ਸਰਕਾਰ ਤੋਂ ਆਸ ਛੱਡ ਮੁੜ ਝੋਨਾ ਲਾਉਣ ਲੱਗੇ ਕਿਸਾਨ
ਪਾਲ ਸਿੰਘ ਨੌਲੀ
ਜਲੰਧਰ, 30 ਜੁਲਾਈ
ਸਤਲੁਜ ਦਰਿਆ ਦੇ ਦੋ ਥਾਵਾਂ ਤੋਂ ਧੁੱਸੀ ਬੰਨ੍ਹ ਵਿੱਚ ਪਏ ਪਾੜ ਨਾਲ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ। ਇਸ ਹੜ੍ਹ ਨਾਲ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਸੀ। ਦਰਿਆ ਦੇ ਧੁੱਸੀ ਬੰਨ੍ਹ ਦੇ ਅੰਦਰ ਆਪਣੀ 13 ਏਕੜ ਝੋਨੇ ਦੀ ਫ਼ਸਲ ਗੁਆ ਚੁੱਕੇ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਫਿਰੋਜ਼ਪੁਰ ਵਿੱਚ ਪੈਂਦੀ ਹੈ, ਪਰ ਭੂਗੋਲਿਕ ਤੌਰ ’ਤੇ ਇਹ ਲੋਹੀਆ ਦੇ ਪਿੰਡ ਗੱਟਾ ਮੁੰਡੀ ਕਾਸੂ ਨੇੜੈ ਪੈਂਦੀ ਹੈ। ਉਸ ਨੇ ਕਿਹਾ ਕਿ ਤਬਾਹ ਹੋ ਚੁੱਕੀ ਝੋਨੇ ਦੀ ਫ਼ਸਲ ਦਾ ਸਰਕਾਰ ਨੇ ਪਤਾ ਨਹੀਂ ਮੁਆਵਜ਼ਾ ਦੇਣਾ ਹੈ ਜਾਂ ਨਹੀਂ, ਪਰ ਉਸ ਨੇ ਮੁੜ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਹੜ੍ਹ ਕਾਰਨ 50 ਪਿੰਡਾਂ ’ਚ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਹੀ ਇੱਥੇ ਫਿਰੋਜ਼ਪੁਰ ਦੀ 250 ਏਕੜ ਫਸਲ ਤਬਾਹ ਹੋ ਗਈ ਹੈ ਤੇ ਖੇਤਾਂ ਵਿੱਚ ਤਿੰਨ-ਤਿੰਨ ਫੁੱਟ ਰੇਤਾ ਚੜ੍ਹ ਗਈ ਹੈ। ਮੰਗਲ ਸਿੰਘ ਨੇ ਇਸ ਗੱਲ ਨੂੰ ਲੈ ਕੇ ਹਰਖ਼ ਕੀਤਾ ਕਿ ਫਿਰੋਜ਼ਪੁਰ ਦਾ ਇੱਕ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ।
ਮੰਗਲ ਸਿੰਘ ਨੇ ਦੱਸਿਆ ਕਿ ਝੋਨਾ ਡੁੱਬਣ ਨਾਲ ਉਸ ਸਿਰ ਚੜ੍ਹੇ ਕਰਜ਼ੇ ਦੀ ਪੰਡ ਵੀ ਭਾਰੀ ਹੋ ਗਈ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਜਸਵੰਤ ਰਾਏ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਜ਼ਿਲ੍ਹੇ ’ਚ 13000 ਏਕੜ ’ਚ ਝੋਨੇ ਦੀ ਫ਼ਸਲ ਤਬਾਹ ਹੋਈ ਹੈ। ਵਿਭਾਗ ਵੱਲੋਂ ਮੁਫ਼ਤ ਬੀਜ ਵੰਡ ਕੇ ਕਿਸਾਨਾਂ ਕੋਲੋਂ ਕਰੀਬ 18 ਏਕੜ ’ਚ ਪਨੀਰੀ ਤਿਆਰ ਕਰਵਾਈ ਗਈ ਹੈ। ਸਰਕਾਰ ਵੱਲੋਂ ਝੋਨੇ ਦੀ ਪਨੀਰੀ ਦੇਣ ਲਈ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ’ਤੇ ਵੀ ਕਿਸਾਨਾਂ ਵੱਲੋਂ ਪਨੀਰੀ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਧੁੱਸੀ ਬੰਨ੍ਹ ’ਚ ਪਾਏ ਪਾੜ ਕਾਰਨ ਹਜ਼ਾਰਾਂ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਧੁੱਸੀ ਬੰਨ੍ਹ ਦਾ ਪਾੜ ਹਾਲੇ ਪੂਰ ਨਾ ਹੋਣ ਕਾਰਨ ਜਾਣੀਆ ਚਾਹਲ ਤੇ ਮਹਿਰਾਜਵਾਲਾ ਪਿੰਡਾਂ ਦੇ ਖੇਤਾਂ ’ਚ ਹਾਲੇ ਵੀ ਪਾਣੀ ਖੜ੍ਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਛੇਤੀ ਦੇਵੇ।