ਡੱਲੇਵਾਲ ਦੇ ਸਮਰਥਨ ’ਚ ਭਲਕੇ ਖਨੌਰੀ ਬਾਰਡਰ ਪੁੱਜਣਗੇ ਕਿਸਾਨ
ਸਤਪਾਲ ਰਾਮਗੜ੍ਹੀਆ
ਪਿਹੋਵਾ, 17 ਦਸੰਬਰ
ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹਲਕਾ ਪ੍ਰਧਾਨ ਕੰਵਲਜੀਤ ਛੱਜੂਪੁਰ ਅਤੇ ਯੂਥ ਪ੍ਰਧਾਨ ਸੁਖਵਿੰਦਰ ਮੁਕੀਮਪੁਰਾ ਦੀ ਪ੍ਰਧਾਨਗੀ ਹੇਠ ਕਿਸਾਨ ਰੈਸਟ ਹਾਊਸ ਵਿੱਚ ਹੋਈ| ਇਸ ਮੌਕੇ ਐੱਮਐੱਸਪੀ ਸਣੇ ਸਾਰੀਆਂ ਮੰਗਾਂ ਦੇ ਹੱਕ ਵਿੱਚ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਸਰਬਸੰਮਤੀ ਨਾਲ ਸਮਰਥਨ ਕੀਤਾ ਗਿਆ। ਕਿਸਾਨ 19 ਦਸੰਬਰ ਨੂੰ ਸਵੇਰੇ 10 ਵਜੇ ਕਿਸਾਨ ਰੈਸਟ ਹਾਊਸ ਪਿਹੋਵਾ ਵਿੱਚ ਇਕੱਠੇ ਹੋ ਕੇ ਖਨੌਰੀ ਸਰਹੱਦ ’ਤੇ ਜਾਣਗੇ। ਯੂਥ ਪ੍ਰਧਾਨ ਸੁਖਵਿੰਦਰ ਮੁਕੀਮਪੁਰਾ ਨੇ ਦੱਸਿਆ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪਰ ਸਰਕਾਰ ਆਪਣੀ ਜ਼ਿੱਦ ਨਹੀਂ ਛੱਡ ਰਹੀ। ਜਦੋਂਕਿ ਪਿਛਲੇ ਅੰਦੋਲਨ ਦੌਰਾਨ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਸਣੇ ਇਨ੍ਹਾਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕਰਦਿਆਂ ਲਿਖਤੀ ਪੱਤਰ ਦਿੱਤਾ ਸੀ। ਸਰਕਾਰ ਲੋਕਤੰਤਰ ਦੀ ਮਰਿਆਦਾ ਨੂੰ ਭੁੱਲ ਗਈ ਹੈ। ਜੋ ਕਿ ਸਹੀ ਨਹੀਂ ਹੈ। ਬੀਕੇਯੂ ਦੇ ਬੁਲਾਰੇ ਪ੍ਰਿੰਸ ਵੜੈਚ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਸਾਰੇ ਕਿਸਾਨ ਆਗੂਆਂ ਨੂੰ ਡੱਲੇਵਾਲ ਦੇ ਮਰਨ ਵਰਤ ਸਣੇ ਅੰਦੋਲਨ ਸਬੰਧੀ ਮਾਮਲੇ ਦਾ ਵੀ ਨੋਟਿਸ ਲੈਣਾ ਚਾਹੀਦਾ ਹੈ, ਕਿਉਂਕਿ ਐੱਮਐੱਸਪੀ ਗਾਰੰਟੀ ਵਰਗੀ ਵੱਡੀ ਮੰਗ ਸੰਘਰਸ਼ ਰਾਹੀਂ ਹੀ ਪੂਰੀ ਹੋ ਸਕਦੀ ਹੈ। ਇਸ ਮੌਕੇ ਗੁਰਲਾਲ ਅਸਮਾਨਪੁਰ, ਅਜੈਬ ਸਿੰਘ, ਮਨੀਸ਼ ਮਲਿਕ, ਮਿਲੂ ਸਰਸਾ, ਰਮਨ ਕਾਹਲੋਂ, ਸੁਰਜੀਤ ਸਿੰਘ, ਦਿਲਬਾਗ ਮਲਿਕ, ਸਤਨਾਮ ਵਿਰਕ, ਕਾਕੂ ਚੀਮਾ, ਜਸ਼ਨ ਉੱਪਲ, ਰਾਜਪਾਲ ਵਿਰਕ, ਜਤਿੰਦਰ ਥਿੰਦ, ਬਬਲੂ ਜਾਂਗੜਾ, ਟਹਿਲ ਸਿੰਘ, ਜਗਦੀਸ਼ ਸੁਰਮੀ ਅਤੇ ਗੌਰਵ ਕੁਮਾਰ ਸਮੇਤ ਕਈ ਕਿਸਾਨ ਹਾਜ਼ਰ ਸਨ।