ਮਿਲਾਵਟੀ ਦੁੱਧ ਬਣਾਉਣ ਵਾਲਿਆਂ ਖ਼ਿਲਾਫ਼ ਸੰਘਰਸ਼ ਵਿੱਢਣਗੇ ਕਿਸਾਨ
ਪੱਤਰ ਪ੍ਰੇਰਕ
ਜ਼ੀਰਾ, 26 ਨਵੰਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੂਟਾ ਸਿੰਘ ਬੁਰਜ ਗਿੱਲ) ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਖੋਸਾ ਦਲ ਸਿੰਘ ਵਿੱਚ ਹੋਈ। ਇਸ ਮੌਕੇ ਗੁਰਦੇਵ ਸਿੰਘ ਮਰੂੜ, ਜ਼ਿਲ੍ਹਾ ਮੀਤ ਪ੍ਰਧਾਨ ਸਵਰਨ ਸਿੰਘ, ਬਲਾਕ ਪ੍ਰਧਾਨ ਬਹਾਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਆਗੂਆਂ ਨੇ ਕਿਹਾ ਕਿ ਸਾਰੇ ਭਾਰਤ ਵਿੱਚ ਰੋਜ਼ਾਨਾ 64 ਕਰੋੜ ਲਿਟਰ ਦੁੱਧ ਵਰਤਿਆ ਜਾਂਦਾ ਹੈ ਜਦਕਿ ਰੋਜ਼ਾਨਾ ਪਸ਼ੂਆਂ ਤੋਂ 14 ਕਰੋੜ ਲਿਟਰ ਦੁੱਧ ਹੀ ਪੈਦਾ ਹੁੰਦਾ ਹੈ। ਆਗੂਆਂ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਭਾਰਤ ਵਿੱਚ ਰੋਜ਼ਾਨਾ 50 ਕਰੋੜ ਲਿਟਰ ਮਿਲਾਵਟੀ ਦੁੱਧ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਕਲੀ ਦੁੱਧ ਕਾਰਨ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨਕਲੀ ਦੁੱਧ ਤਿਆਰ ਕਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਨੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਦੁੱਧ ਦੀ ਥਾਂ ਜ਼ਹਿਰ ਵੇਚਣ ਵਾਲਿਆਂ ਦਾ ਇਕੱਠੇ ਹੋ ਕੇ ਵਿਰੋਧ ਕਰਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਿਲਾਵਟੀ ਦੁੱਧ ਬਣਾਉਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਇਕਾਈ ਪ੍ਰਧਾਨ ਜਗਰਾਜ ਸਿੰਘ, ਜਨਰਲ ਸਕੱਤਰ ਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਸਤਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਅੰਗਰੇਜ਼ ਸਿੰਘ, ਬਲਜਿੰਦਰ ਸਿੰਘ, ਅਮਨਦੀਪ ਸਿੰਘ, ਮੰਦਰ ਸਿੰਘ ਆਦਿ ਹਾਜ਼ਰ ਸਨ।