ਕਿਸਾਨਾਂ ਨੇ ਨਹਿਰੀ ਵਿਭਾਗ ਦਾ ਦਫ਼ਤਰ ਘੇਰਿਆ
ਪੱਤਰ ਪ੍ਰੇਰਕ
ਟੋਹਾਣਾ, 7 ਜੂਨ
ਘੱਗਰ ਵਿੱਚ ਆਉਂਦੇੇ ਬਰਸਾਤੀ ਪਾਣੀ ਤੋਂ ਪੀੜਤ ਪਿੰਡ ਨੜੈਲ ਦੇ ਕਿਸਾਨਾਂ ਨੇ ਅੱਜ ਨਹਿਰੀ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਖੇਤਾਂ ਦਾ ਪੱਧਰ ਨੀਵਾਂ ਹੋਣ ਕਾਰਨ ਬਰਸਾਤੀ ਪਾਣੀ ਖੇਤਾਂ ਵਿੱਚ ਜਮ੍ਹਾਂ ਰਹਿਣ ‘ਤੇ ਉਹ ਸੂਬਾ ਸਰਕਾਰ ਤੋਂ ਰੀਚਾਰਜ਼ ਬੋਰ ਲਾਉਣ ਦੀ ਮੰਗ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਪਿੰਡ ਨੜੈਲ ਦੇ ਕਿਸਾਨ ਚਰਨਜੀਤ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ, ਅਜਾਇਬ ਸਿੰਘ, ਮੰਗੂ ਸਿੰਘ, ਗੁਲਾਬ ਸਿੰਘ, ਗੁਰਦੀਪ ਸਿੰਘ ਨੇ ਦੋਸ਼ ਲਾਇਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਨਹਿਰੀ ਵਿਭਾਗ ਟੋਹਾਣਾ ਦਫ਼ਤਰ ਵਿੱਚ ਬੋਰਵੈੱਲ ਲਾਉਣ ਦੀ ਮੰਗ ਨੂੰ ਲੈ ਕੇ ਅਫ਼ਸਰਾਂ ਨੂੰ ਮਿਲ ਰਹੇ ਸਨ ਪਰ ਉਨ੍ਹਾਂ ਨੂੰ ਤਾਰੀਖ਼ ਬਰ ਤਾਰੀਖ਼ ਦੇਣ ‘ਤੇ ਅੱਜ ਉਹ ਕਿਸਾਨ ਜੱਥੇਬੰਦੀਆਂ ਦੇ ਨਾਲ ਐੱਸਡੀਓ ਦੀਪਕ ਮਲਿਕ ਨੂੰ ਮਿਲਣ ਲਈ ਆਏ ਸਨ। ਐੱਸਡੀਓ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਉਲਟਾ ਕਿਸਾਨਾਂ ਨੂੰ ਅਪਸ਼ਬਦ ਬੋਲੇ। ਕਿਸਾਨਾਂ ਦਾ ਦੋਸ਼ ਹੈ ਕਿ ਐੱਸਡੀਓ ਵਿਭਾਗ ਉਨ੍ਹਾਂ ਦੀ ਫਰਿਆਦ ਸੁਣੇ ਬਗੈਰ ਚਲੇ ਗਿਆ। ਕਿਸਾਨਾਂ ਨੇ ਨਹਿਰੀ ਵਿਭਾਗ ਦੇ ਦਫ਼ਤਰ ਅੱਗੇ ਬੇਮਿਆਦੀ ਧਰਨਾ ਆਰੰਭ ਦਿੱਤਾ। ਜਦੋਂ ਕਿਸਾਨ ਦੀ ਸਮੱਸਿਆਵਾਂ ਬਾਰੇ ਐੱਸਡੀਓ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਦਾ ਮੋਬਾਈਲ ਬੰਦ ਆ ਰਿਹਾ ਸੀ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਬ੍ਰਿਜ ਭੂਸ਼ਣ ਦਾ ਪੁਤਲਾ ਫੂਕਿਆ
ਰਤੀਆ (ਪੱਤਰ ਪ੍ਰੇਰਕ): ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਬ੍ਰਿਜ ਭੂਸ਼ਣ ਦਾ ਪੁਤਲਾ ਫੂਕਿਆ ਗਿਆ। ਜ਼ਿਲ੍ਹਾ ਕਨਵੀਨਰ ਪਰਮਜੀਤ ਲਾਲੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਧੀਆਂ ਸੁਰੱਖਿਅਤ ਨਹੀਂ ਹਨ, ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਮਹਿਜ਼ ਇੱਕ ਧੋਖਾ ਬਣ ਕੇ ਰਹਿ ਗਿਆ ਹੈ। ਇਸ ਮੌਕੇ ਸ਼ਹਿਰੀ ਕਮੇਟੀ ਦੇ ਪ੍ਰਧਾਨ ਗੁਰਮੇਲ ਰਤੀਆ, ਮਲਕੀਤ ਰਤੀਆ, ਨੌਜਵਾਨ ਸਭਾ ਦੇ ਸਾਬਕਾ ਆਗੂ ਸੁਰਜੀਤ ਰਤੀਆ, ਅਜੈ ਰਤੀਆ ਹਾਜ਼ਰ ਸਨ।