For the best experience, open
https://m.punjabitribuneonline.com
on your mobile browser.
Advertisement

ਭੰਗਾਲਾ ’ਚ ਕੌਮੀ ਮਾਰਗ ’ਤੇ ਡਟੇ ਹੋਏ ਨੇ ਕਿਸਾਨ

11:36 AM Oct 20, 2024 IST
ਭੰਗਾਲਾ ’ਚ ਕੌਮੀ ਮਾਰਗ ’ਤੇ ਡਟੇ ਹੋਏ ਨੇ ਕਿਸਾਨ
ਭੰਗਾਲਾ ਵਿੱਚ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਤੇ ਸਾਬਕਾ ਵਿਧਾਇਕਾ ਇੰਦੂ ਬਾਲਾ।
Advertisement

ਪੱਤਰ ਪ੍ਰੇਰਕ
ਮੁਕੇਰੀਆਂ, 19 ਅਕਤੂਬਰ
ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਚੁਕਾਈ ਨਾ ਹੋਣ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਮਾਰਗ ’ਤੇ ਭੰਗਾਲਾ ਵਿੱਚ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਦੇ ਇਸ ਧਰਨੇ ਵਿੱਚ ਕਾਂਗਰਸ ਦੀ ਸਾਬਕਾ ਵਿਧਾਇਕਾ ਇੰਦੂ ਬਾਲਾ ਨੇ ਸ਼ਿਰਕਤ ਕਰਦਿਆਂ ਧਰਨਾਕਾਰੀਆਂ ਦੇ ਸੰਘਰਸ਼ ਦਾ ਸਮਰਥਨ ਕੀਤਾ। ਆਗੂਆਂ ਅਨੁਸਾਰ ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਕੇਂਦਰ ਤੇ ਸੂਬੇ ਦੀ ਸੱਤਾ ’ਤੇ ਕਾਬਜ਼ ਇੱਥੋਂ ਦੇ ਭਾਜਪਾ ਵਿਧਾਇਕ ਅਤੇ ‘ਆਪ’ ਆਗੂਆਂ ਸਣੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਧਰਨੇ ਤੋਂ ਦੂਰੀ ਬਣਾਈ ਹੋਈ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਵਿਜੇ ਸਿੰਘ ਬਹਿਬਲਮੰਝ, ਸੌਰਵ ਬਿੱਲਾ ਸਰਪੰਚ, ਜਗਦੇਵ ਸਿੰਘ ਭੱਟੀਆਂ, ਸਤਨਾਮ ਸਿੰਘ ਬਾਗੜੀਆਂ, ਗੁਰਨਾਮ ਸਿੰਘ ਜਹਾਨਪੁਰ, ਅਵਤਾਰ ਸਿੰਘ ਬੌਬੀ, ਉਂਕਾਰ ਸਿੰਘ ਪੁਰਾਣਾ ਭੰਗਾਲਾ ਆਦਿ ਨੇ ਝੋਨੇ ਦੀ ਖਰੀਦ ਅਤੇ ਚੁਕਾਈ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਸਾਬਕਾ ਵਿਧਾਇਕਾ ਇੰਦੂ ਬਾਲਾ ਨੇ ਮੰਗ ਕੀਤੀ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਚੁਕਾਈ ਤੁਰੰਤ ਸ਼ੁਰੂ ਕਰਵਾਈ ਜਾਵੇ। ਸਾਬਕਾ ਵਿਧਾਇਕ ਨੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਉਹ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਸਾਥ ਦੇਣਗੇ।
ਗੁਰਦਾਸਪੁਰ (ਜਤਿੰਦਰ ਬੈਂਸ): ਝੋਨੇ ਦੀ ਖ਼ਰੀਦ ਸ਼ੁਰੂ ਕਰਾਉਣ ਲਈ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਡੀਸੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਕਿਸਾਨ ਸਵੇਰੇ ਪਹਿਲਾਂ ਮੱਖਣ ਸਿੰਘ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਤਰਲੋਕ ਸਿੰਘ ਬਹਿਰਾਮਪੁਰ, ਬਲਬੀਰ ਸਿੰਘ ਕੱਤੋਵਾਲ ਦੀ ਅਗਵਾਈ ਹੇਠ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਇੱਕਠੇ ਹੋਏ ਅਤੇ ਮਾਰਚ ਕਰਕੇ ਡੀਸੀ ਰਿਹਾਇਸ਼ ਵੱਲ ਰਵਾਨਾ ਹੋਏ। ਉਨ੍ਹਾਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੀ ਮੰਗ ਕੀਤੀ। ਧਰਨੇ ਉਪਰੰਤ ਡੀਸੀ ਨੂੰ ਗੱਲਬਾਤ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਡੀਸੀ ਨੇ ਭਰੋਸਾ ਦਿੱਤਾ ਕਿ ਰੋਜ਼ਾਨਾ ਉੱਚ ਅਧਿਕਾਰੀਆਂ ਮੰਡੀਆਂ ਦਾ ਦੌਰਾ ਕਰਨਗੇ ਅਤੇ ਕਿਸਾਨਾਂ ਨੂੰ ਝੋਨੇ ਦਾ ਭਾਅ ਤੈਅ ਭਾਅ ਤੋਂ ਘੱਟ ਨਹੀਂ ਲਗੇਗਾ। ਕਿਸਾਨਾਂ ਵੱਲੋਂ ਡੀਸੀ ਰਿਹਾਇਸ਼ ਨੇੜੇ ਸਥਿਤ ਫਿਸ਼ ਪਾਰਕ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਕਿਸਾਨਾਂ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਮੰਡੀ ਸਿਸਟਮ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਸਰਕਾਰ ਹੱਥ ’ਤੇ ਹੱਥ ਧਰੀ ਬੈਠੀ ਹੈ।

Advertisement

ਕਿਸਾਨ ਝੋਨਾ ਪ੍ਰਾਈਵੇਟ ਸ਼ੈਲਰ ਮਾਲਕਾਂ ਨੂੰ ਵੇਚਣ ਲਈ ਹੋਏ ਮਜਬੂਰ

ਅਜਨਾਲਾ (ਸੁਖਦੇਵ ਸੁੱਖ): ਸੂਬੇ ਅੰਦਰ ਵੱਖ-ਵੱਖ ਮੰਡੀਆਂ ਵਿੱਚ ਪਰਮਲ ਝੋਨੇ ਦੀ ਖਰੀਦ ਨਾ ਹੋਣ ਕਰਨ ਕਿਸਾਨ ਪ੍ਰੇਸ਼ਾਨ ਹਨ। ਇਥੇ ਕਿਸਾਨ ਨਰਿੰਦਰ ਸਿੰਘ, ਧਨਵੰਤ ਸਿੰਘ, ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਉਹ ਸੁੱਕਾ ਝੋਨਾ ਜਿਸ ਦੀ ਨਮੀ 17 ਫ਼ੀਸਦ ਤੋਂ ਵੀ ਘੱਟ ਹੈ, ਲੈ ਕੇ ਆਏ ਹਨ ਪਰ ਕਿਸੇ ਵੀ ਏਜੰਸੀ ਵੱਲੋਂ ਖਰੀਦ ਨਹੀਂ ਕੀਤੀ ਜਾ ਰਹੀ। ਇਸ ਕਾਰਨ ਉਹ ਆਪਣਾ ਸਰਕਾਰੀ ਭਾਅ ਵਾਲਾ ਝੋਨਾ ਪ੍ਰਾਈਵੇਟ ਨਿਜੀ ਸ਼ੈਲਰਾਂ ਨੂੰ ਵੇਚਣ ਲਈ ਮਜਬੂਰ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਸਰਕਾਰੀ ਖਰੀਦ ਮੁਤਾਬਕ ਹਰ ਰੋਜ਼ ਖਰੀਦ ਕਰਕੇ ਬਾਰਦਾਨੇ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਲ ਪੇਸ਼ ਨਾ ਆ ਸਕੇ।

Advertisement

ਵਿਧਾਇਕ ਦੇ ਘਰ ਅੱਗੇ ਭਲਕ ਤੋਂ ਤਿੰਨ ਰੋਜ਼ਾ ਧਰਨੇ ਦਾ ਐਲਾਨ

ਤਰਨ ਤਾਰਨ (ਗੁਰਬਖਸ਼ਪੁਰੀ): ਕਿਰਤੀ ਕਿਸਾਨ ਯੂਨੀਅਨ ਦੀ ਸਥਨਾਕ ਜ਼ਿਲ੍ਹਾ ਇਕਾਈ ਨੇ ਕਿਸਾਨਾਂ ਦੀਆਂ ਮੰਗਾਂ ਬਾਰੇ ਵਿਚਾਰਾਂ ਕਰਨ ਲਈ ਅੱਜ ਇੱਥੇ ਮੀਟਿੰਗ ਕਰਕੇ ਬਾਸਮਤੀ ਦੀਆਂ ਕੀਮਤਾਂ ਦੇ ਬਹੁਤ ਥੱਲੇ ਡਿੱਗ ਜਾਣ ਖਿਲਾਫ਼ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਰਿਹਾਇਸ਼ ਅੱਗੇ 21 ਅਕਤੂਬਰ ਤੋਂ ਤਿੰਨ ਰੋਜ਼ਾ ਧਰਨਾ ਲਗਾਉਣ ਦਾ ਐਲਾਨ ਕੀਤਾ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਦੀ ਅਗਵਾਈ ਵਿੱਚ ਕੀਤੀ। ਇਸ ਦੌਰਾਨ ਆਗੂਆਂ ਨੇ ਝੋਨੇ ਦੀ ਖਰੀਦ ਬਿਨਾਂ ਦੇਰੀ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ|

Advertisement
Author Image

sukhwinder singh

View all posts

Advertisement