ਕਣਕ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਖੇਤਾਂ ’ਚ ਪਹਿਰਾ ਦੇਣ ਲੱਗੇ ਕਿਸਾਨ
ਪੱਤਰ ਪ੍ਰੇਰਕ
ਸ਼ਹਿਣਾ, 13 ਦਸੰਬਰ
ਆਵਾਰਾ ਪਸ਼ੂਆਂ ਕਾਰਨ ਕਿਸਾਨ ਰਾਤਾਂ ਨੂੰ ਖੇਤਾਂ ਵਿੱਚ ਪਹਿਰਾ ਦੇਣ ਲਈ ਮਜਬੂਰ ਹਨ। ਕਿਸਾਨ ਹਾਕਮ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਕਣਕ ਨੂੰ ਪਾਣੀ ਲੱਗ ਰਿਹਾ ਹੈ ਅਤੇ ਆਵਾਰਾ ਪਸ਼ੂ ਜਿਸ ਖੇਤ ’ਚ ਵੜ ਜਾਂਦੇ ਹਨ, ਉੱਥੇ ਕਣਕ ਨੂੰ ਮਿੱਧ ਦਿੰਦੇ ਹਨ। ਕਿਸਾਨਾਂ ਨੂੰ ਦੇਰ ਰਾਤ ਤੱਕ ਠੰਢ ਵਿਚ ਖੇਤਾਂ ਦੀ ਨਿਗਰਾਨੀ ਕਰਨੀ ਪੈਂਦੀ ਹੈ। ਕਿਸਾਨ ਜਰਨੈਲ ਸਿੰਘ, ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਹਿਣਾ ਕਸਬੇ ’ਚ ਲੋਕਾਂ ਵੱਲੋਂ ਬਾਹਰੋਂ ਲਿਆ ਕੇ ਸਭ ਤੋਂ ਵੱਧ ਆਵਾਰਾ ਪਸ਼ੂ ਛੱਡੇ ਜਾਂਦੇ ਹਨ ਅਤੇ ਇਹ ਕੰਮ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਆਵਾਰਾ ਪਸ਼ੂ ਜਿੱਥੇ ਖੇਤਾਂ ਲਈ ਸਿਰਦਰਦੀ ਹਨ, ਉੱਥੇ ਹੀ ਸ਼ਹਿਰੀ ਵਸੋਂ ਵੀ ਪ੍ਰਭਾਵਿਤ ਹੈ।
ਕਿਸਾਨ ਹਾਕਮ ਸਿੰਘ ਨੇ ਦੱਸਿਆ ਕਿ ਅਵਾਰਾ ਪਸ਼ੂਆਂ ਕਾਰਨ ਉਹ ਪਿਛਲੇ 20 ਦਿਨਾਂ ਤੋਂ ਲਗਾਤਾਰ ਰਾਤ ਨੂੰ ਖੇਤਾਂ ’ਚ ਜਾ ਰਿਹਾ ਹੈ। ਆਵਾਰਾ ਪਸ਼ੂਆਂ ਨੂੰ ਰੋਕਣ ਲਈ ਕੰਡੇਦਾਰ ਤਾਰ ਵੀ ਕੰਮ ਨਹੀ ਕਰ ਰਹੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਦੇ ਹੱਲ ਲਈ ਸਰਕਾਰ ਠੋਸ ਕਦਮ ਚੁੱਕੇ। ਉਨ੍ਹਾਂ ਆਖਿਆ ਕਿ ਉਹ ਸੈੱਸ ਵੀ ਭਰਦੇ ਹਨ ਪਰ ਫਿਰ ਵੀ ਸਰਕਾਰ ਆਵਾਰਾ ਪਸ਼ੂਆਂ ਨੂੰ ਸਮੱਸਿਆ ਦਾ ਹੱਲ ਨਹੀਂ ਕਰ ਰਹੀ।