ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਸਨਮਾਨੇ
ਪੱਤਰ ਪ੍ਰੇਰਕ
ਮਹਿਲ ਕਲਾਂ, 16 ਜੁਲਾਈ
ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਤਹਿਤ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਦੀਸ਼ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਛਾਪਾ ਵਿੱਚ ਬਲਾਕ ਪੱਧਰੀ ਕਿਸਾਨ ਗੋਸ਼ਟੀ ਕਰਵਾਈ ਗਈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਪਿਛਲੇ ਸਾਲਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਖੇਤੀ ਮਸ਼ੀਨਰੀ ’ਤੇ 40 ਤੋਂ 80 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਨਰਮੇ ਦੇ ਬੀਜ ’ਤੇ 33 ਫ਼ੀਸਦ ਸਬਸਿਡੀ ਤੇ ਝੋਨੇ ਦੀ ਸਿੱਧੀ ਬਿਜਾਈ ’ਤੇ 1500 ਰੁਪਏ ਪ੍ਰਤੀ ਏਕੜ ਵਿਤੀ ਮਦਦ ਦਿੱਤੀ ਜਾਂਦੀ ਹੈ। ਭੂਮੀ ਰੱਖਿਆ ਅਫ਼ਸਰ ਪਰਮਿੰਦਰ ਸਿੰਘ ਨੇ ਤੁਪਕਾ ਸਿੰਜਾਈ ਤੇ ਸਰਕਾਰ ਵੱਲੋਂ ਨਹਿਰਾਂ ਵਿੱਚ ਪਾਣੀ ਦੀ ਸਪਲਾਈ ਬਾਰੇ ਜਾਣਕਾਰੀ ਦਿੱਤੀ। ਡਾ ਸੁਰਿੰਦਰ ਸਿੰਘ ਕੇਵੀਕੇ ਹੰਡਿਆਇਆ ਨੇ ਕਿਸਾਨਾਂ ਨੂੰ ਸਹਾਹਿਕ ਧੰਦਿਆਂ ਬਾਰੇ ਦੱਸਿਆ। ਡਾ. ਅਮਨਦੀਪ ਕੌਰ ਫਾਰਮ ਸਲਾਹਕਾਰ ਕੇਂਦਰ, ਬਰਨਾਲਾ ਨੇ ਕੀੜੇ ਮਕੌੜਿਆਂ ਦੇ ਹੱਲ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਡਾ. ਪਰਮੋਲਪ੍ਰੀਤ ਕੌਰ, ਡਾ. ਜੈਸਮੀਨ ਸਿੱਧੂ ਤੇ ਸਨਵਿੰਦਰਪਾਲ ਨੇ ਵੀ ਸੰਬੋਧਨ ਕੀਤਾ।