ਝੋਨਾ ਨਾ ਖਰੀਦਣ ’ਤੇ ਕਿਸਾਨਾਂ ਵੱਲੋਂ ਇੰਸਪੈਕਟਰ ਦਾ ਘਿਰਾਓ
ਪੱਤਰ ਪ੍ਰੇਰਕ
ਅਜੀਤਵਾਲ, 20 ਨਵੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪਿੰਡ ਕੋਕਰੀ ਕਲਾਂ ਦੀ ਦਾਣਾ ਮੰਡੀ ਵਿੱਚ ਰੁਲ ਰਹੀ ਝੋਨੇ ਦੀ ਫ਼ਸਲ ਦੇ ਰੋਸ ਵਜੋਂ ਖਰੀਦ ਏਜੰਸੀ ਦੇ ਇੰਸਪੈਕਟਰ ਦਾ ਘਿਰਾਓ ਕੀਤਾ। ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਕੋਕਰੀ ਤੇ ਬਲਾਕ ਪ੍ਰਧਾਨ ਜਗਜੀਤ ਸਿੰਘ ਮੱਦੋਕੇ ਨੇ ਕਿਹਾ ਕਿ ਸਰਕਾਰ ਦੀਆਂ ਇਹ ਚਾਲਾਂ ਸਾਬਤ ਕਰਦੀਆਂ ਹਨ ਕਿ ਸਰਕਾਰਾਂ ਤੇ ਸਿਸਟਮ ਨੂੰ ਸਿਰਫ਼ ’ਤੇ ਸਿਰਫ਼ ਵੱਡੀਆਂ ਕੰਪਨੀਆਂ ਕਾਰਪੋਰੇਟਾਂ ਦੀਆਂ ਨੀਤੀਆਂ ਲਾਗੂ ਕਰਨ ਦੀ ਫਿਕਰ ਹੈ, ਇਸ ਲਈ ਕਿਸਾਨਾਂ ’ਤੇ ਬੇਲੋੜੀਆਂ ਸ਼ਰਤਾਂ ਲਾ ਉਨ੍ਹਾਂ ਦੇ ਹੱਕਾਂ ’ਤੇ ਮਾਰੂ ਹਮਲੇ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਸਾਰੀ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਵਿਕਾਇਆ ਜਾਵੇਗਾ| ਆਗੂਆਂ ਨੇ ਕਿਹਾ ਕਿ ਕਿਸਾਨੀ ਉੱਪਰ ਕੀਤੇ ਜਾ ਰਹੇ ਇਹ ਹਮਲੇ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਝੋਨੇ ਦਾ ਦਾਣਾ-ਦਾਣਾ ਵਿਕਣ ਤੱਕ ਸੰਘਰਸ਼ ਜਾਰੀ ਰਹੇਗਾ| ਇਸ ਮੌਕੇ ਬਲਾਕ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਪੱਪੂ, ਇਕਬਾਲ ਸਿੰਘ ਕੋਕਰੀ, ਗੁਰਜੰਟ ਸਿੰਘ ਕੋਕਰੀ, ਬਲਦੇਵ ਸਿੰਘ ਕਿਲੀ, ਗੁਰਦੇਵ ਸਿੰਘ ਚੜਿੱਕ, ਅਜਮੇਰ ਸਿੰਘ ਹੇਰ ਤੇ ਹੋਰ ਹਾਜ਼ਰ ਸਨ।