For the best experience, open
https://m.punjabitribuneonline.com
on your mobile browser.
Advertisement

ਕਾਲੀਆਂ ਝੰਡੀਆਂ ਦੇ ਡਰੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਬਦਲਿਆ ਰਾਹ

08:35 AM May 03, 2024 IST
ਕਾਲੀਆਂ ਝੰਡੀਆਂ ਦੇ ਡਰੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਬਦਲਿਆ ਰਾਹ
ਭੂੰਦੜੀ ਚੌਕ ’ਚ ਕਾਲੀਆਂ ਝੰਡੀਆਂ ਨਾਲ ਨਾਅਰੇਬਾਜ਼ੀ ਕਰਦੇ ਹੋਏ ਲੋਕ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਮਈ
ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਕਾਲੀਆਂ ਝੰਡੀਆਂ ਨਾਲ ਸੜਕਾਂ ’ਤੇ ਆਏ ਲੋਕਾਂ ਦੇ ਰੋਹ ਦੇ ਡਰੋਂ ਅੱਜ ਰਸਤਾ ਬਦਲਣਾ ਪੈ ਗਿਆ। ਪਿੰਡ ਭੂੰਦੜੀ ’ਚ ਕਿਸਾਨ ਤੇ ਮਜ਼ਦੂਰ ਮਰਦ ਔਰਤਾਂ ਕਾਲੀਆਂ ਝੰਡੀਆਂ ਲੈ ਕੇ ਚੌਕ ’ਚ ਕਾਫੀ ਸਮੇਂ ਤੱਕ ਖੜ੍ਹੇ ਰਹੇ ਤੇ ਇਸ ਦੀ ਅਗਾਊਂ ਸੂਚਨਾ ਮਿਲਣ ’ਤੇ ‘ਆਪ’ ਉਮੀਦਵਾਰ ਨੇ ਰਸਤਾ ਬਦਲ ਲਿਆ ਅਤੇ ਕਿਸੇ ਹੋਰ ਰਸਤੇ ਚੋਣ ਪ੍ਰਚਾਰ ਲਈ ਅੱਗੇ ਚਲੇ ਗਏ। ਇਹ ਕਾਲੀਆਂ ਝੰਡੀਆਂ ਦਿਖਾਉਣ ਲਈ ਸੜਕ ’ਤੇ ਨਿਕਲੇ ਲੋਕਾਂ ’ਚ ਭੂੰਦੜੀ ਵਿਖੇ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਲੱਗੇ ਪੱਕੇ ਮੋਰਚੇ ਵਾਲੇ ਨੁਮਾਇੰਦੇ ਸ਼ਾਮਲ ਸਨ। ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਨੁਮਾਇੰਦੇ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਡਾ. ਸੁਖਦੇਵ ਭੂੰਦੜੀ ਨੇ ਕਿਹਾ ਕਿ ਇਹ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲਦੇ ਧਰਨੇ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ਕਰਕੇ ਅੱਕੇ ਹੋਏ ਲੋਕਾਂ ਦਾ ਇਕੱਠ ਹੈ। ਨਾ ਤਾਂ ਹਾਕਮ ਧਿਰ ਨੇ ਧਰਨਾਕਾਰੀਆਂ ਦੀ ਸਾਰ ਲਈ ਹੈ ਅਤੇ ਨਾ ਹੀ ਪ੍ਰਸ਼ਾਸਨ ਨੇ। ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਅੱਜ ਤਾਂ ਹਾਕਮ ਧਿਰ ਦਾ ਉਮੀਦਵਾਰ ਰਸਤਾ ਬਦਲ ਕੇ ਬਚ ਨਿਕਲਿਆ ਪਰ ਜਦੋਂ ਦੁਬਾਰਾ ਇਲਾਕੇ ’ਚ ਆਉਣਗੇ ਤਾਂ ਉਨ੍ਹਾਂ ਨੂੰ ਘੇਰ ਕੇ ਸਵਾਲ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਸਮੂਹ ਭੂੰਦੜੀ ਨਿਵਾਸੀਆਂ ਦੇ ਸਰਬਸੰਮਤੀ ਨਾਲ ਵੋਟਾਂ ਦੇ ਬਾਈਕਾਟ ਦਾ ਫ਼ੈਸਲਾ ਲਿਆ ਹੋਇਆ ਪਰ ਇਸ ਦਾ ਮਤਲਬ ਇਹ ਨਾ ਲਿਆ ਜਾਵੇ ਕਿ ਪਿੰਡ ਵਾਸੀ ਉਮੀਦਵਾਰਾਂ ਨੂੰ ਘੇਰਨਗੇ ਨਹੀਂ ਅਤੇ ਸਵਾਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਅੱਜ ਹਾਕਮ ਧਿਰ ਦੇ ਉਮੀਦਵਾਰ ਪੱਪੀ ਪਰਾਸ਼ਰ ਕੋਲ ਲੋਕਾਂ ਦੀ ਗੱਲ ਸੁਣਨ ਦੀ ਵਿਹਲ ਨਹੀਂ ਅਤੇ ਉਹ ਦੂਜੇ ਰਸਤੇ ਤੋਂ ਬਚ ਕੇ ਨਿੱਕਲ ਗਏ ਹਨ ਤਾਂ ਭਵਿੱਖ ’ਚ ਇਸ ਦਾ ਆਮ ਆਦਮੀ ਪਾਰਟੀ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਤੋਂ ਪਹਿਲਾਂ ਧਰਨੇ ’ਚੇ 36ਵੇਂ ਦਿਨ ਸਾਂਝਾ ਮਤਾ ਪਾ ਕੇ ਸਾਰੇ ਵੋਟ ਸਿਸਟਮ ਦਾ ਬਾਈਕਾਟ ਕੀਤਾ ਗਿਆ ਅਤੇ ਸਾਰੇ ਪਿੰਡ ’ਚ ਰੋਸ ਵਜੋਂ ਕਾਲੇ ਝੰਡੇ ਲਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜਸਵੀਰ ਸਿੰਘ ਸੀਰਾ, ਮੱਖਣ ਸਿੰਘ, ਛਿੰਦਰਪਾਲ ਸਿੰਘ, ਸਾਗਾ ਸਿੰਘ, ਲਾਲ ਸਿੰਘ ਗੋਰਾਹੂਰ, ਬੱਗਾ ਸਿੰਘ ਰਾਣਕੇ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮਨਜਿੰਦਰ ਸਿੰਘ ਖੇੜੀ, ਅਮਰੀਕ ਸਿੰਘ ਰਾਮਾ, ਤੀਰਥ ਸਿੰਘ ਤਲਵੰਡੀ, ਰਣਜੀਤ ਸਿੰਘ ਈਸੇਵਾਲ, ਜਸਵੰਤ ਸਿੰਘ ਭੱਟੀਆ, ਪ੍ਰੇਮ ਸਿੰਘ ਬੁਜਰਗ, ਮਹਾ ਸਿੰਘ, ਡਾ. ਗੁਰਮੇਲ ਸਿੰਘ ਚੰਗਣਾ, ਬੀਕੇਯੂ ਡਕੌਂਦਾ ਦੇ ਹਾਕਮ ਸਿੰਘ, ਦਰਵਾਰਾ ਸਿੰਘ, ਬੀਬੀ ਗੁਰਚਰਨ ਕੌਰ, ਪਰਮਜੀਤ ਕੌਰ, ਜਗਤਾਰ ਸਿੰਘ ਮਾੜਾ, ਤੇਜਿੰਦਰ ਸਿੰਘ ਤੇਜਾ, ਹਰਪ੍ਰੀਤ ਸਿੰਘ ਹੈਪੀ, ਸੁਰਜੀਤ ਸਿੰਘ ਚੈਅਰਮੈਨ, ਸਤਪਾਲ ਸਿੰਘ, ਮਨਜਿੰਦਰ ਸਿੰਘ ਮੋਨੀ, ਭਿੰਦਰ ਸਿੰਘ ਭਿੰਦੀ, ਬਾਬਾ ਸੁੱਚਾ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×