ਕਾਲਜ ਦੀ ਪ੍ਰਧਾਨਗੀ ਲਈ ਤਕਰਾਰ, ਪਿਉ-ਪੁੱਤਰ ਜ਼ਖਮੀ
ਜਸਵੀਰ ਚਾਨਾ
ਫਗਵਾੜਾ, 19 ਅਕਤੂਬਰ
ਇਥੋਂ ਦੇ ਹਦੀਆਬਾਦ ਖੇਤਰ ਨੇੜੇ ਇੱਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪਿਓ-ਪੁੱਤਰ ਦੇ ਗੰਭੀਰ ਸੱਟਾਂ ਵੱਜੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਦਿਲਪ੍ਰੀਤ ਸਿੰਘ ਅਤੇ ਕੁਲਵਿੰਦਰ ਸਿੰਘ ਵਜੋਂ ਹੋਈ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਹਦੀਆਬਾਦ ਖੇਤਰ ’ਚ ਪੈਂਦੇ ਕਾਲਜ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਣੀ ਸੀ। ਇਸ ਤੋਂ ਪਹਿਲਾਂ ਹੀ ਕੁਝ ਨੌਜਵਾਨ ਇਕੱਠੇ ਹੋ ਕੇ ਆਏ ਤੇ ਉਸ ’ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਫਾਰਚੂਨਰ ਗੱਡੀ ਦੀ ਵੀ ਬੁਰੀ ਤਰ੍ਹਾਂ ਨਾਲ ਭੰਨ ਤੋੜ ਕਰ ਦਿੱਤੀ। ਇਸ ਦੌਰਾਨ ਦਿਲਪ੍ਰੀਤ ਅਤੇ ਉਸ ਦੇ ਪਿਤਾ ਕੁਲਵਿੰਦਰ ਦੇ ਗੰਭੀਰ ਸੱਟਾਂ ਵੱਜੀਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਐੱਸਐੱਚਓ ਗੌਰਵ ਧੀਰ ਨੇ ਕਿਹਾ ਕਿ ਜਦੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਹਮਲਾਵਾਰ ਨਿਕਲ ਚੁੱਕੇ ਸਨ ਤੇ ਉਨ੍ਹਾਂ ਨੂੰ ਘਟਨਾ ਵਾਲੀ ਜਗ੍ਹਾ ਤੋਂ ਇੱਕ ਫਾਰਚੂਨਰ ਗੱਡੀ ਮਿਲੀ ਹੈ ਜੋ ਬੁਰੀ ਤਰ੍ਹਾਂ ਨਾਲ ਭੰਨੀ ਗਈ। ਉਨ੍ਹਾਂ ਕਿਹਾ ਕਿ ਪੀੜਿਤ ਦੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਨੌਜਵਾਨ ’ਤੇ ਹਮਲਾ ਕਰਨ ਸਬੰਧੀ ਅੱਧੀ ਦਰਜਨ ਖ਼ਿਲਾਫ਼ ਕੇਸ ਦਰਜ
ਕਪੂਰਥਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਇੱਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਸਬੰਧ ’ਚ ਅਰਬਨ ਅਸਟੇਟ ਕਪੂਰਥਲਾ ਦੀ ਪੁਲੀਸ ਨੇ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਖਿਲਾਫ਼ ਧਾਰਾ 109, 191(3), 190, 194(2) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ। ਥਾਣੇਦਾਰ ਰਾਜਬਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੇਐੱਫ਼ਸੀ ਦੇ ਸਾਹਮਣੇ 7-8 ਨੌਜਵਾਨਾਂ ਨੇ ਇੱਕ ਅਣਪਛਾਤੇ ਨੌਜਵਾਨ ਨੂੰ ਤੇਜ਼ ਹਥਿਆਰਾ ਨਾਲ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਸਿਰ ’ਤੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਫ਼ਰਾਰ ਹੋ ਗਏ। ਇਸ ਸਬੰਧ ਵਿੱਚ ਪੁਲੀਸ ਨੇ ਅਣਪਛਾਤੇ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ