ਕਿਸਾਨ 26 ਟੌਲ ਪਲਾਜ਼ਿਆਂ ਤੋਂ ਅੱਜ ਚੁੱਕਣਗੇ ਪੱਕੇ ਮੋਰਚੇ
* ਝੋਨੇ ਦੀ ਖਰੀਦ ’ਚ ਅੜਿੱਕੇ ਖਿਲਾਫ਼ ਮੰਡੀਆਂ ਵਿੱਚ ਵੀ ਰੋਸ ਮੁਜ਼ਾਹਰੇ ਕਰਨ ਦਾ ਐਲਾਨ
ਆਤਿਸ਼ ਗੁਪਤਾ
ਚੰਡੀਗੜ੍ਹ, 12 ਨਵੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪੰਜਾਬ ਵਿੱਚ 26 ਟੌਲ ਪਲਾਜ਼ਿਆਂ ’ਤੇ ਸ਼ੁਰੂ ਕੀਤੇ ਪੱਕੇ ਮੋਰਚੇ 13 ਨਵੰਬਰ ਤੋਂ ਖ਼ਤਮ ਕਰਕੇ ਝੋਨੇ ਦੀ ਖਰੀਦ ’ਚ ਅੜਿੱਕਿਆਂ ਖਿਲਾਫ਼ 14 ਨਵੰਬਰ ਤੋਂ ਮੰਡੀਆਂ ਵਿੱਚ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ, ਲਿਫਟਿੰਗ, ਪਰਾਲੀ ਤੇ ਹੋਰਨਾਂ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਕਿਸਾਨ ਜਥੇਬੰਦੀ ਨੇ 14 ਨਵੰਬਰ ਤੋਂ ਵਿਧਾਨ ਸਭਾ ਹਲਕਾ ਬਰਨਾਲਾ ਤੇ ਗਿੱਦੜਬਾਹਾ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਭਾਜਪਾ ਅਤੇ ‘ਆਪ’ ਉਮੀਦਵਾਰਾਂ ਖਿਲਾਫ਼ ਮੁਜ਼ਾਹਰਿਆਂ ਨੂੰ ਰਫ਼ਤਾਰ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਕਿਸਾਨੀ ਮੰਗਾਂ ਅਤੇ ਕਾਰਪੋਰੇਟ ਪੱਖੀ ਨੀਤੀਆਂ ਬਾਰੇ ਸਟੈਂਡ ਸਪਸ਼ਟ ਕਰਨ ਸਬੰਧੀ ਸਵਾਲ ਪੁੱਛੇ ਜਾਣਗੇ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਉਪਰੋਕਤ ਫੈਸਲਿਆਂ ਦੀ ਪੁਸ਼ਟੀ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਵੀ ਪੰਜਾਬ ਵਿੱਚ 26 ਟੌਲ ਪਲਾਜ਼ਿਆਂ ਸਣੇ ਬਰਨਾਲਾ ਤੇ ਗਿੱਦੜਬਾਹਾ ਵਿੱਚ ਭਾਜਪਾ ਤੇ ‘ਆਪ’ ਉਮੀਦਵਾਰਾਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਜਾਰੀ ਰਹੇ।
ਕਿਸਾਨਾਂ ’ਤੇ ਲਾਠੀਚਾਰਜ ਦੀ ਨਿਖੇਧੀ
ਕਿਸਾਨ ਆਗੂਆਂ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਦੀ ਦਾਣਾ ਮੰਡੀ ਵਿੱਚ ਲੰਗਰ ਛਕ ਰਹੇ ਸ਼ਾਂਤਮਈ ਧਰਨਾਕਾਰੀ ਕਿਸਾਨਾਂ ਉੱਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵੱਲੋਂ ਧਰਨੇ ਤੋਂ ਸੈਂਕੜੇ ਮੀਟਰ ਦੂਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਖੁਦ ਭੰਨ ਕੇ ਉਲਟਾ ਕਿਸਾਨਾਂ ਵਿਰੁੱਧ ਹੀ ਝੂਠੇ ਕੇਸ ਦਰਜ ਕੀਤੇ ਗਏ। ਜਥੇਬੰਦੀ ਨੇ ਮੰਗ ਕੀਤੀ ਕਿ ਕਿਸਾਨਾਂ ਵਿਰੁੱਧ ਝੂਠੇ ਕੇਸ ਰੱਦ ਕੀਤੇ ਜਾਣ ਅਤੇ ਬਿਨਾਂ ਵਜ੍ਹਾ ਲਾਠੀਚਾਰਜ ਦੇ ਦੋਸ਼ੀ ਪੁਲੀਸ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।