ਬਿਜਲੀ ਮੀਟਰਾਂ ਦੇ ਟੁੱਟੇ ਬਕਸਿਆਂ ਕਾਰਨ ਹਾਦਸੇ ਦਾ ਖਦਸ਼ਾ
ਪੱਤਰ ਪ੍ਰੇਰਕ
ਕਾਲਾਂਵਾਲੀ, 27 ਜੂਨ
ਇੱਥੋਂ ਦੇ ਵਾਰਡ ਨੰਬਰ-2 ਦੀ ਮੰਗੂ ਪਨਵਾੜੀ ਵਾਲੀ ਗਲੀ ਵਿੱਚ ਬਿਜਲੀ ਨਿਗਮ ਵੱਲੋਂ ਲਗਾਏ ਗਏ ਮੀਟਰ ਬਕਸੇ ਟੁੱਟੇ ਹੋਣ ਕਾਰਨ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਗਲੀ ਦੇ ਵਾਸੀ ਲਾਲ ਚੰਦ, ਮਾਨ ਚੰਦ, ਕੰਚਨ ਰਾਣੀ, ਰੇਖਾ ਰਾਣੀ, ਰਚਨਾ ਰਾਣੀ, ਮੋਮਨ ਰਾਮ, ਸੁਰਿੰਦਰ ਕੁਮਾਰ, ਰਾਮ ਕੁਮਾਰ, ਕੱਦਾ ਰਾਮ, ਰਾਜਕੁਮਾਰ ਤੇ ਰੀਨਾ ਰਾਣੀ ਨੇ ਦੱਸਿਆ ਕਿ ਗਲੀ ਵਿੱਚ ਖੰਭੇ ‘ਤੇ ਲੱਗੇ ਬਿਜਲੀ ਦੇ ਮੀਟਰ ਦੇ ਬਕਸੇ ਬਹੁਤ ਨੀਵੇਂ ਹਨ ਅਤੇ ਰੱਖ-ਰਖਾਅ ਨਾ ਹੋਣ ਕਾਰਨ ਮੀਟਰ ਬਕਸੇ ਡਿੱਗਣ ਦੀ ਹਾਲਤ ਵਿੱਚ ਹਨ ਅਤੇ ਤਾਰਾਂ ਬਾਹਰ ਲਟਕ ਰਹੀਆਂ ਹਨ, ਜਿਸ ਕਾਰਨ ਵੱਡਾ ਹਾਦਸਾ ਹੋਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ, ਜਿਸ ਕਾਰਨ ਖੰਭੇ ‘ਤੇ ਲੱਗੇ ਮੀਟਰਾਂ ‘ਚ ਕਰੰਟ ਆ ਜਾਂਦਾ ਹੈ। ਜਿਸ ਕਾਰਨ ਗਲੀ ‘ਚ ਖੇਡਣ ਵਾਲੇ ਬੱਚਿਆਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰ ਵਿਭਾਗ ਦੇ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਗਲੀ ਵਾਸੀ ਬਿਜਲੀ ਘਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ।