For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਤਣਾਅ ਵਧਣ ਦਾ ਖਦਸ਼ਾ

07:34 AM Jun 24, 2024 IST
ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਤਣਾਅ ਵਧਣ ਦਾ ਖਦਸ਼ਾ
ਆਸਾਖੇੜਾ ਮਾਈਨਰ ’ਤੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਡੱਬਵਾਲੀ ਦੇ ਵਿਧਾਇਕ ਅਮਿਤ ਸਿਹਾਗ।
Advertisement

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 23 ਜੂਨ
ਚੌਟਾਲਾ ਪਿੰਡ ਦੇ ਕਿਸਾਨਾਂ ਅਤੇ ਸਿੰਜਾਈ ਵਿਭਾਗ ਹਰਿਆਣੇ ਦੇ ਵਿਚਕਾਰ ਵਿਵਾਦ ਦਾ ਵਿਸ਼ਾ ਬਣੇ ਆਸਾਖੇੜਾ ਮਾਈਨਰ ਮਾਮਲੇ ’ਚ ਸੋਮਵਾਰ ਦੀ ਰਾਤ ਕਿਆਮਤ ਭਰੀ ਸਾਬਤ ਹੋਵੇਗੀ। ਅੱਜ ਡੱਬਵਾਲੀ ਦੇ ਵਿਧਾਇਕ ਅਮਿਤ ਸਿਹਾਗ ਧਰਨਾਕਾਰੀ ਕਿਸਾਨਾਂ ਨੂੰ ਹਮਾਇਤ ਦੇਣ ਪੁੱਜੇ। ਧਰਨੇ ਵਾਲੀ ਜਗ੍ਹਾ ਪੁੱਜ ਕੇ ਵਿਧਾਇਕ ਅਮਿਤ ਸਿਹਾਗ ਨੇ ਕਿਸਾਨਾਂ ਨਾਲ ਜ਼ਮੀਨੀ ਸਥਿਤੀ ਸਬੰਧੀ ਗੱਲਬਾਤ ਕੀਤੀ।
ਜ਼ਿਕਰਯੋਗ ਹੈ ਕਿ ਸਿੰਜਾਈ ਵਿਭਾਗ ਵੱਲੋਂ ਮੁੜ ਉਸਾਰੀ ਮਗਰੋਂ ਆਸਾਖੇੜਾ ਮਾਈਨਰ ਵਿੱਚ ਪਹਿਲੀ ਵਾਰ ਕੱਲ੍ਹ 24 ਜੂਨ (ਸੋਮਵਾਰ) ਨੂੰ ਪਾਣੀ ਛੱਡਿਆ ਜਾਣਾ ਹੈ। ਦੂਜੇ ਪਾਸੇ ਪਿੰਡ ਚੌਟਾਲਾ ਦੇ ਕਿਸਾਨ ਆਪਣੀਆਂ ਮੰਗ ਨੂੰ ਲੈ ਕੇ ਟੇਲ ਦੇ ਨੇੜੇ ਮਾਈਨਰ ਵਿੱਚ ਮਿੱਟੀ ਭਰ ਕੇ ਉੱਪਰ ਟੈਂਟ ਗੱਡ ਧਰਨੇ ’ਤੇ ਬੈਠੇ ਹਨ। ਅੱਜ ਕਿਸਾਨਾਂ ਨੇ ਸੰਘਰਸ਼ ਤੇਜ਼ ਕਰਦਿਆਂ ਮਾਈਨਰ ਉੱਪਰ ਦਿਨ-ਰਾਤ ਦੇ ਲਗਾਤਾਰ ਧਰਨੇ ਦਾ ਐਲਾਨ ਕਰ ਦਿੱਤਾ। ਮਾਈਨਰ ਦੀ ਟੇਲ ਤੱਕ ਸੋਮਵਾਰ ਦੇਰ ਰਾਤ ਤੱਕ ਪਾਣੀ ਪੁੱਜਣ ਦੀ ਸੰਭਾਵਨਾ ਹੈ। ਕਿਸਾਨਾਂ ਦਾ ਮਾਈਨਰ ’ਤੇ ਧਰਨਾ ਟੈਂਟ ਮਾਈਨਰ ਦੇ ਆਖ਼ਰ ਤੋਂ ਕਰੀਬ ਪੰਜ ਏਕੜ ਪਹਿਲਾਂ (ਇੱਕ ਹਜ਼ਾਰ ਫੁੱਟ) ਬੁਰਜੀ ਨੰਬਰ 42000 ’ਤੇ ਹੈ। ਪਾਣੀ ਆਉਣ ’ਤੇ ਉਸਾਰੀ ਬੇਨਿਯਮੀਆਂ ਦੇ ਖਿਲਾਫ਼ ਧਰਨਾ ਲਗਾ ਕੇ ਬੈਠੇ ਕਿਸਾਨਾਂ ਅਤੇ ਸਿੰਜਾਈ ਵਿਭਾਗ ਦੇ ਵਿਚਕਾਰ ਤਣਾਅ ਵਧਣ ਦਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਧਰਨਾਕਾਰੀ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਚਕਾਰ ਗੱਲਬਾਤ ਅਸਫਲ ਰਹੀ ਸੀ।
ਧਰਨੇ ਵਿੱਚ ਪੁੱਜੇ ਵਿਧਾਇਕ ਅਮਿਤ ਸਿਹਾਗ ਨੂੰ ਕਿਸਾਨਾਂ ਨੇ ਦੱਸਿਆ ਕਿ ਸਿੰਜਾਈ ਵਿਭਾਗ ਨੇ ਮਾਈਨਰ ਦੀ ਮੁੜ ਉਸਾਰੀ ਵਿੱਚ ਬੇਨਿਯਮੀਆਂ ਅਤੇ ਗਲਤ ਡਿਜ਼ਾਈਨ ਅਤੇ ਫਾਲ ਦੀ ਚੌੜਾਈ ਘੱਟ ਕਰ ਕੇ 22 ਤੋਂ 15 ਇੰਚ ਕਰ ਦਿੱਤਾ ਗਿਆ ਹੈ। ਵਿਧਾਇਕ ਨੇ ਮੌਕੇ ’ਤੇ ਸਿੰਜਾਈ ਵਿਭਾਗ ਦੇ ਐੱਸਈ ਨਾਲ ਰਾਬਤਾ ਕੀਤਾ, ਪਰ ਕੋਈ ਹੱਲ ਨਾ ਨਿਕਲਣ ’ਤੇ ਕਿਸਾਨਾਂ ਨੂੰ ਵਫ਼ਦ ਵਜੋਂ ਮੰਗ ਪੱਤਰ ਦੇਣ ਲਈ ਆਖਿਆ, ਤਾਂ ਜੋ ਮੰਗ ਨੂੰ ਰਾਜਧਾਨੀ ਚੰਡੀਗੜ੍ਹ ਵਿੱਚ ਉੱਚ ਅਧਿਕਾਰੀਆਂ ਦੇ ਸਨਮੁੱਖ ਉਚਿਤ ਇਨਸਾਫ਼ ਹਾਸਲ ਕੀਤਾ ਜਾ ਸਕੇ। ਸਿੰਜਾਈ ਵਿਭਾਗ ਵੀ ਕਿਸਾਨਾਂ ਦੀ ਮੰਗ ਨੂੰ ਸਿਰਫ਼ ਜਿੱਦ ਦੱਸਦੇ ਮਾਈਨਰ ਦੇ ਨਵੇਂ ਡਿਜ਼ਾਈਨ ਨੂੰ ਬਿਲਕੁਲ ਦਰੁਸਤ ਕਰਾਰ ਦੇ ਰਿਹਾ ਹੈ। ਵਿਭਾਗ ਦੇ ਐੱਸਡੀਓ ਮੁਕੇਸ਼ ਸੁਥਾਰ ਨੇ ਕਿਹਾ ਕਿ ਭਾਖੜਾ ਮੇਨ ਬ੍ਰਾਂਚ ਵਿੱਚ ਸੋਮਵਾਰ ਨੂੰ ਪਾਣੀ ਆਉਣ ’ਤੇ ਮਾਈਨਰ ’ਚ ਪਾਣੀ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਈਨਰ ਨੂੰ ਬ੍ਰਿੱਕ ਤੋਂ ਨਵੇਂ ਸੀਸੀ ਡਿਜ਼ਾਈਨ ਵਿੱਚ ਬਣਾਇਆ ਗਿਆ ਹੈ। ਨਵੇਂ ਸਵਰੂਪ ਕਰਕੇ ਫਾਲ ਦੀ ਚੌੜਾਈ ਘੱਟ ਹੋਈ ਹੈ। ਹਕੀਕਤ ’ਚ ਪਾਣੀ ਵਿੱਚ ਕੋਈ ਘਾਟ ਨਹੀਂ ਆਵੇਗੀ। ਐੱਸਡੀਓ ਨੇ ਦਾਅਵਾ ਕਿ ਮੁੜ ਉਸਾਰੀ ’ਚ ਮਾਈਨਰ ਲਾਈਨਿੰਗ ਉੱਚੀ ਹੋਈ ਹੈ। ਪਹਿਲਾਂ ਫਾਲ ਵਿੱਚ ਡੇਢ ਫੁੱਟ ’ਤੇ ਪਾਣੀ ਡਿੱਗਦਾ ਸੀ, ਹੁਣ ਦੋ ਫੁੱਟ ’ਤੇ ਪਾਣੀ ਡਿੱਗਣ ਨਾਲ ਵੱਧ ਪਾਣੀ ਟੇਲ ਤੱਕ ਪੁੱਜੇਗਾ। ਕਿਸਾਨ ਆਗੂ ਪ੍ਰਹਿਲਾਦ ਸਿੰਘ ਨੇ ਦੱਸਿਆ ਕਿ ਮੰਗ ਪੂਰੀ ਨਾ ਹੋਣ ਤੱਕ ਮਾਈਨਰ ਉੱਪਰ ਧਰਨਾ ਅਤੇ ਸੰਘਰਸ਼ ਦਿਨ-ਰਾਤ ਜਾਰੀ ਰਹੇਗਾ।

Advertisement

ਨਹਿਰੀ ਪਾਣੀ: ਪਾਈਪਾਂ ਪਾਉਣ ਦੇ ਕੰਮ ’ਚ ਦੇਰੀ ਕਾਰਨ ਕਿਸਾਨ ਪ੍ਰੇਸ਼ਾਨ

ਪਿੰਡ ਦਿਆਲਪੁਰਾ ਮਿਰਜ਼ਾ ਦੇ ਕਿਸਾਨ ਅਧੂਰਾ ਪਿਆ ਕੰਮ ਦਿਖਾਉਂਦੇ ਹੋਏ।

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਪੰਜਾਬ ਸਰਕਾਰ ਵੱਲੋਂ ਪਿੰਡ ਦਿਆਲਪੁਰਾ ਮਿਰਜ਼ਾ ਦੇ ਖੇਤਾਂ ਲਈ ਨਹਿਰੀ ਪਾਣੀ ਦੀ ਸਿੰਜਾਈ ਵਾਸਤੇ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾ ਰਹੀਆਂ ਹਨ, ਪ੍ਰੰਤੂ ਇਸ ਕੰਮ ’ਚ ਹੋ ਰਹੀ ਦੇਰੀ ਕਾਰਨ ਕਿਸਾਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਕਿਸਾਨ ਦਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਸਿੱਧੂ ਤੇ ਅਵਤਾਰ ਸਿੰਘ ਲਾਲੀ ਨੇ ਦੱਸਿਆ ਕਿ ਪਿੰਡ ਚੋਂ ਲੰਘਦੇ ਢਪਾਲੀ ਰਜਵਾਹੇ ਉੱਪਰ ਲੱਗੇ ਮੋਘਾ ਨੰਬਰ 101895/R ਜਿਸ ਨੂੰ ਪਿੰਡ ’ਚ ਵੱਡੇ ਮੋਘੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉੱਪਰ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਕੰਮ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ, ਜੋ ਕਿ 31 ਮਾਰਚ 2024 ਤੱਕ ਮੁਕੰਮਲ ਕੀਤਾ ਜਾਣਾ ਸੀ ਪਰ ਹੁਣ ਤੱਕ ਪਾਈਪਾਂ ਪਾਉਣ ਦਾ ਕੰਮ ਪੂਰਾ ਨਾ ਹੋਣ ਕਾਰਨ ਇਸ ਸਮੇਂ ਕਿਸਾਨਾਂ ਨੂੰ ਝੋਨਾ ਲਗਾਉਣ ਅਤੇ ਹੋਰ ਬੀਜੀਆਂ ਫਸਲਾਂ ਨੂੰ ਪਾਣੀ ਲਗਾਉਣ ਲਈ ਕਾਫ਼ੀ ਖੱਜਲ ਖ਼ੁਆਰੀ ਤੇ ਡੀਜ਼ਲ ਦਾ ਵਾਧੂ ਖਰਚਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਖੇਤਾਂ ਲਈ ਨਿਰਵਿਘਨ ਨਹਿਰੀ ਪਾਣੀ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਵਾਰ-ਵਾਰ ਬੇਨਤੀ ਕਰਨ ’ਤੇ ਵੀ ਪਾਈਪਾਂ ਪਾਉਣ ਦੇ ਮਾਮਲੇ ’ਚ ਬੜੀ ਦੇਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੋਘੇ ਨਾਲ ਪਿੰਡ ਦੇ ਕਰੀਬ 2400 ਏਕੜ ਰਕਬੇ ਨੂੰ ਪਾਣੀ ਲੱਗਦਾ ਹੈ, ਜਿਹੜਾ ਅੱਜ ਪਾਣੀ ਦੀ ਘਾਟ ਕਾਰਨ ਬਿਜਾਈ ਲਈ ਵਿਹਲਾ ਪਿਆ ਹੈ। ਜਦੋਂ ਇਸ ਸਬੰਧੀ ਸਬੰਧਿਤ ਠੇਕੇਦਾਰ ਯਾਦਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ ਇਸ ਮੋਘੇ ਨਾਲ ਸਬੰਧਿਤ 4 ਕਿਲੋਮੀਟਰ ਤੋਂ ਵੱਧ ਜ਼ਮੀਨਦੋਜ ਪਾਈਪਾਂ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਪਰ ਪਿੱਛੇ ਤੋਂ ਨੱਕਿਆਂ ਦੀ ਸਪਲਾਈ ਮੱਠੀ ਹੋਣ ਕਾਰਨ ਕੰਮ ’ਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੋਘੇ ਤੇ ਲਗਭਗ 47 ਨੱਕੇ ਹਨ ਜਿਨ੍ਹਾਂ ਦੀ ਸਪਲਾਈ ਜਲਦੀ ਮਿਲਣ ਦੀ ਸੰਭਾਵਨਾ ਹੈ ਅਤੇ ਇੱਕ ਹਫ਼ਤੇ ਤੱਕ ਰਹਿੰਦਾ ਕੰਮ ਪੂਰਾ ਕਰ ਲਿਆ ਜਾਵੇਗਾ।

Advertisement
Author Image

Advertisement
Advertisement
×