ਚੁਣੌਤੀਆਂ ਤੋਂ ਡਰ ਕਾਹਦਾ
ਗੁਰਬਿੰਦਰ ਸਿੰਘ ਮਾਣਕ
ਕਿਸੇ ਵੀ ਵਿਅਕਤੀ ਦਾ ਜੀਵਨ ਕਦੇ ਇਕਸਾਰ ਨਹੀਂ ਰਹਿੰਦਾ। ਜੀਵਨ ਦੇ ਹੋਰ ਰੰਗਾਂ ਵਾਂਗ ਇਸ ਦੇ ਰੰਗ ਵੀ ਬਦਲਦੇ ਰਹਿੰਦੇ ਹਨ। ਉਂਜ ਵੀ ਤਬਦੀਲੀ ਕੁਦਰਤ ਦਾ ਅਟੱਲ ਨੇਮ ਹੈ ਤੇ ਸਮੇਂ ਅਨੁਸਾਰ ਮਨੁੱਖ ਦਾ ਆਲਾ-ਦੁਆਲਾ ਤੇ ਜੀਵਨ ਦੇ ਰੰਗ-ਢੰਗ ਬਦਲਦੇ ਰਹਿੰਦੇ ਹਨ। ਜਿਵੇਂ ਇੱਕੋ ਜਿਹਾ ਮੌਸਮ ਵੀ ਕਿਸੇ ਨੂੰ ਨਹੀਂ ਭਾਉਂਦਾ ਤੇ ਮਨੁੱਖੀ ਮਨ ਛੇਤੀ ਹੀ ਉਕਤਾ ਜਾਂਦਾ ਹੈ। ਕੁਦਰਤ ਨੇ ਸਾਡੇ ਦੇਸ਼ ਨੂੰ ਵੱਖਰੇ ਵੱਖਰੇ ਤੇ ਦਿਲ-ਲੁਭਾਉਣੇ ਮੌਸਮਾਂ ਦੀਆਂ ਸੌਗਾਤਾਂ ਨਾਲ ਨਿਵਾਜਿਆ ਹੋਇਆ ਹੈ। ਕਦੇ ਧੁੱਪਾਂ, ਕਦੇ ਛਾਵਾਂ, ਕਦੇ ਘਨਘੋਰ ਬੱਦਲੀਆਂ, ਕਦੇ ਗਰਮੀ, ਕਦੇ ਠੰਢ ਦੀ ਜਕੜ, ਕਦੇ ਵਰਖਾ ਦੀਆਂ ਸੌਗਾਤਾਂ, ਕਦੇ ਠੰਢੀਆਂ, ਕਦੇ ਗਰਮ ਹਵਾਵਾਂ, ਗੱਲ ਕੀ ਜਿਵੇਂ ਮੌਸਮਾਂ ਦੇ ਅਨੇਕਾਂ ਰੰਗ ਹਨ, ਬਿਲਕੁਲ ਇਸੇ ਤਰ੍ਹਾਂ ਹੀ ਜੀਵਨ ਵੀ ਇੱਕੋ ਜਿਹਾ ਨਹੀਂ ਰਹਿੰਦਾ। ਉਂਜ ਵੀ ਮਨੁੱਖੀ ਮਨ ਦੀ ਇਹ ਫਿਤਰਤ ਹੈ ਕਿ ਇਹ ਰੋਜ਼ ਦਾਲ ਖਾਂਦਾ ਵੀ ਅੱਕ ਜਾਂਦਾ ਹੈ। ਇਸ ਲਈ ਮੂੰਹ ਦਾ ਸੁਆਦ ਬਦਲਣ ਲਈ ਮਨੁੱਖ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਂਦਾ ਹੈ।
ਜੀਵਨ ਵੀ ਬਿਲਕੁਲ ਇਸੇ ਤਰ੍ਹਾਂ ਦਾ ਹੈ। ਮਨੁੱਖ ਹਮੇਸ਼ਾਂ ਚੰਗੇ ਲਈ ਕੋਸ਼ਿਸ਼ਾਂ ਕਰਦਿਆਂ ਇਹ ਤਾਂਘ ਰੱਖਦਾ ਹੈ ਕਿ ਪਹਿਲਾਂ ਨਾਲੋਂ ਜੀਵਨ ਹਾਲਤਾਂ ਵਿੱਚ ਤਬਦੀਲੀ ਆਵੇ। ਭਲੇ ਸਮੇਂ ਦੀ ਆਸ ਵਿੱਚ ਮਨੁੱਖ ਕਈ ਪਾਪੜ ਵੇਲਦਾ ਹੈ ਪਰ ਜੀਵਨ ਦਾ ਯਥਾਰਥ ਅਜਿਹਾ ਹੈ ਕਿ ਮਨੁੱਖ ਆਸ ਕਿਸੇ ਹੋਰ ਚੀਜ਼ ਦੀ ਲਾਈ ਬੈਠਾ ਹੁੰਦਾ ਹੈ ਪਰ ਵਾਪਰ ਕੁਝ ਹੋਰ ਹੀ ਜਾਂਦਾ ਹੈ। ਅਕਸਰ ਜੀਵਨ ਜਿਊਂਦਿਆਂ ਮਨੁੱਖ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਲੋਕ ਆਪਣੀ ਸੂਝ-ਸਮਝ ਨਾਲ ਇਨ੍ਹਾਂ ਪਰੇਸ਼ਾਨੀਆਂ, ਚੁਣੌਤੀਆਂ ਵਿੱਚੋਂ ਨਿਕਲ ਜਾਂਦੇ ਹਨ। ਕੁਝ ਲੋਕ ਅਜਿਹੀ ਸਥਿਤੀ ਵਿੱਚ ਮਾਨਸਿਕ ਰੂਪ ਵਿੱਚ ਏਨੇ ਤਣਾਅਗ੍ਰਸਤ ਹੋ ਜਾਂਦੇ ਹਨ ਕਿ ਕਿਸੇ ਚੁਣੌਤੀ ਵਿੱਚੋਂ ਨਿਕਲਣ ਦਾ ਕੋਈ ਹੀਲਾ ਕਰਨ ਦੀ ਥਾਂ ਹੋਰ ਮੁਸੀਬਤਾਂ ਸਹੇੜ ਲੈਂਦੇ ਹਨ।
ਆਲੇ-ਦੁਆਲੇ ਦੇਖਦੇ ਹਾਂ ਕਿ ਜੀਵਨ ਵਿੱਚ ਵਿਚਰਦਿਆਂ ਕਈ ਵਾਰ ਘਰ ਦੇ ਕਿਸੇ ਜੀਅ ਨੂੰ ਬਿਮਾਰੀ ਆ ਘੇਰਦੀ ਹੈ। ਇਹੋ ਜਿਹੇ ਵੇਲੇ ਘਬਰਾਹਟ ਹੋਣੀ ਸੁਭਾਵਿਕ ਗੱਲ ਹੈ ਪਰ ਜੇ ਸੋਚ-ਵਿਚਾਰ ਕੇ ਦੇਖੀਏ ਕਿ ਅਨੇਕਾਂ ਲੋਕ ਕਿਸੇ ਨਾਂ ਕਿਸੇ ਬਿਮਾਰੀ ਤੋਂ ਪੀੜਤ ਹਨ ਤੇ ਸਾਡੇ ਨਾਲ ਕਿਹੜਾ ਕੋਈ ਅਲੋਕਾਰੀ ਵਾਪਰੀ ਹੈ। ਕਈ ਵਾਰ ਤਾਂ ਦਿਲ ਦਾ ਦੌਰਾ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਬਾਰੇ ਸੁਣ ਕੇ ਹੀ ਪਰਿਵਾਰ ਵਿੱਚ ਪਰੇਸ਼ਾਨੀ ਦਾ ਮਾਹੌਲ ਪਸਰ ਜਾਂਦਾ ਹੈ। ਇਹੋ ਜਿਹੇ ਸੰਕਟ ਸਮੇਂ ਡੂੰਘੀ ਸੋਚ ਵਿਚਾਰ, ਠਰੱਮੇ ਦੀ ਲੋੜ ਹੁੰਦੀ ਹੈ। ਕਿਸੇ ਭੈਣ-ਭਰਾ, ਦੋਸਤ-ਮਿੱਤਰ, ਰਿਸ਼ਤੇਦਾਰ ਦੀ ਸਲਾਹ ਲੈ ਕੇ ਫੌਰੀ ਇਹ ਹੀ ਯਤਨ ਹੋਣਾ ਚਾਹੀਦਾ ਹੈ ਕਿ ਕਿਸੇ ਸਿਆਣੇ ਡਾਕਟਰ ਤੋਂ ਇਲਾਜ ਦੀ ਪ੍ਰਕਿਰਿਆ ਆਰੰਭ ਕੀਤੀ ਜਾਵੇ। ਬਿਨਾਂ ਸ਼ੱਕ ਇਲਾਜ ’ਤੇ ਬਹੁਤ ਪੈਸਾ ਖ਼ਰਚ ਹੁੰਦਾ ਹੈ ਪਰ ਜ਼ਿੰਦਗੀ ਨਾਲੋਂ ਕੁਝ ਵੀ ਕੀਮਤੀ ਨਹੀਂ ਹੈ। ਇਹੋ ਜਿਹੀ ਸਥਿਤੀ ਵਿੱਚ ਅਕਸਰ ਲੋਕ ਨੀਮ-ਹਕੀਮ, ਬਾਬਿਆਂ ਤੇ ਤਾਂਤਰਿਕਾਂ ਦੇ ਚੱਕਰ ਵਿੱਚ ਪੈ ਕੇ ਮਰੀਜ਼ ਦੀ ਬਿਮਾਰੀ ਨੂੰ ਹੋਰ ਗੰਭੀਰ ਬਣਾ ਲੈਂਦੇ ਹਨ। ਜਿਸ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ। ਗੱਲ ਤਾਂ ਇਹ ਹੈ ਕਿ ਅਜਿਹੀ ਚੁਣੌਤੀ ਨੂੰ ਸੂਝ ਸਮਝ ਨਾਲ ਨਜਿੱਠਣ ਦੇ ਰਾਹ ਤੁਰਨ ਦੀ। ਜੇ ਹਾਲ-ਪਾਹਰਿਆ, ਮਰ ਗਏ ਲੁੱਟੇ ਗਏ ਕਰੀ ਜਾਵਾਂਗੇ ਤਾਂ ਕਿਹੜਾ ਮਸਲਾ ਹੱਲ ਹੋ ਜਾਣਾ ਹੈ। ਕਈ ਵਾਰ ਤਾਂ ਇਹ ਸਥਿਤੀ ਬਹੁਤ ਹਾਸੋ-ਹੀਣੀ ਬਣ ਜਾਂਦੀ ਹੈ। ਕੋਈ ਤੁਹਾਡੇ ਦਰਦ ਦਾ ਹਿੱਸੇਦਾਰ ਨਹੀਂ ਬਣਦਾ। ਜੇ ਆਸ਼ਾਵਾਦੀ ਨਜ਼ਰੀਏ ਨਾਲ ਕੁਦਰਤ ’ਤੇ ਭਰੋਸਾ ਕਰਕੇ ਸਹੀ ਰਾਹ ਤੁਰ ਪਈਏ ਤਾਂ ਸਫਲਤਾ ਜ਼ਰੂਰ ਮਿਲਦੀ ਹੈ।
ਸਿਆਣੇ ਕਿਹਾ ਕਰਦੇ ਸਨ ਕਿ ‘ਰੱਬ! ਕਿਸੇ ਦੁਸ਼ਮਣ ਨੂੰ ਵੀ ਕਚਹਿਰੀਆਂ ਤੇ ਡਾਕਟਰਾਂ ਦੇ ਵੱਸ ਨਾ ਪਾਵੇ।’ ਪਰ ਕਈ ਵਾਰ ਮਨੁੱਖ ਨੂੰ ਅਜਿਹੀਆਂ ਗੱਲਾਂ ਦਾ ਚਿੱਤ-ਚੇਤਾ ਵੀ ਨਹੀਂ ਹੁੰਦਾ ਕਿ ਅਚਾਨਕ ਕਿਸੇ ਨਾਲ ਬੋਲ-ਬੁਲਾਰਾ ਹੋ ਜਾਂਦਾ ਹੈ। ਗੱਲ ਵਧਦੀ ਹੋਈ ਮਾਰ-ਕੁਟਾਈ ਤੱਕ ਜਾ ਪਹੁੰਚਦੀ ਹੈ। ਤੁਹਾਡਾ ਬੇਟਾ ਹੀ ਕਿਤੇ ਮੁੰਡਿਆਂ ਨਾਲ ਲੜਾਈ ਕਰ ਬਹਿੰਦਾ ਹੈ। ਅਜਿਹੇ ਸਮੇਂ ਵੀ ਬੰਦਾ ਸਥਿਤੀ ਦੀ ਗੰਭੀਰਤਾ ਕਾਰਨ ਸੁੰਨ ਹੋ ਜਾਂਦਾ ਹੈ। ਬੱਚੇ ਦੇ ਭਵਿੱਖ ਦਾ ਸੁਆਲ ਹੁੰਦਾ ਹੈ। ਪੁਲੀਸ ਨੇ ਤਾਂ ਆਪਣੇ ਤਰੀਕੇ ਨਾਲ ਹੀ ‘ਕਾਰਵਾਈ’ ਕਰਨੀ ਹੁੰਦੀ ਹੈ। ਦੋਵਾਂ ਧਿਰਾਂ ਨੂੰ ਡਰਾਈ-ਧਮਕਾਈ ਵੀ ਜਾਣਾ ਤੇ ‘ਰਾਜ਼ੀਨਾਵੇਂ’ ਲਈ ਵਿਚੋਲੀਏ ਵੀ ਛੱਡ ਦੇਣੇ। ਸਿਆਣਪ ਤਾਂ ਇਸ ਵਿੱਚ ਹੀ ਹੁੰਦੀ ਹੈ ਕਿ ਉਤੇਜਿਤ ਹੋ ਕੇ ਜਲਦਬਾਜ਼ੀ ਵਿੱਚ ਕੋਈ ਕਦਮ ਨਾ ਚੁੱਕਿਆ ਜਾਵੇ। ਜੇਕਰ ਪਿੰਡ ਦੇ ਚਾਰ ਸਿਆਣਿਆਂ ਵਿੱਚ ਹੀ ਦੋਵੇਂ ਧਿਰਾਂ ਦੂਰ ਦੀ ਸੋਚ ਕੇ ਮਸਲਾ ਹੱਲ ਕਰ ਲੈਣ ਤਾਂ ਇਸ ਨਾਲ ਅਗਲੀ ਖੱਜਲ-ਖੁਆਰੀ, ਮਾਨਸਿਕ ਪਰੇਸ਼ਾਨੀ ਤੇ ਪੈਸੇ ਦੀ ਲੁੱਟ ਤੋਂ ਬਚਿਆ ਜਾ ਸਕਦਾ ਹੈ। ਪਿੰਡ ਦੇ ਭਾਈਚਾਰੇ ਵਿੱਚ ਜੇ ਨੀਵੇਂ ਹੋ ਕੇ ਵੀ ਮਸਲਾ ਸੁਲਝਾਅ ਲਿਆ ਜਾਵੇ ਤਾਂ ਕਿਸੇ ਦਾ ਕੁਝ ਘਟ ਨਹੀਂ ਚੱਲਿਆ। ਕਈ ਵਾਰ ਹੈਂਕੜ ਤੇ ਹਊਮੇ ਕਾਰਨ ਹੀ ਅਸੀਂ ਪਰੇਸ਼ਾਨੀਆਂ ਝੱਲਦੇ ਹਾਂ।
ਜਦੋਂ ਕੋਈ ਬੱਚਾ ਨਸ਼ਿਆਂ ਦੇ ਰਾਹ ਤੁਰ ਪਏ ਤਾਂ ਮਾਪਿਆਂ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਜਾਂਦੀ ਹੈ ਕਿ ਇਹ ਕੀ ਬਣ ਗਿਆ। ਕਿਸੇ ਪਰਿਵਾਰ ਲਈ ਇਸ ਤੋਂ ਵੱਡਾ ਕੋਈ ਸੰਕਟ ਨਹੀਂ ਹੋ ਸਕਦਾ। ਅਸਲ ਵਿੱਚ ਸਮਾਜ ਵਿੱਚ ਜੋ ਵਾਪਰਦਾ ਹੈ, ਉਸ ਦਾ ਪ੍ਰਭਾਵ ਤਾਂ ਪੈਣਾ ਹੀ ਹੈ। ਬਹੁਤੇ ਮਾਪੇ ਅਵੇਸਲੇ ਹੋ ਜਾਂਦੇ ਹਨ। ਆਪਣੇ ਪੁੱਤਰ ਧੀ ਨੂੰ ਸਮਝਾਉਣ ਦੇ ਨਾਲ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਕੀ ਸ਼ੌਕ ਹਨ, ਉਨ੍ਹਾਂ ਦੇ ਦੋਸਤ ਮਿੱਤਰ ਕਿਹੋ ਜਿਹੇ ਹਨ। ਕੀ ਉਹ ਸਕੂਲ/ਕਾਲਜ ਤੋਂ ਆ ਕੇ ਘਰ ਦੇ ਜੀਆਂ ਨਾਲ ਉੱਠਦੇ ਬੈਠਦੇ, ਗੱਲਾਂ-ਬਾਤਾਂ ਕਰਦੇ ਹਨ। ਕੀ ਉਨ੍ਹਾਂ ਦੇ ਸੁਭਾਅ ਵਿੱਚ ਤੁਹਾਨੂੰ ਕੋਈ ਤਬਦੀਲੀ ਆਈ ਤਾਂ ਨਹੀਂ ਜਾਪਦੀ। ਜੇ ਉਹ ਕਿਸੇ ਬੁਰੀ ਸੰਗਤ ਦਾ ਸ਼ਿਕਾਰ ਹੋ ਕੇ ਔਝੜੇ ਪੈ ਹੀ ਗਿਆ ਹੈ ਤਾਂ ਝਿੜਕਣ ਤੇ ਬੁਰਾ-ਭਲਾ ਕਹਿਣ ਦੀ ਥਾਂ ਬਹੁਤ ਪਿਆਰ, ਸਹਿਜਤਾ ਤੇ ਵਿਸ਼ਵਾਸ ਨਾਲ ਉਸ ਨੂੰ ਇਸ ਰਾਹ ਤੋਂ ਮੋੜਨ ਦੇ ਯਤਨ ਕਰਨ ਦੀ ਲੋੜ ਹੁੰਦੀ ਹੈ। ਇਹੋ ਜਿਹੇ ਮਾਮਲਿਆਂ ਨੂੰ ਧੀਰਜ ਤੇ ਠਰੱਮੇ ਨਾਲ ਮਨੋਵਿਗਿਆਨਕ ਪੱਧਰ ’ਤੇ ਸੁਲਝਾਉਣ ਨਾਲ ਹੀ ਕੋਈ ਸਫਲਤਾ ਮਿਲਣ ਦੀ ਆਸ ਹੁੰਦੀ ਹੈ। ਕਿਸੇ ਸਿਆਣੇ ਡਾਕਟਰ ਦੀ ਰਾਏ ਵੀ ਚੰਗਾ ਪ੍ਰਭਾਵ ਪਾਉਂਦੀ ਹੈ। ਬੱਚੇ ਨੂੰ ਇਹ ਅਹਿਸਾਸ ਕਰਾਉਣ ਦੀ ਲੋੜ ਹੁੰਦੀ ਹੈ ਕਿ ਨਸ਼ਿਆਂ ਨੇ ਕਈ ਘਰ ਬਰਬਾਦ ਕਰ ਦਿੱਤੇ ਹਨ ਤੇ ਤੇਰੀ ਜ਼ਿੰਦਗੀ ਵੀ ਪਰਿਵਾਰ ਲਈ ਬਹੁਤ ਕੀਮਤੀ ਹੈ। ਇਹੋ ਜਿਹੇ ਬਿਮਾਰ ਵਿਅਕਤੀ ਨਾਲ ਲੜਾਈ ਝਗੜੇ, ਮਾਰ-ਕੁਟਾਈ ਜਾਂ ਘਰੋਂ ਬਾਹਰ ਕੱਢ ਦੇਣ ਨਾਲ ਮਸਲਾ ਹੋਰ ਉਲਝ ਜਾਂਦਾ ਹੈ। ਨੀਮ-ਹਕੀਮਾਂ ਤੇ ਅਣਸਿੱਖਿਅਤ ਨਸ਼ਾ-ਛਡਾਊ ਕੇਂਦਰਾਂ ਤੋਂ ਬਚਣ ਦੀ ਲੋੜ ਹੈ। ਮਾਪਿਆਂ ਨੂੰ ਇਹ ਵੀ ਚਿੰਤਾ ਹੁੰਦੀ ਹੈ ਕਿ ਬੱਚੇ ਦੀ ਇਸ ਹਰਕਤ ਬਾਰੇ ਜੇ ਸਮਾਜ ਨੂੰ ਪਤਾ ਲੱਗ ਗਿਆ ਤਾਂ ਬਹੁਤ ਬੇਇੱਜ਼ਤੀ ਹੋਵੇਗੀ। ਇਸ ਕਾਰਨ ਉਹ ਬਹੁਤ ਕੁਝ ਲੁਕਾਈ ਰੱਖਦੇ ਹਨ ਪਰ ਸਿਆਣੇ ਕਹਿੰਦੇ ਹਨ ਕਿ ਜੇ ਸਵੇਰ ਦਾ ਭੁੱਲਿਆ, ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਜੇ ਨਸ਼ਿਆਂ ਦੇ ਰਾਹ ਤੁਰਿਆ ਬੰਦਾ ਜ਼ਿੰਦਗੀ ਦੇ ਰਾਹ ’ਤੇ ਵਾਪਸ ਆ ਜਾਵੇ ਤਾਂ ਉਸ ਦੀ ਸਿਆਣਪ ਦੀ ਵੀ ਦਾਦ ਦੇਣੀ ਚਾਹੀਦੀ ਹੈ। ਇਹੋ ਜਿਹੀ ਚੁਣੌਤੀ ਵੀ ਜੀਵਨ ਦੀ ਬਹੁਤ ਔਖੀ ਪ੍ਰੀਖਿਆ ਸਮਾਨ ਹੁੰਦੀ ਹੈ। ਸੂਝ ਤੇ ਸਹਿਜਤਾ ਨਾਲ ਹੀ ਇਸ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ।
ਘਰ-ਪਰਿਵਾਰ ਵਿੱਚ ਲੜਾਈ ਝਗੜਾ ਹੋਣਾ ਤਾਂ ਸੁਭਾਵਿਕ ਗੱਲ ਹੈ ਪਰ ਕਈ ਵਾਰ ਨੂੰਹ ਜਾਂ ਵਿਆਹੀ ਧੀ ਦੇ ਪਰਿਵਾਰ ਵੱਲੋਂ ਕਿਸੇ ਗ਼ਲਤਫਹਿਮੀ ਕਾਰਨ ਰਿਸ਼ਤਿਆਂ ਵਿੱਚ ਖਟਾਸ ਪੈਦਾ ਹੋ ਜਾਵੇ ਤਾਂ ਮਨ ਪਰੇਸ਼ਾਨੀ ਵਿੱਚ ਘਿਰ ਜਾਂਦਾ ਹੈ। ਇਹੋ ਜਿਹੀ ਚੁਣੌਤੀ ਨੂੰ ਵੀ ਬਹੁਤ ਸਹਿਜਤਾ ਤੇ ਨਰਮੀ ਨਾਲ ਨਜਿੱਠਣ ਦੀ ਲੋੜ ਹੁੰਦੀ ਹੈ। ਉੱਚੀ ਆਵਾਜ਼ ਤੇ ਤਿੱਖੇ ਬੋਲ ਅਕਸਰ ਮਸਲੇ ਨੂੰ ਵਿਗਾੜ ਦਿੰਦੇ ਹਨ। ਕੋਸ਼ਿਸ਼ ਤਾਂ ਇਹੀ ਹੋਣੀ ਚਾਹੀਦੀ ਹੈ ਕਿ ਦੋਵੇਂ ਪਰਿਵਾਰਾਂ ਦੇ ਸਿਆਣੇ ਮਿਲ-ਬੈਠ ਕੇ ਗ਼ਲਤਫਹਿਮੀ ਦਾ ਨਿਪਟਾਰਾ ਕਰ ਲੈਣ। ਜੇ ਇਹ ਝਗੜਾ ਘਰ ਦੀ ਦਹਿਲੀਜ਼ ਤੋਂ ਬਾਹਰ ਨਿਕਲ ਜਾਵੇ ਤਾਂ ਚੁਣੌਤੀ ਬਹੁਤ ਗਹਿਰੀ ਹੋ ਜਾਂਦੀ ਹੈ। ਹਊਮੇ ਤੇ ਅੜੀਅਲ ਵਤੀਰੇ ਕਾਰਨ ਹੀ ਅਨੇਕਾਂ ਪਰਿਵਾਰ ਕਈ ਕਈ ਸਾਲਾਂ ਤੱਕ ਕਚਹਿਰੀਆਂ ਵਿੱਚ ਲੁੱਟ ਜਾਂਦੇ ਤੇ ਰੁਲਦੇ ਦੇਖੇ ਜਾ ਸਕਦੇ ਹਨ। ਅਸਲ ਵਿੱਚ ਜ਼ਿੰਦਗੀ ਵਿੱਚ ਪੈਰ-ਪੈਰ ’ਤੇ ਚੁਣੌਤੀਆਂ ਦੇ ਕੰਡੇ ਖਿਲਰੇ ਹੋਏ ਹਨ। ਇਨ੍ਹਾਂ ਤੋਂ ਬਚ ਕੇ ਜ਼ਿੰਦਗੀ ਮਾਣਦੇ ਰਹਿਣ ਵਿੱਚ ਹੀ ਸਿਆਣਪ ਹੈ।
ਸੰਪਰਕ: 98153-56086