ਰਾਜਧਾਨੀ ਦੀ ਹਵਾ ਮੁੜ ‘ਗੰਭੀਰ’ ਸ਼੍ਰੇਣੀ ਵਿੱਚ
ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਦਸੰਬਰ
ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਈ ਹੈ। ਕਈ ਖੇਤਰਾਂ ਦਾ ਏਕਿਊਆਈ 400 ਨੂੰ ਪਾਰ ਕਰ ਗਿਆ ਹੈ। ਇਸ ਦੇ ਮੱਦੇਨਜ਼ਰ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੂੰ ਅੱਜ ਰਾਤ ਤੋਂ ਕੌਮੀ ਰਾਜਧਾਨੀ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿੱਚ ਜੀਆਰਏਪੀ 4 ਪਾਬੰਦੀਆਂ ਲਗਾਉਣੀਆਂ ਪਈਆਂ। ਇਸ ਤੋਂ ਪਹਿਲਾਂ ਸੋਮਵਾਰ ਦੁਪਹਿਰ ਨੂੰ, ਜੀਆਰਏਪੀ 3 ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ।
ਸੀਪੀਸੀਬੀ ਅਨੁਸਾਰ ਦਿੱਲੀ ਵਿੱਚ ਕਈ ਥਾਵਾਂ ਦਾ ਹਵਾ ਸੂਚਕਾਂਕ ਅੱਜ ਸਵੇਰੇ 8 ਵਜੇ 400 ਨੂੰ ਪਾਰ ਕਰ ਗਿਆ। ਇਸ ਦੇ ਨਾਲ ਹੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਧੁੰਦ ਦੀ ਚਾਦਰ ਛਾਈ ਰਹੀ ਅਤੇ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਦੁਪਹਿਰ ਨੂੰ ਗਰੁੱਪ-3 ਦੀਆਂ 9-ਪੁਆਇੰਟ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ ਸੀ ਅਤੇ ਰਾਤ 10 ਵਜੇ ਦਿੱਲੀ ਦਾ ਏਕਿਊਆਈ 401 ਯਾਨੀ ਗੰਭੀਰ ਸ਼੍ਰੇਣੀ ’ਤੇ ਪਹੁੰਚਣ ਤੋਂ ਬਾਅਦ, ਗਰੁੱਪ-4 ਦੀਆਂ ਸੱਤ-ਪੁਆਇੰਟ ਪਾਬੰਦੀਆਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ। ਦਿੱਲੀ ਐਨਸੀਆਰ ਵਿੱਚ ਇੱਕ ਵਾਰ ਫਿਰ ਸਿਹਤ ਸੰਕਟਕਾਲੀਨ ਸਥਿਤੀ ਪੈਦਾ ਹੋ ਗਈ ਹੈ। ਹਵਾ ਦਾ ਦਮ ਘੁੱਟਣ ਲੱਗਾ ਹੈ ਅਤੇ ਮੌਸਮ ਵੀ ਸਾਥ ਨਹੀਂ ਦੇ ਰਿਹਾ। ਫਿਲਹਾਲ ਐੱਨਸੀਆਰ ਦੇ ਸਾਰੇ ਸ਼ਹਿਰ ਰੈੱਡ ਜ਼ੋਨ ਵਿੱਚ ਚੱਲ ਰਹੇ ਹਨ। ਵਾਯੂਮੰਡਲ ਵਿੱਚ ਧੁੰਦ ਦੀ ਪਰਤ ਹੈ। ਦਿੱਲੀ ਦੇ ਸਾਰੇ ਇਲਾਕੇ ਵੀ ਗੰਭੀਰ ਪ੍ਰਦੂਸ਼ਣ ਦੀ ਲਪੇਟ ਵਿੱਚ ਹਨ। ਮਕਾਨ ਉਸਾਰੀ ਦੇ ਕਾਰਜਾਂ ਸਣੇ ਹੋਰ ਕੰਮਾਂ ’ਤੇ ਲਾਈ ਪਾਬੰਦੀ
ਫਰੀਦਾਬਾਦ (ਪੱਤਰ ਪ੍ਰੇਰਕ): ਦਿੱਲੀ ਤੋਂ ਇਲਾਵਾ ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ ਵਿੱਚ 9ਵੀਂ ਅਤੇ 11ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਲਾਜ਼ਮੀ ਤੌਰ ’ਤੇ ਆਨਲਾਈਨ ਜਮਾਤਾਂ ਲਾਉਣ ਲਈ ਕਿਹਾ ਗਿਆ ਹੈ। ਮਾਪੇ ਅਤੇ ਬੱਚੇ ਆਨਲਾਈਨ ਜਾਂ ਆਫਲਾਈਨ ਪੜ੍ਹਾਈ ਕਰਨ ਦੀ ਚੋਣ ਕਰ ਸਕਦੇ ਹਨ। ਐੱਨਸੀਆਰ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ, ਰਾਜ ਸਰਕਾਰਾਂ ਸਕੂਲਾਂ ਨੂੰ ਹਾਈਬ੍ਰਿਡ ਮੋਡ ਵਿੱਚ ਚਲਾਉਣ ਦਾ ਆਦੇਸ਼ ਦੇ ਸਕਦੀਆਂ ਹਨ। ਇਸ ਦੇ ਨਾਲ ਹੀ ਦਫ਼ਤਰਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਵੱਖਰੇ ਤੌਰ ‘ਤੇ ਤੈਅ ਕੀਤਾ ਜਾ ਸਕਦਾ ਹੈ।
ਹੁਣ ਦਿੱਲੀ-ਐੱਨਸੀਆਰ ਵਿੱਚ ਤੋੜਫੋੜ ਅਤੇ ਭਵਨ ਉਸਾਰੀ ਕਾਰਜਾਂ ’ਤੇ ਪਾਬੰਦੀ ਰਹੇਗੀ। ਫਲਾਈਓਵਰ, ਸੜਕਾਂ, ਰਾਸ਼ਟਰੀ ਰਾਜਮਾਰਗ, ਓਵਰਬ੍ਰਿਜ, ਨਿਰਮਾਣ ਸਮੱਗਰੀ ਲੈ ਕੇ ਜਾਣ ਵਾਲੇ ਵਾਹਨਾਂ, ਸਾਰੀਆਂ ਸਟੋਨ ਕਰੱਸ਼ਰ ਮਸ਼ੀਨਾਂ ਦੇ ਸੰਚਾਲਨ, ਮਾਈਨਿੰਗ ਅਤੇ ਸਬੰਧਤ ਗਤੀਵਿਧੀਆਂ ਵਰਗੇ ਪ੍ਰਾਜੈਕਟਾਂ ’ਤੇ ਵੀ ਪਾਬੰਦੀ ਹੋਵੇਗੀ। ਸਿਰਫ਼ ਹਸਪਤਾਲ, ਰੇਲ, ਮੈਟਰੋ, ਹਵਾਈ ਅੱਡੇ ਅਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਮਹੱਤਵਪੂਰਨ ਪ੍ਰਾਜੈਕਟਾਂ ਨੂੰ ਛੋਟ ਦਿੱਤੀ ਗਈ ਹੈ।
ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਏਕਿਊਆਈ ਦੀ ਸਥਿਤੀ
ਨਵੀਂ ਦਿੱਲੀ: ਇੱਥੇ ਆਨੰਦ ਵਿਹਾਰ ਵਿੱਚ ਏਕਿਊਆਈ 467 (ਗੰਭੀਰ) ਸੀ ਜਦੋਂ ਕਿ ਅਲੀਪੁਰ-454 (ਗੰਭੀਰ) ਅਸ਼ੋਕ ਵਿਹਾਰ-459 (ਗੰਭੀਰ), ਦੁਆਰਕਾ ਸੈਕਟਰ-8429 (ਗੰਭੀਰ) ਸੀ। ਜਹਾਂਗੀਰਪੁਰੀ-468 (ਗੰਭੀਰ), ਨਜਫਗੜ੍ਹ-358 (ਬਹੁਤ ਮਾੜਾ) ਰੋਹਿਨੀ-464 (ਗੰਭੀਰ) ਆਰਕੇਪੁਰਮ-427(ਗੰਭੀਰ) ਨਾਰੇਲਾ-427 ਗੰਭੀਰ , ਗਾਜ਼ੀਆਬਾਦ 374 (ਬਹੁਤ ਖਰਾਬ) ਨੋਇਡਾ ਸੈਕਟਰ-62 (ਗੰਭੀਰ) ਹਵਾ ਗੁਣਵੱਤਾ ਰਹੀ। ਰਾਜਧਾਨੀ ਵਿੱਚ ਏਕਿਊਆਈ ਵਧਣ ਕਾਰਨ ਅੱਜ ਸਵੇਰੇ ਪਾਰਕਾਂ ਅਤੇ ਸੜਕਾਂ ’ਤੇ ਆਮ ਨਾਲੋਂ ਘੱਟ ਲੋਕ ਦਿਖਾਈ ਦਿੱਤੇ। ਵਾਹਨ ਵੀ ਦਿਨੇ ਲਾਈਟਾਂ ਜਗਾ ਦੇ ਜਾ ਰਹੇ ਸਨ। ਧੁਆਂਖੀ ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਬਹੁਤ ਹੌਲੀ ਸੀ। ਲੋਕਾਂ ਨੂੰ ਸੜਕਾਂ ’ਤੇ ਚੱਲਣਾ ਕਾਫ਼ੀ ਮੁਸ਼ਕਲ ਜਾਪਦਾ ਸੀ।
ਧੁੰਦ ਕਾਰਨ ਪੁਲੀਸ ਨੇ ਵਾਹਨਾਂ ’ਤੇ ਰਿਫਲੈਕਟਰ ਲਾਏ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਰਦੀ ਦੇ ਮੌਸਮ ਤੇ ਧੁੰਦ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਵੱਲੋਂ ਵਾਹਨਾਂ ਖਾਸ ਕਰਕੇ ਟਰੈਕਟਰ ਟਰਾਲੀਆਂ ’ਤੇ ਰਿਫਲੈਕਟਰ ਲਾਉਣ ਦੀ ਮੁਹਿੰਮ ਆਰੰਭੀ ਗਈ ਹੈ। ਜ਼ਿਲ੍ਹਾ ਟਰੈਫਿਕ ਪੁਲੀਸ ਨੇ ਸ਼ੁਗਰ ਮਿੱਲ ਸ਼ਾਹਬਾਦ ਦੇ ਅਧਿਕਾਰੀਆਂ ਨਾਲ ਮਿਲ ਕੇ ਮਿੱਲ ਵਿੱਚ ਗੰਨਾ ਲੈ ਕੇ ਜਾਣ ਵਾਲੇ ਟਰੈਕਟਰ ਟਰਾਲੀਆਂ ’ਤੇ ਟੇਪ ਲਾ ਕੇ ਡਰਾਈਵਰਾਂ ਨੂੰ ਸਰਦੀ ਦੇ ਮੌਸਮ ਖਾਸ ਕਰਕੇ ਧੁੰਦ ਵਿੱਚ ਸਾਵਧਾਨ ਰਹਿਣ ਦੀ ਹਦਾਇਤ ਕੀਤੀ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੇ ਪੁਲੀਸ ਜ਼ਿਲ੍ਹਾ ਕਪਤਾਨ ਵਰੁਣ ਸਿੰਗਲਾ ਦੀਆਂ ਹਦਾਇਤਾਂ ਅਨੁਸਾਰ ਪੁਲੀਸ ਵਿਭਾਗ ਤੇ ਆਰਟੀਏ ਵਿਭਾਗ ਨੇ ਸਾਂਝੇ ਤੌਰ ’ਤੇ 200 ਦੇ ਕਰੀਬ ਟਰੈਕਟਰ ਟਰਾਲੀਆਂ, ਥ੍ਰੀ ਵੀਲਰ, ਰਿਕਸ਼ਾ ਤੇ ਈ ਰਿਕਸ਼ਾ ਲਾਵਾਰਸ ਗਊਆਂ ਦੇ ਗਲੇ ਵਿੱਚ ਕਊ ਬੈਲਟ ਆਦਿ ਪਾ ਕੇ ਮੁਫ਼ਤ ਰਿਫਲੈਕਟਰ ਟੇਪ ਲਾਈ, ਤਾਂ ਜੋ ਧੁੰਦ ਦੇ ਦਿਨਾਂ ਵਿੱਚ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਇਸ ਦੌਰਾਨ ਆਰਟੀਏ ਇੰਸਪੈਕਟਰ ਜੋਗਿੰਦਰ ਢੁੱਲ ਨੇ ਕਿਸਾਨਾਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀਉਂ ਇਸ ਮੌਕੇ ਜੋਗਿੰਦਰ ਢੁੱਲ ਆਰਟੀਏ ਇੰਸਪੈਕਟਰ, ਸੁਰਿੰਦਰ ਸਿੰਘ ਕੇਲ ਮੇਨੇਜਰ, ਸੁਭਾਸ਼ ਹਰਸੋਲਾ, ਮੁਨੀਸ਼, ਵੀਰੇਂਦਰ ਵਿਕਰਮ ਆਦਿ ਮੌਜੂਦ ਸਨ।