For the best experience, open
https://m.punjabitribuneonline.com
on your mobile browser.
Advertisement

ਗਿਆਸਪੁਰਾ ਦੇ ਦਫ਼ਤਰ ਅੱਗੇ ਡਟੇ ਹੋਏ ਨੇ ਕਿਸਾਨ

07:36 AM Oct 21, 2024 IST
ਗਿਆਸਪੁਰਾ ਦੇ ਦਫ਼ਤਰ ਅੱਗੇ ਡਟੇ ਹੋਏ ਨੇ ਕਿਸਾਨ
ਵਿਧਾਇਕ ਗਿਆਸਪੁਰਾ ਦੇ ਦਫ਼ਤਰ ਅੱਗੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਰਾਜਿੰਦਰ ਸਿੰਘ ਸਿਆੜ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 20 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟੌਲ ਪਲਾਜ਼ਿਆਂ ਅਤੇ ਸਿਆਸੀ ਆਗੂਆਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਲਗਾਏ ਗਏ ਧਰਨੇ ਹਾਲੇ ਵੀ ਜਾਰੀ ਹਨ। ਅੱਜ ਤੀਸਰੇ ਦਿਨ ਪਾਇਲ ਹਲਕੇ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਅੱਗੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਰਾਜਿੰਦਰ ਸਿੰਘ ਸਿਆੜ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਅਤੇ ਚੁਕਾਈ ਨਾ ਹੋਣ ਕਾਰਨ ਹਾਲਾਤ ਹੋਰ ਵਿਗੜ ਰਹੇ ਹਨ ਪਰ ਮੁੱਖ ਮੰਤਰੀ ਮੀਟਿੰਗ ’ਚ ਕਹਿ ਰਿਹਾ ਹੈ ਕਿ ਦੋ ਦਿਨਾਂ ਵਿੱਚ ਮਸਲਾ ਹੱਲ ਕਰ ਲਿਆ ਜਾਵੇਗਾ।
ਆਗੂਆਂ ਨੇ ਕਿਹਾ ਕਿ ਹੁਣ ਸਰਕਾਰ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਕੇਂਦਰ ਸਰਕਾਰ ਵੀ ਪੰਜਾਬ ’ਚੋਂ ਚੌਲ ਚੁੱਕਣ ਲਈ ਸੁਹਿਰਦ ਨਹੀਂ। ਇਸ ਲਈ ਕਿਸਾਨਾਂ ਨੂੰ ਆਪਣੀ ਏਕਤਾ ਅਤੇ ਸ਼ੰਘਰਸ਼ ਤੇ ਟੇਕ ਰੱਖ ਕੇ ਲੜਨ ਦੀ ਲੋੜ ਹੈ। ਇਨ੍ਹਾਂ ਤੋਂ ਇਲਾਵਾ ਬਲਵੰਤ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾਹੜ, ਜਸਵੀਰ ਸਿੰਘ ਅਸ਼ਗਰੀਪੁਰ, ਜਸਦੀਪ ਸਿੰਘ ਜੱਸੋਵਾਲ, ਪਰਮਵੀਰ ਸਿੰਘ ਘਲੋਟੀ, ਬਲਵਿੰਦਰ ਸਿੰਘ ਨਿਜ਼ਾਮਪੁਰ ਤੇ ਗੀਤਕਾਰ ਅਵਤਾਰ ਸਿੰਘ ਭੱਟੀਆ ਨੇ ਵੀ ਸੰਬੋਧਨ ਕੀਤਾ।

Advertisement

ਝੋਨੇ ਦੀ ਖਰੀਦ ਤੇ ਲਿਫ਼ਟਿੰਗ ਸ਼ੁਰੂ ਹੋਣ ਮਗਰੋਂ ਲਾਡੋਵਾਲ ਟੌਲ ਪਲਾਜ਼ਾ ਦਾ ਧਰਨਾ ਮੁਲਤਵੀ

ਬਹਾਦਰਕੇ ਰੋਡ ਸਥਿਤ ਦਾਣਾ ਮੰਡੀ ਵਿੱਚ ਖਰੀਦ ਸ਼ੁਰੂ ਕਰਵਾਉਂਦੇ ਹੋਏ ਅਧਿਕਾਰੀ।

ਲੁਧਿਆਣਾ (ਗੁਰਿੰਦਰ ਸਿੰਘ): ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਅੱਜ ਤੋਂ ਮੁਫ਼ਤ ਕਰਨ ਦਾ ਫ਼ੈਸਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਮਗਰੋਂ ਮੁਲਤਵੀ ਕਰ ਦਿੱਤਾ ਗਿਆ ਹੈ। ਜਥੇਬੰਦੀ ਵੱਲੋਂ ਪੰਜਾਬ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਾਉਣ ਅਤੇ ਮੰਡੀਆਂ ਵਿੱਚ ਲੱਗੇ ਝੋਨੇ ਦੇ ਭੰਡਾਰ ਚੁਕਾਉਣ ਦੀ ਮੰਗ ਨੂੰ ਲੈ ਕੇ ਅੱਜ ਤੋਂ ਟੋਲ ਪਲਾਜ਼ਾ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਅੱਜ ਸਵੇਰੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਦੀ ਅਗਵਾਈ ਹੇਠ ਵਰਕਰ ਬਹਾਦਰਕੇ ਰੋਡ ਸਥਿਤ ਦਾਣਾ ਮੰਡੀ ਵਿੱਚ ਇਕੱਠੇ ਹੋਏ ਜਿੱਥੋਂ ਉਨ੍ਹਾਂ ਨੇ ਮਾਰਚ ਕਰਦੇ ਹੋਏ ਟੋਲ ਪਲਾਜ਼ਾ ਲਈ ਰਵਾਨਾ ਹੋਣਾ ਸੀ। ਇਸ ਮੌਕੇ ਏਸੀਪੀ ਗੁਰਦੇਵ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਆਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਮੌਕੇ ਤੇ ਹੀ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਕਰਾਇਆ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਕਲ੍ਹ ਚੰਡੀਗੜ੍ਹ ਵਿੱਖੇ ਹੋਈ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਚਾਰ ਦਿਨਾਂ ਦਾ ਸਮਾਂ ਮੰਗਕੇ ਖ਼ਰੀਦ ਦਾ ਕੰਮ ਸਿਰੇ ਚਾੜ੍ਹਨ ਦਾ ਭਰੋਸਾ ਦਿੱਤਾ ਹੈ। ਇਸ ਲਈ ਉਨ੍ਹਾਂ ਨੂੰ ਆਪਣਾ ਸੰਘਰਸ਼ ਮੁਲਤਵੀ ਕਰ ਦੇਣਾ ਚਾਹੀਦਾ ਹੈ। ਅਧਿਕਾਰੀਆਂ ਨੇ ਜਥੇਬੰਦੀ ਦੇ ਦਬਾਅ ਹੇਠ ਮੌਕੇ ਤੇ ਝੋਨੇ ਦੀ ਲਿਫਟਿੰਗ ਵੀ ਕਰਾਈ ਅਤੇ ਝੋਨੇ ਦੀ ਖਰੀਦ ਵੀ ਸ਼ੁਰੂ ਕੀਤੀ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਮੰਡੀਆਂ 'ਚ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿਸਾਨਾਂ ਦੀ ਫ਼ਸਲ ਮੰਡੀਆਂ ’ਚ ਚੁੱਕਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸਦੇ ਬਾਵਜੂਦ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਕਈ ਦਿਨਾਂ ਤੋਂ ਮੰਡੀਆਂ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 11 ਅਕਤੂਬਰ ਨੂੰ ਅਨਾਜ ਮੰਡੀ ਦਾ ਦੌਰਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਦੋ-ਤਿੰਨ ਦਿਨਾਂ ਵਿੱਚ ਝੋਨੇ ਦੀ ਫ਼ਸਲ ਨੂੰ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਅੱਜ 9 ਦਿਨ ਬੀਤ ਜਾਣ ਤੋਂ ਬਾਅਦ ਵੀ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਰੁੱਲ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਖ਼ਰੀਦ ਦਾ ਕੰਮ ਸਿਰੇ ਨਾ ਚੜਿ੍ਹਆ ਤਾਂ ਉਹ ਮੁੜ ਤੋਂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

Advertisement

Advertisement
Author Image

Advertisement