ਜੁਰਮਾਨੇ ਦੀ ਉਗਰਾਹੀ ਵਿਰੁੱਧ ਤਹਿਸੀਲਦਾਰ ਦਫ਼ਤਰ ਅੱਗੇ ਡਟੇ ਕਿਸਾਨ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 22 ਜਨਵਰੀ
ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ’ਤੇ ਕਿਸਾਨਾਂ ਨੂੰ ਲਾਏ ਗਏ ਜੁਰਮਾਨੇ ਦੀ ਭਰਪਾਈ ਲਈ ਰੈੱਡ ਐਂਟਰੀ ਪਾਉਣ ਦੀਆਂ ਧਮਕੀਆਂ ਦੇਣ ਤੋਂ ਭੜਕੇ ਕਿਸਾਨਾਂ ਨੇ ਅੱਜ ਇੱਥੇ ਤਹਿਸੀਲਦਾਰ ਦਫ਼ਤਰ ਦਾ ਘਿਰਾਓ ਕਰਕੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ ’ਤੇ ਵਾਅਦਾਖ਼ਿਲਾਫ਼ ਦਾ ਦੋਸ਼ ਲਾਇਆ ਅਤੇ ਕਿਹਾ ਕਿ ਭਰੋਸੇ ਦੇ ਉਲਟ ਅਫ਼ਸਰਸ਼ਾਹੀ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਰੋਹ ’ਚ ਆਏ ਕਿਸਾਨਾਂ ਨੇ ਇਸ ਮੁੱਦੇ ’ਤੇ ਅਗਲੇ ਐਕਸ਼ਨ ਦਾ ਵੀ ਐਲਾਨ ਕੀਤਾ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਤਹਿਸੀਲਦਾਰ ਦਫ਼ਤਰ ਮੂਹਰੇ ਅੱਜ ਤੋਂ ਠੀਕ ਮਹੀਨੇ ਪਹਿਲਾਂ 22 ਦਸੰਬਰ ਨੂੰ ਕੀਤੇ ਰੋਸ ਪ੍ਰਦਰਸ਼ਨ ’ਚ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਕਿਸੇ ਵੀ ਪਰਾਲੀ ਸਾੜਨ ਦੇ ਮੁੱਦੇ ’ਤੇ ਕਿਸਾਨਾਂ ਤੋਂ ਜੁਰਮਾਨੇ ਦੀ ਉਗਰਾਹੀ ਵਾਸਤੇ ਮਾਲ ਮਹਿਕਮੇ ਦੇ ਕਰਮਚਾਰੀ ਪਿੰਡਾਂ ’ਚ ਨਹੀਂ ਜਾਣਗੇ। ਉਨ੍ਹਾਂ ਦੱਸਿਆ ਕਿ ਸਵੱਦੀ ਕਲਾਂ ਤੇ ਕੁਝ ਹੋਰਨਾਂ ਪਿੰਡਾਂ ’ਚ ਅਜਿਹੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਪਿੰਡਾਂ ’ਚ ਤਹਿਸੀਲਦਾਰ ਜਗਰਾਉਂ ਦੇ ਹੁਕਮਾਂ ਮੁਤਾਬਕ ਕਰਮਚਾਰੀ ਜੁਰਮਾਨੇ ਦੀ ਉਗਰਾਹੀ ਅਤੇ ਜਮ੍ਹਾਂਬੰਦੀ ਰਿਕਾਰਡ ’ਚ ਰੈੱਡ ਐਂਟਰੀ ਦੀਆਂ ਧਮਕੀਆਂ ਦੇ ਕੇ ਆਏ ਹਨ। ਕਿਸਾਨ ਕਦੇ ਵੀ ਇਸ ਕਾਰਵਾਈ ਨੂੰ ਅਮਲ ’ਚ ਨਹੀਂ ਲਿਆਉਣ ਦੇਣਗੇ ਅਤੇ ਧਮਕੀਆਂ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟਣਗੇ। ਤਹਿਸੀਲਦਾਰ ਜੀਵਨ ਕੁਮਾਰ ਗਰਗ ਨੇ ਮੁਜ਼ਾਹਰਾਕਾਰੀ ਕਿਸਾਨਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਯਕੀਨ ਦਿਵਾਇਆ ਕਿ ਕਿਸਾਨਾਂ ਦੀ ਮੰਗ ਉੱਚ ਅਧਿਕਾਰੀਆਂ ਤੱਕ ਪੁੱਜਦੀ ਕੀਤੀ ਜਾਵੇਗੀ। ਧਰਨੇ ਉਪਰੰਤ ਕਿਸਾਨਾਂ ਦੇ ਪੰਜ ਮੈਂਬਰੀ ਵਫ਼ਦ ਨੇ ਉਪ ਮੰਡਲ ਮੈਜਿਸਟਰੇਟ ਗੁਰਵੀਰ ਸਿੰਘ ਕੋਹਲੀ ਨਾਲ ਵੀ ਮੁਲਾਕਾਤ ਕਰਕੇ ਇਹ ਮਸਲਾ ਧਿਆਨ ’ਚ ਲਿਆਂਦਾ। ਇਸ ਮੌਕੇ ਗੁਰਸੇਵਕ ਸਿੰਘ ਸੋਨੀ, ਗੁਰਚਰਨ ਸਿੰਘ ਤਲਵੰਡੀ, ਨਰਭਿੰਦਰ ਸਿੰਘ, ਪਰਦੀਪ ਕੁਮਾਰ ਸਵੱਦੀ, ਨੰਬਰਦਾਰ ਕੁਲਦੀਪ ਸਿੰਘ, ਰਣਜੀਤ ਸਿੰਘ ਗੁੜੇ, ਕੁਲਦੀਪ ਸਿੰਘ ਤੂਰ, ਸਰਦਾਰਾ ਸਿੰਘ, ਇੰਦਰਜੀਤ ਸਿੰਘ, ਗੁਰਦੀਪ ਸਿੰਘ ਮੰਡਿਆਣੀ, ਕੁਲਦੀਪ ਸਿੰਘ ਸਿੱਧੂ, ਅਮਰਜੀਤ ਸਿੰਘ ਖੰਜਰਵਾਲ, ਗੁਰਜੀਤ ਸਿੰਘ ਬਿਰਕ, ਕਰਤਾਰ ਸਿੰਘ, ਜਸਵਿੰਦਰ ਸਿੰਘ, ਬਲਤੇਜ ਸਿੰਘ ਸਿੱਧਵਾਂ, ਗੁਰਚਰਨ ਸਿੰਘ ਲਾਡੀ, ਰਾਜਵਿੰਦਰ ਸਿੰਘ ਬਰਸਾਲ ਆਦਿ ਹਾਜ਼ਰ ਸਨ।