ਗਲੀ ’ਚ ਕਬਜ਼ੇ ਖ਼ਿਲਾਫ਼ ਧਰਨੇ ’ਤੇ ਬੈਠੇ ਪਿਉ-ਪੁੱਤ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 20 ਮਾਰਚ
ਪਿੰਡ ਚੂੰਘਾਂ ਵਾਸੀ ਪਿਉ-ਪੁੱਤ ਨੇ ਪਿੰਡ ਦੀ ਇੱਕ ਗਲੀ ’ਚ ਹੋਏ ਨਾਜਾਇਜ਼ ਕਬਜ਼ੇ ਖ਼ਿਲਾਫ਼ ਬੀਡੀਪੀਓ ਦਫ਼ਤਰ ਸ਼ਹਿਣਾ ਅੱਗੇ ਧਰਨਾ ਦਿੱਤਾ। ਧਰਨਾਕਾਰੀ ਅਮਨਦੀਪ ਸਿੰਘ ਅਤੇ ਉਸ ਦੇ ਪਿਤਾ ਸੁਖਵੰਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਸੱਥ ’ਚੋਂ ਇੱਕ 12 ਫੁੱਟ ਦੀ ਗਲੀ ਆਰ-ਪਾਰ ਲੰਘਦੀ ਹੈ। ਉਸ ਵਿੱਚ ਇੱਕ ਵਿਅਕਤੀ ਨੇ ਫਲੱਸ਼ ਦੇ ਡੱਗ ਬਣਾ ਲਏ ਹਨ ਅਤੇ ਰਸਤਾ ਖ਼ਰਾਬ ਕਰ ਦਿੱਤਾ ਹੈ। ਇਸ ਸਬੰਧੀ ਸਾਲ 2020 ’ਚ ਸ਼ਿਕਾਇਤ ਕੀਤੀ ਗਈ ਪਰ 4 ਸਾਲਾਂ ’ਚ ਨਾਜਾਇਜ਼ ਕਬਜ਼ੇ ਨਹੀਂ ਹਟਾਏ ਗਏ। ਕੱਲ੍ਹ ਉਨ੍ਹਾਂ ਨੂੰ ਜੇਸੀਬੀ ਮਸ਼ੀਨ ਲਿਆਉਣ ਲਈ ਕਿਹਾ ਗਿਆ ਅਤੇ ਉਹ ਮਸ਼ੀਨ ਵੀ ਲੈ ਆਏ ਪਰ ਮਸ਼ੀਨ ਸਾਰੀ ਦਿਹਾੜੀ ਖੜ੍ਹੀ ਰਹੀ ਕਿਉਂਕਿ ਕੋਈ ਵੀ ਅਧਿਕਾਰੀ ਕਬਜ਼ਾ ਹਟਾਉਣ ਨਹੀਂ ਆਇਆ ਅਤੇ ਉਪਰੋਂ ਕਹਿ ਦਿੱਤਾ ਕਿ ਸਟੇਅ ਆਰਡਰ ਆ ਗਏ ਹਨ ਅਤੇ ਨਾਜਾਇਜ਼ ਕਬਜ਼ਾ ਹਟਾਉਣ ਦੀ ਮਿਤੀ ਦੁਬਾਰਾ ਮਿੱਥੀ ਜਾਵੇਗੀ। ਉਨ੍ਹਾਂ ਕਿਹਾ ਕਿ ਮਸ਼ੀਨ ਦੀ ਦਿਹਾੜੀ ਵੀ ਉਨ੍ਹਾਂ ਦੇ ਗਲ ਪੈ ਗਈ।
ਧਰਨਾਕਾਰੀ ਪਿਉ-ਪੁੱਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸਟੇਅ ਆਰਡਰ ਦੇ ਹੁਕਮ ਦਿਖਾ ਦਿੱਤੇ ਜਾਣ ਅਤੇ ਉਹ ਧਰਨਾ ਚੁੱਕ ਲੈਣਗੇ। ਪੰਚਾਇਤ ਸੈਕਟਰੀ ਨੇ ਕਿਹਾ ਕਿ ਨਾਜਾਇਜ਼ ਕਬਜ਼ੇ ਦੇ ਸਬੰਧ ’ਚ ਮਤਾ ਪਾ ਦਿੱਤਾ ਗਿਆ ਹੈ। ਕੱਲ੍ਹ ਕਾਨੂੰਨੀ ਕਾਰਨਾਂ ਕਰਕੇ ਨਜ਼ਾਇਜ ਕਬਜ਼ਾ ਨਹੀਂ ਹਟਾਇਆ ਜਾ ਸਕਿਆ ਪਰ ਜਲਦੀ ਕਾਰਵਾਈ ਕੀਤੀ ਜਾਵੇਗੀ।