ਵਿਦਿਆਰਥੀ ਦਾ ਨਾਂ ਕੱਟੇ ਜਾਣ ਖ਼ਿਲਾਫ਼ ਪਿਤਾ ਵੱਲੋਂ ਭੁੱਖ ਹੜਤਾਲ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ,18 ਅਗਸਤ
ਸਥਾਨਕ ਸੀਤਾ ਗਰਾਮਰ ਸਕੂਲ ‘ਚ ਪੜ੍ਹਦੇ ਚੌਥੀ ਜਮਾਤ ਦੇ ਵਿਦਿਆਰਥੀ ਦਾ ਕਥਿਤ ਤੌਰ ’ਤੇ ਫ਼ੀਸ ਮਾਮਲੇ ਨੂੰ ਲੈ ਕੇ ਸਕੂਲ ਵੱਲੋਂ ਨਾਂ ਕੱਟੇ ਜਾਣ ਦੇ ਵਿਰੋਧ ’ਚ ਵਿਦਿਆਰਥੀ ਦੇ ਪਿਤਾ ਵੱਲੋਂ ਅੱਜ ਸਕੂਲ ਅੱਗੇ ਸਕੂਲ ਧਰਨਾ ਦੇ ਕੇ ਸੰਕੇਤਕ ਭੁੱਖ ਹੜਤਾਲ ਕੀਤੀ ਗਈ।ਵਿਦਿਆਰਥੀ ਮਾਧਵ ਜਿੰਦਲ ਦੇ ਪਿਤਾ ਸਾਹਿਲ ਜਿੰਦਲ ਨੇ ਦੱਸਿਆ ਕਿ 6 ਜੁਲਾਈ ਨੂੰ ਉਸ ਦੇ ਪੁੱਤਰ ਦਾ ਸਕੂਲ ਨੇ ਬਿਨਾਂ ਕਾਰਨ ਦੱਸੇ ਨਾਂ ਕੱਟ ਦਿੱਤਾ ਤੇ ਸਕੂਲ ਮਨੈਜਮੈਂਟ ਵੱਲੋਂ ਉਸ ਨੂੰ ਟਰਾਂਸਫਰ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਅਤੇ ਸਕੂਲ ਦੇ ਵਾਟਸਐੱਪ ਸਟੱਡੀ ਗਰੁੱਪ ਵਿੱਚੋਂ ਵੀ ਨਾਂ ਡਿਲੀਟ ਕਰ ਦਿੱਤਾ ਗਿਆ ਹੈ। ਉਸ ਦਿਨ ਤੋਂ ਉਸ ਦਾ ਪੁੱਤਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ। ਉਸ ਨੇ ਇਸ ਮਾਮਲੇ ਨੂੰ ਲੈ ਕੇ ਸਕੂਲ ਪ੍ਰਿੰਸੀਪਲ ਨਾਲ ਗੱਲ ਕੀਤੀ,ਜਿਸ ਦਾ ਉਸ ਨੂੰ ਕੋਈ ਤਸੱਲੀ ਬਖ਼ਸ਼ ਜਵਾਬ ਨਾ ਮਿਲਿਆ। ਉਸ ਨੇ ਇਹ ਮਾਮਲਾ ਸਿਵਲ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਵੀ ਧਿਆਨ ‘ਚ ਲਿਆਂਦਾ ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ। ਉਸ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਲੜੀਵਾਰ ਭੁੱਖ ਹੜਤਾਲ ਦਾ ਸਿਲਸਿਲਾ ਸ਼ੁਰੂ ਕਰੇਗਾ। ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਨੇ ਮੌਕੇ ‘ਤੇ ਪੁੱਜ ਕੇ ਸਾਹਿਲ ਜਿੰਦਲ ਨਾਲ ਗੱਲਬਾਤ ਕੀਤੀ ।ਆਮ ਪਾਰਟੀ ਦੇ ਆਗੂਆਂ ਆਜ਼ਮ ਦਾਰਾ, ਪਿਆਰਾ ਸਿੰਘ ਖ਼ਾਲਸਾ, ਮੁਮਤਾਜ਼ ਨਾਗੀ, ਸ਼ਹਿਰਾਜ਼, ਰਾਣਾ, ਬਲਵੀਰ ਸਿੰਘ ਕਿਲ੍ਹਾ, ਗੁਰਪ੍ਰੀਤ ਸਿੰਘ ਆਦਿ ਨੇ ਮੌਕੇ ‘ਤੇ ਪੁੱਜ ਕੇ ਵਿਦਿਆਰਥੀ ਦੇ ਪਿਤਾ ਦੇ ਸੰਘਰਸ਼ ਨੂੰ ਹਮਾਇਤ ਦਿੱਤੀ। ਸਕੂਲ ਪ੍ਰਬੰਧਕਾਂ ਦੇ ਵਿਦੇਸ਼ ’ਚ ਹੋਣ ਕਰ ਕੇ ਪ੍ਰਬੰਧਕਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।