ਧਮਕੀਆਂ ਦੇ ਡਰੋਂ ਸਾਕਸ਼ੀ ਮਲਿਕ ਨੇ ਮੋਦੀ ਤੋਂ ਮਦਦ ਮੰਗੀ
07:15 AM Nov 08, 2024 IST
ਨਵੀਂ ਦਿੱਲੀ, 7 ਨਵੰਬਰ
ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਨੇ ਹਾਲ ਹੀ ਵਿੱਚ ਆਪਣੇ ਐਕਸ ਹੈਂਡਲ ’ਤੇ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ। ਪਹਿਲਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਦੇਣ ਅਤੇ ਭਾਰਤ ਵਿੱਚ ਕੁਸ਼ਤੀ ਦੇ ਭਵਿੱਖ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ। ਸਾਕਸ਼ੀ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਸਬੰਧੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਫੈਡਰੇਸ਼ਨ ਨੇ ਖੇਡਾਂ ਦੇ ਸੰਚਾਲਨ ਦੀ ਨਿਗਰਾਨੀ ਕਰਨਾ ਜਾਰੀ ਰੱਖਿਆ। ਉਸ ਨੇ ਖੁਲਾਸਾ ਕੀਤਾ ਕਿ ਉਸ ਨੂੰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੀ ਧਮਕੀ ਮਿਲ ਰਹੀ ਹੈ। ਮਹਿਲਾ ਪਹਿਲਵਾਨ ਨੇ ਪ੍ਰਧਾਨ ਮੰਤਰੀ ਤੇ ਖੇਡ ਮੰਤਰੀ ਨੂੰ ਸੰਬੋਧਨ ਕਰਦਿਆਂ ਲਿਖਿਆ, ‘‘ਪ੍ਰਧਾਨ ਮੰਤਰੀ ਜੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਬ੍ਰਿਜ ਭੂਸ਼ਣ ਦੇ ਦਬਦਬੇ ਹੇਠ ਕੁੜੀਆਂ ਦਾ ਭਵਿੱਖ ਸੁਰੱਖਿਅਤ ਹੈ ਤਾਂ ਇਹ ਨਹੀਂ ਹੈ। ਇਸ ਦਾ ਸਥਾਈ ਹੱਲ ਲੱਭਣ ਦੀ ਲੋੜ ਹੈ।’’ -ਪੀਟੀਆਈ
Advertisement
Advertisement