For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਤਿੰਨ ਘੰਟੇ ਠੱਪ ਰੱਖੀ ਰੇਲ ਤੇ ਸੜਕ ਆਵਾਜਾਈ

10:46 AM Oct 14, 2024 IST
ਕਿਸਾਨਾਂ ਨੇ ਤਿੰਨ ਘੰਟੇ ਠੱਪ ਰੱਖੀ ਰੇਲ ਤੇ ਸੜਕ ਆਵਾਜਾਈ
ਪਟਿਆਲਾ ਨੇੜੇ ਧਬਲਾਨ ਵਿੱਚ ਰੇਲਵੇ ਟਰੈਕ ਜਾਮ ਕਰਨ ਲਈ ਇਕੱਤਰ ਹੋਏ ਕਿਸਾਨ ਯੂਨੀਅਨ ਉਗਰਾਹਾਂ ਦੇ ਨੁਮਾਇੰਦੇ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਸੱਦੇ ’ਤੇ ਅੱਜ ਕਿਸਾਨੀ ਮੰਗਾਂ ਮਨਵਾਉਣ ਲਈ ਕਿਸਾਨ ਜਥੇਬੰਦੀਆ ਨੇ ਅੱਜ ਪਟਿਆਲਾ ਜ਼ਿਲ੍ਹੇ ’ਚ ਵੀ ਰੇਲਵੇ ਅਤੇ ਸੜਕੀ ਆਵਾਜਾਈ ਠੱਪ ਕੀਤੀ ਗਈ। ਇਸ ਦੌਰਾਨ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਟਿਆਲਾ-ਧੂਰੀ ਰੇਲਵੇ ਲਾਈਨ ’ਤੇ ਪਟਿਆਲਾ ਨੇੜੇ ਪਿੰਡ ਧਬਲਾਨ ਵਿੱਚ ਸਥਿਤ ਧਬਲਾਨ ਰੇਲਵੇ ਸਟੇਸ਼ਨ ’ਤੇ ਧਰਨਾ ਮਾਰ ਕੇ ਰੇਲਵੇ ਆਵਾਜਾਈ ਠੱਪ ਰੱਖੀ। ਯੂਨੀਅਨ ਆਗੂ ਮਾਸਟਰ ਬਲਰਾਜ ਜੋਸ਼ੀ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਬਰਾਸ ਦੀ ਅਗਵਾਈ ਹੇਠਲੇ ਇਸ ਧਰਨੇ ਦੌਰਾਨ ਕਿਸਾਨਾਂ ਨੇ ਵਧ ਚੜ੍ਹ ਕੇ ਸ਼ਿਰਕਤ ਕੀਤੀ।
ਉਧਰ ਮੋਰਚੇ ਦੇ ਇਸ ਸੱਦੇ ’ਤੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਹਕੂਮਤਾਂ ਦੀ ਕਿਸਾਨਾਂ ਪ੍ਰਤੀ ਬੇਰੁਖੀ ਦੇ ਰੋਸ ਵਜੋਂ ਸੜਕੀ ਆਵਾਜਾਈ ਵੀ ਰੋਕੀ ਗਈ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਐਕਸ਼ਨ ’ਚ ਬੀਕੇਯੂ ਡਕੌਂਦਾ, ਰਾਜੇਵਾਲ, ਸਿੱਧੂਪੁਰ ਤੇ ਸ਼ਾਦੀਪੁਰ ਸਮੇਤ ਹੋਰ ਕਿਸਾਨ ਜਥੇਬੰਦੀਆਂ ਨੇ ਵੀ ਹਿੱਸਾ ਲਿਆ। ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠਲੀ ਬੀਕੇਯੂ ਸ਼ਾਦੀਪੁਰ ਨੇ ਭੁਨਰਹੇੜੀ ਅਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਗੁਲਜ਼ਾਰ ਸਿੰਘ ਤੇ ਟੀਮ ਨੇ ਮਰਦਾਂਪੁਰ ਵਿੱਚ ਸੜਕੀ ਆਵਾਜਾਈ ਵੀ ਰੋਕੀ। ਬੀਕੇਯੂ ਡਕੌਂਦਾ ਦੇ ਆਗੂ ਜਗਮੇਲ ਸੁਧੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਜ਼ਿਲ੍ਹੇ ’ਚ ਵੱਖ ਵਖ ਥਾਈਂ ਸੜਕੀ ਆਵਾਜਾਈ ਰੋਕ ਕੇ ਸਰਕਾਰ ਦੀਆਂ ਨਾਕਾਮੀਆਂ ਨੂੰ ਭੰੰਡਿਆ। ਸੂਬਾਈ ਕਿਸਾਨ ਆਗੂਆਂ ਜਗਮੋਹਣ ਪਟਿਆਲਾ, ਸੁਰਜੀਤ ਫੂਲ, ਮਨਜੀਤ ਨਿਆਲ਼, ਮਨਜੀਤ ਘੁਮਾਣਾ ਤੇ ਹੋਰਾਂ ਨੇ ਮੰਗ ਕੀਤੀ ਕਿ ਪਰਾਲੀ ਦੇ ਪ੍ਰਬੰਧਨ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ, ਡੀ.ਏ.ਪੀ ਖਾਦ ਸਮੇਂ ਸਿਰ ਮਿਲੇ, ਝੋਨੇ ਦੀ ਖਰੀਦ ਤੇ ਲਿਫਟਿੰਗ ਤੇਜ਼ ਕੀਤੀ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿਤਾ।

Advertisement

ਪਟਿਆਲਾ-ਪਿਹੋਵਾ ਮਾਰਗ ਵੀ ਕੀਤਾ ਗਿਆ ਜਾਮ

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਦੇਵੀਗੜ੍ਹ ਵਿੱਚ ਵੀ ਪਟਿਆਲਾ-ਪਿਹੋਵਾ ਰਾਜ ਮਾਰਗ ਅਤੇ ਭੁਨਰਹੇੜੀ ਵਿੱਚ 3 ਘੰਟੇ ਲਈ ਆਵਾਜਾਈ ਬੰਦ ਰੱਖੀ ਗਈ। ਇਸ ਬੰਦ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਅਤੇ ਸ਼ੈਲਰ ਐਸੋਸੀਏਸ਼ਨ ਦੇ ਆਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਵੱਖ ਵੱਖ ਆਗੂਆਂ ਜਿਨ੍ਹਾਂ ਵਿੱਚ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ, ਜਸਵੀਰ ਸਿੰਘ ਖੇੜੀ ਰਾਜੂ ਜ਼ਿਲ੍ਹਾ ਪ੍ਰਧਾਨ, ਬੂਟਾ ਸਿੰਘ ਸ਼ਾਦੀਪੁਰ, ਅਨੂਪ ਸਿੰਘ ਅਲੀਪੁਰ, ਭੂਪਿੰਦਰ ਸਿੰਘ ਦੁੱਧਨਸਾਧਾਂ, ਗਣੇਸ਼ੀ ਲਾਲ ਆਦਿ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਤਾੜਨਾ ਕੀਤੀ ਕਿ ਜਲਦੀ ਤੋਂ ਜਲਦੀ ਮੰਡੀਆਂ ਚੋਂ ਲਿਫਟਿੰਗ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਜੋ ਝੋਨੇ ਦੀ ਖਰੀਦ ਵਿੱਚ ਤੇਜ਼ੀ ਆ ਸਕੇ।

Advertisement

ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਕ ’ਚ ਲਾਇਆ ਧਰਨਾ

ਸਮਾਣਾ (ਸੁਭਾਸ਼ ਚੰਦਰ): ਇਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੌਕ ’ਚ ਰੋਸ ਧਰਨਾ ਲਗਾ ਕੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਰਕਾਰਾਂ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ। ਧਰਨੇ ਕਾਰਨ ਚੌਕ ਦੇ ਚਾਰੇ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਕਰੀ ਹੈ। ਉਨ੍ਹਾਂ ਦੱਸਿਆ ਕਿ ਇੱਕ ਅਕਤੂਬਰ ਤੋਂ ਜੀਰੀ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਕਿਸੇ ਵੀ ਏਜੰਸੀ ਵੱਲੋਂ ਖੁੱਲ ਕੇ ਖਰੀਦ ਨਹੀਂ ਕੀਤੀ ਜਾ ਰਹੀ। ਬੁਲਾਰਿਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਉਕਤ ਸਾਰੀਆਂ ਜਥੇਬੰਦੀਆਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੀਆਂ।

ਰਾਜਪੁਰਾ ਤੋਂ ਚੰਡੀਗੜ੍ਹ ਤੇ ਸਰਹਿੰਦ ਤੋਂ ਅੰਬਾਲਾ ਜਾਣ ਵਾਲੀਆਂ ਸੜਕਾਂ ਬੰਦ ਹੋਣ ਕਾਰਨ ਰਾਹਗੀਰ ਹੋਏ ਪ੍ਰੇਸ਼ਾਨ

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਝੋਨੇ ਦੀ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਅੱਜ ਕਿਸਾਨਾਂ ਨੇ ਇੱਥੋਂ ਦੇ ਗਗਨ ਚੌਕ ’ਚ ਧਰਨਾ ਲਗਾ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਕਿਸਾਨਾਂ ਨੇ ਰਾਜਪੁਰਾ ਤੋਂ ਚੰਡੀਗੜ੍ਹ ਅਤੇ ਸਰਹਿੰਦ ਤੋਂ ਅੰਬਾਲਾ ਜਾਣ ਵਾਲੀਆਂ ਸੜਕਾਂ ਨੂੰ ਵਾਹਨ ਲਗਾ ਕੇ ਬੰਦ ਕਰ ਦਿੱਤਾ, ਜਿਸ ਕਾਰਨ ਆਮ ਪਬਲਿਕ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨ ਆਗੂ ਹਰਿੰਦਰ ਸਿੰਘ ਲਾਖਾ, ਪ੍ਰੇਮ ਸਿੰਘ ਭੰਗੂ, ਹਰਿੰਦਰ ਸਿੰਘ ਧੁੰਮਾ, ਤੇਜਿੰਦਰ ਹਾਸ਼ਮਪੁਰ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।

Advertisement
Author Image

sukhwinder singh

View all posts

Advertisement