ਰੇਹੜੀਆਂ-ਫੜ੍ਹੀਆਂ ਨੇ ਦੱਬੇ ਸਮਾਰਟ ਸ਼ਹਿਰ ਦੇ ਫੁਟਪਾਥ
ਸਤਵਿੰਦਰ ਬਸਰਾ
ਲੁਧਿਆਣਾ, 20 ਅਕਤੂਬਰ
ਸਨਅਤੀ ਸ਼ਹਿਰ ਲੁਧਿਆਣਾ ਭਾਵੇਂ ਸਮਾਰਟ ਸ਼ਹਿਰਾਂ ਦੀ ਸੂਚੀ ਵਿੱਚ ਆਉਂਦਾ ਹੈ ਪਰ ਅੱਜਕਲ੍ਹ ਇਸ ਦੀਆਂ ਸੜਕਾਂ ਕਿਨਾਰੇ ਪੈਦਲ ਰਾਹਗੀਰਾਂ ਲਈ ਬਣੇ ਫੁਟਪਾਥਾਂ ’ਤੇ ਰੇਹੜੀਆਂ-ਫੜ੍ਹੀਆਂ ਵਾਲਿਆਂ ਨੇ ਕਬਜ਼ੇ ਕੀਤੇ ਹੋਏ ਹਨ। ਇਨ੍ਹਾਂ ਰੇਹੜੀਆਂ-ਫੜ੍ਹੀਆਂ ਕਾਰਨ ਪੈਦਲ ਰਾਹਗੀਰਾਂ ਨੂੰ ਸੜਕ ’ਤੇ ਹੋ ਕੇ ਤੁਰਨਾ ਪੈਂਦਾ ਹੈ ਜਿਸ ਨਾਲ ਕੋਈ ਹਾਦਸਾ ਵਾਪਰਨ ਦਾ ਖਦਸ਼ਾ ਮੁੜ ਖੜ੍ਹਾ ਹੋ ਜਾਂਦਾ ਹੈ। ਵਪਾਰਕ ਹੱਬ ਵਜੋਂ ਮਸ਼ਹੂਰ ਲੁਧਿਆਣਾ ਸ਼ਹਿਰ ਵਿੱਚ ਸਿਰਫ ਪੰਜਾਬ ਤੋਂ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ਦੇ ਵੀ ਲੋਕ ਆ ਕੇ ਵਸੇ ਹਨ। ਇਸ ਕਰਕੇ ਸ਼ਹਿਰ ਦੀ ਵੱਧ ਰਹੀ ਆਬਾਦੀ ਨੂੰ ਦਰਪੇਸ਼ ਸਮੱਸਿਆਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਟਰੈਫਿਕ ਦੀ ਸਮੱਸਿਆ ਨਾਲ ਜੂਝ ਰਹੇ ਲੁਧਿਆਣਾ ਸ਼ਹਿਰ ਵਿੱਚ ਸੜਕਾਂ ਕਿਨਾਰੇ ਬਣੇ ਫੁਟਪਾਥਾਂ ’ਤੇ ਫੜ੍ਹੀਆਂ-ਰੇਹੜੀਆਂ ਲਗਾਉਣ ਦਾ ਰੁਝਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਸ਼ਾਇਦ ਹੀ ਸ਼ਹਿਰ ਦੀ ਕੋਈ ਸੜਕ ਹੋਵੇਗੀ, ਜਿਥੇ ਫੁਟਪਾਥ ਪੈਦਲ ਰਾਹਗੀਰਾਂ ਲਈ ਖਾਲੀ ਦਿਖਾਈ ਦਿੰਦੇ ਹੋਣ। ਸ਼ਹਿਰ ਦੇ ਕੁਝ ਇਲਾਕੇ ਤਾਂ ਅਜਿਹੇ ਹਨ ਜਿੱਥੇ ਲੋਕਾਂ ਨੇ ਸੜਕਾਂ ਕਿਨਾਰੇ ਅਤੇ ਡਿਵਾਈਡਰਾਂ ’ਤੇ ਹਫਤਾਵਾਰੀ ਬਾਜ਼ਾਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਵਿੱਚੋਂ ਜਗਰਾਉਂ ਪੁਲ ਨਾਲ ਲਗਦਾ ਗੋਦੜੀ ਬਾਜ਼ਾਰ, ਤਾਜਪੁਰ ਰੋਡ, ਗੁਰੂ ਅਰਜਨ ਦੇਵ ਨਗਰ, ਬਾਬਾ ਥਾਨ ਸਿੰਘ ਚੌਕ, ਘੁਮਾਰ ਮੰਡੀ, ਚੌੜਾ ਬਾਜ਼ਾਰ, ਬੱਸ ਸਟੈਂਡ, ਸੁਹਾਨੀ ਬਿਲਡਿੰਗ ਰੋਡ, ਸੀਐੱਮਸੀ ਰੋਡ, ਸਮਰਾਲਾ ਚੌਕ ਤੋਂ ਜਲੰਧਰ ਬਾਈਪਾਸ, ਮਾਤਾ ਰਾਣੀ ਚੌਕ ਤੋਂ ਜਲੰਧਰ ਬਾਈਪਾਸ ਤੱਕ, ਲੁਧਿਆਣਾ ਤੋਂ ਚੰਡੀਗੜ੍ਹ ਸੜਕ ਆਦਿ ’ਤੇ ਬਾਜ਼ਾਰ ਆਮ ਦਿਖਾਈ ਦਿੰਦੇ ਹਨ। ਹਾਲਾਂਕਿ ਸਮੇਂ ਸਮੇਂ ’ਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਫੁਟਪਾਥਾਂ ਨੂੰ ਖਾਲੀ ਕਰਾਉਣ ਲਈ ਕਾਰਵਾਈਆਂ ਵੀ ਕੀਤੀਆਂ ਗਈਆਂ ਹਨ ਪਰ ਕੁੱਝ ਦਿਨਾਂ ਬਾਅਦ ਮੁੜ ਇਨ੍ਹਾਂ ਫੁਟਪਾਥਾਂ ’ਤੇ ਮੁੜ ਕਬਜ਼ੇ ਹੋ ਜਾਂਦੇ ਹਨ।