਵਿਕ ਖ਼ਿਆਲ ਨੂੰ ਹੀ ਅੰਤਿਮ ਮੰਨ ਲੈਣ ਜਾਂ ਆਪਣੇ ਲਿਖੇ ਨਾਲ ਮੋਹ ਪਾ ਲੈਣ ਨਾਲ ਅਕਸਰ ਰਚਨਾ ਆਪਾ-ਵਿਰੋਧਾਂ ਦਾ ਸੰਗ੍ਰਹਿ ਮਾਤਰ ਰਹਿ ਜਾਂਦੀ ਹੈ। ਇਸ ਲਈ ਮੇਰਾ ਮੰਨਣਾ ਹੈ ਕਿ ਲਿਖਣਾ ਇਕ ਸੁਚੇਤ ਕਾਰਜ ਹੈ। ਇਹ ਨਿਰੰਤਰ ਅਭਿਆਸ ਹੈ। ਇਸ ਦੌਰਾਨ ਲੇਖਕ ਨੂੰ ਆਪਣੇ ਆਪ ’ਤੇ ਵੀ ਤਰਸ ਨਹੀਂ ਖਾਣਾ ਚਾਹੀਦਾ।
ਅਗਲਾ ਨੁਕਤਾ ਇਹ ਹੈ ਕਿ ਅਸੀਂ ਬਹੁਤ ਗੱਲਾਂ ਨੂੰ ਸੁਭਾਵਿਕ ਮੰਨ ਲੈਂਦੇ ਹਾਂ। ਪਹਿਲਾਂ ਤੋਂ ਚੱਲੀਆਂ ਆ ਰਹੀਆਂ ਮਨੌਤਾਂ ਜਾਂ ਬਹੁਗਿਣਤੀ ਦੁਆਰਾ ਸਵੀਕਾਰੀਆਂ ਤੇ ਮੰਨੀਆਂ ਜਾਂਦੀਆਂ ਗੱਲਾਂ ਨੂੰ ਅਸੀਂ ਉਵੇਂ ਹੀ ਲਿਖਦੇ ਹਾਂ। ਪੀਠੇ ਨੂੰ ਪੀਠਣਾ ਇਸੇ ਨੂੰ ਹੀ ਕਹਿੰਦੇ ਨੇ। ਸੁਭਾਵਿਕ ਮੰਨੀਆਂ ਜਾਣ ਵਾਲੀਆਂ ਗੱਲਾਂ ਜਾਂ ਬਹੁਗਿਣਤੀ ਦੀਆਂ ਮਨੌਤਾਂ ਕਈ ਵਾਰ ਬਹੁਤ ਖ਼ਤਰਨਾਕ ਹੁੰਦੀਆਂ ਨੇ ਮਸਲਨ ਪਿਆਰ ਵਿਚ ਵਿਛੋੜਾ ਆਮ ਮਨੌਤ ਮੁਤਾਬਿਕ ਬੁਰਾ ਮੰਨਿਆ ਜਾਂਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਜਿਹੋ ਜਿਹੀ ਦੁਨੀਆ ਵਿਚ ਅਸੀਂ ਜੀਅ ਰਹੇ ਹਾਂ ਅੱਜ ਦੇ ਸਮਿਆਂ ਵਿਚ ਵਿਛੋੜਾ ਜੀਵਨ ਦਾਨ ਜ਼ਿਆਦਾ ਸਾਬਤ ਹੁੰਦਾ ਹੈ। ਸ਼ੁਰੂ-ਸ਼ੁਰੂ ਵਿਚ ਮੈਂ ਵਰਤਾਰਿਆਂ ਨੂੰ ਭਾਵੁਕ ਹੋ ਕੇ ਦੇਖਦਾ ਸੀ। ਹੌਲੀ ਹੌਲੀ ਇਹ ਮਹਿਸੂਸ ਹੋਇਆ ਕਿ ਚੰਗਾ ਲਿਖਣ ਲਈ ਬੇਹੱਦ ਤਰਕਸ਼ੀਲ ਅਤੇ ਆਲੋਚਨਾਤਮਿਕ ਹੋਣਾ ਜ਼ਰੂਰੀ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਆਪ ਜਾਂ ਸਵੈ ਨੂੰ ਆਲੋਚਨਾਤਮਿਕ ਢੰਗ ਨਾਲ ਦੇਖਣਾ ਜ਼ਰੂਰੀ ਹੈ। ਨਹੀਂ ਤਾਂ ਸ਼ਾਇਰੀ ਸਵੈ ਦੇ ਜਸ਼ਨ, ਸਵੈ ਦੀ ਉਸਤਤ ਜਾਂ ਸਵੈ ਨੂੰ ਵਾਜਬ ਠਹਿਰਾਉਣ ਤੋਂ ਵੱਧ ਕੁਝ ਵੀ ਨਹੀਂ ਹੁੰਦੀ। ਮੇਰਾ ਮੰਨਣਾ ਹੈ ਕਿ ਲੇਖਕ ਦੀ ਨਜ਼ਰ ਵਸਤਾਂ ਵਰਤਾਰਿਆਂ ਨੂੰ ਸੂਖ਼ਮ ਪੱਧਰ ’ਤੇ ਦੇਖਣ ਵਾਲੀ ਹੋਣੀ ਚਾਹੀਦੀ ਹੈ। ਵਸਤ-ਵਰਤਾਰਿਆਂ ਦੀ ਥੱਲ-ਪਥੱਲ ਜ਼ਰੂਰੀ ਹੈ। ਦਿਸਦੇ ਨੂੰ ਹੀ ਸੱਚ ਤੇ ਸਹੀ ਮੰਨ ਲੈਣਾ ਵੱਡੀ ਗ਼ਲਤੀ ਹੈ। ਦਿਸਦੇ ਪਿੱਛੇ ਕੰਮ ਕਰ ਰਹੇ ਅਦਿੱਖ ਨੂੰ ਫੜਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਤੇ ਉਹ ਇਸ ਨੂੰ ਕਿੰਨਾ ਕੁ ਸਹੀ ਰੂਪ ਵਿਚ ਪੇਸ਼ ਕਰ ਪਾਉਂਦਾ ਹੈ ਇਹ ਵੱਖਰੀ ਗੱਲ ਹੈ ਕਿਉਂਕਿ ਪੇਸ਼ਕਾਰੀ ਦੇ ਮਾਮਲੇ ਵਿਚ ਸੰਬੰਧਿਤ ਸਾਹਿਤਕ ਵਿਧਾ ਤੇ ਉਸ ਦੀ ਭਾਸ਼ਾ ਦੀ ਆਪਣੀ ਸੀਮਾ ਤੇ ਸਮਰੱਥਾ ਹੁੰਦੀ ਹੈ। ਫਿਰ ਵੀ ਅੱਜ ਦੇ ਸਮੇਂ ਵਿਚ ਲੇਖਕ ਦਾ ਨਜ਼ਰੀਆ ਆਲੋਚਨਾਤਮਿਕ ਤੇ ਸਥਾਪਤੀ ਪ੍ਰਤਿ ਅਸਹਿਮਤੀ ਵਾਲਾ ਹੋਣਾ ਚਾਹੀਦਾ ਹੈ। ਜਵਾਬ ਦੇਣ ਨਾਲੋਂ ਸਵਾਲ ਕਰਨਾ ਅੱਜ ਦੀ ਲਿਖਤ ਦਾ ਮੁੱਖ ਕੰਮ ਹੋਣਾ ਚਾਹੀਦਾ ਹੈ। ਸਵਾਲ ਕਰਨਾ ਹਰ ਪ੍ਰਕਾਰ ਦੀ ਸਥਾਪਤੀ ਨੂੰ ਫਿਰ ਚਾਹੇ ਉਹ ਸਥਾਪਤੀ ਰਾਜਨੀਤਕ ਹੋਵੇ, ਸਮਾਜਿਕ ਹੋਵੇ, ਸਾਹਿਤਕ ਹੋਵੇ ਜਾਂ ਕਿਸੇ ਵਿਸ਼ੇਸ਼ ਸੁਹਜ ਸ਼ਾਸਤਰ ਦੀ ਹੀ ਕਿਉਂ ਨਾ ਹੋਵੇ।
ਗ਼ਜ਼ਲ ਦੀ ਗੱਲ ਹੁੰਦੀ ਹੈ ਤਾਂ ਬਹਿਰ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਗ਼ਜ਼ਲ ਵਿਚ ਬਹਿਰ ਦਾ ਅਹਿਮ ਰੋਲ ਹੁੰਦਾ ਹੈ ਪਰ ਸਾਰਾ ਕੁਝ ਹੀ ਬਹਿਰ ਨਹੀਂ ਹੁੰਦੀ। ਮੈਂ ਸਾਦੀਆਂ ਸਾਧਾਰਨ ਬਹਿਰਾਂ ਦੇ ਨਾਲ ਨਾਲ ਔਖੀਆਂ ਬਹਿਰਾਂ ਵਿਚ ਵੀ ਲਿਖਦਾ ਹਾਂ। ਸ਼ਾਇਦ ਇਸੇ ਕਰਕੇ ਮੇਰੇ ਬਾਰੇ ਇਹ ਰਾਇ ਆਮ ਪ੍ਰਚਲਿਤ ਹੈ ਕਿ ਮੈਂ ਔਖਾ ਲਿਖਦਾ ਹਾਂ। ਮੇਰਾ ਮੰਨਣਾ ਹੈ ਕਿ ਸਾਨੂੰ ਅਲੱਗ-ਅਲੱਗ ਬਹਿਰਾਂ ਵਿਚ ਲਿਖਣਾ ਚਾਹੀਦਾ ਹੈ। ਬੇਸ਼ੱਕ ਖ਼ਿਆਲ/ਵਿਚਾਰ ਦੇ ਰਿਦਮ ਨੇ ਬਹਿਰ ਤੈਅ ਕਰਨੀ ਹੁੰਦੀ ਹੈ। ਵਿਚਾਰਾਂ ਦੀ ਵੰਨ-ਸੁਵੰਨਤਾ ਕਾਵਿ ਭਾਸ਼ਾ ਤੇ ਬਹਿਰਾਂ ਦੀ ਵੰਨ-ਸੁਵੰਨਤਾ ਤੈਅ ਕਰਦੀ ਹੈ। ਬਹਿਰਾਂ ਦੀ ਵੰਨ-ਸੁਵੰਨਤਾ ਕਾਵਿ ਭਾਸ਼ਾ ਦਾ ਵਿਸਥਾਰ ਕਰਦੀ ਹੈ। ਕਾਵਿ ਭਾਸ਼ਾ ਪ੍ਰਤਿ ਵੀ ਕਵੀ ਦੀ ਜ਼ਿੰਮੇਵਾਰੀ ਹੁੰਦੀ ਹੈ।
ਇਹ ਕੁਝ ਕੁ ਨੁਕਤੇ ਲਿਖਣ ਵੇਲੇ ਮੇਰੇ ਧਿਆਨ ਵਿਚ ਰਹਿੰਦੇ ਹਨ। ਇਨ੍ਹਾਂ ਨੂੰ ਮੈਂ ਕਿੰਨਾ ਕੁ ਬਿਹਤਰੀ ਨਾਲ ਨਿਭਾਉਂਦਾ ਹਾਂ ਇਹ ਵੱਖਰਾ ਸਵਾਲ ਹੈ।

ਸੰਪਰਕ: 98559-70962

Advertisement
Author Image

sukhwinder singh

View all posts

Advertisement
Advertisement
×