ਟੌਲ ਪਲਾਜ਼ਿਆਂ ’ਤੇ ਗੂੰਜੇ ਕਿਸਾਨਾਂ ਦੇ ਨਾਅਰੇ
ਜਗਮੋਹਨ ਸਿੰਘ
ਘਨੌਲੀ, 30 ਦਸੰਬਰ
ਪੰਜਾਬ ਬੰਦ ਦੇ ਸੱਦੇ ਦੌਰਾਨ ਰੂਪਨਗਰ ਅਤੇ ਘਨੌਲੀ ਇਲਾਕੇ ਅੰਦਰ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਅੱਜ ਰੂਪਨਗਰ ਅਤੇ ਘਨੌਲੀ ਦੇ ਬਾਜ਼ਾਰ ਬੰਦ ਰਹੇ। ਇਸੇ ਦੌਰਾਨ ਸੋਲਖੀਆਂ ਟੌਲ ਪਲਾਜ਼ਾ ਅਤੇ ਸਿੰਘ ਭਗਵੰਤਪੁਰ ਵਿੱਚ ਕਿਸਾਨਾਂ ਨੇ ਹਾਈਵੇਅ ’ਤੇ ਧਰਨੇ ਲਗਾ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵੱਲੋਂ ਕਿਸਾਨ ਆਗੂ ਡੱਲੇਵਾਲ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ ਅਤੇ ਉਨ੍ਹਾਂ ਸਿਹਤਯਾਬੀ ਤੇ ਤੰਦਰੁਸਤੀ ਲਈ ਅਰਦਾਸ ਵੀ ਕੀਤੀ ਗਈ।ਪਿੰਡ ਸਿੰਘ ਭਗਵੰਤਪੁਰ ਵਿਖੇ ਸ਼ੇਰ ਏ ਪੰਜਾਬ ਯੂਨੀਅਨ ਵੱਲੋਂ ਕੁਲਵਿੰਦਰ ਸਿੰਘ ਪੰਜੋਲਾ ਦੀ ਦੇਖ ਰੇਖ ਅਧੀਨ ਸੜਕ ’ਤੇ ਜਾਮ ਲਾਇਆ ਗਿਆ। ਇਸ ਦੌਰਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਤਪ ਅਸਥਾਨ ਗੁਰਦੁਆਰਾ ਬਾਬਾ ਅਮਰ ਨਾਥ ਜੀ ਬਿੰਦਰਖ ਅਤੇ ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜ਼ਗੜ੍ਹ ਸਾਹਿਬ ਵੱਲੋਂ ਚਾਹ ਅਤੇ ਪ੍ਰਸਾਦਿਆਂ ਦੇ ਲੰਗਰ ਦੀ ਸੇਵਾ ਕੀਤੀ ਗਈ।
ਖਰੜ (ਸ਼ਸ਼ੀ ਪਾਲ ਜੈਨ):
ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ‘ਪੰਜਾਬ ਬੰਦ’ ਦੇ ਸੱਦੇ ਨੂੰ ਅੱਜ ਇੱਥੇ ਵਿਖੇ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਬੱਸ ਅੱਡੇ ਉਤੇ ਮੇਹਰ ਸਿੰਘ ਥੇੜੀ, ਸੂਬਾ ਪ੍ਰੈਸ ਸਕੱਤਰ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ ਜਿਸ ਵਿਚ ਸਮੁੱਚੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਹੋਰ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਜੱਥੇਬੰਦੀਆਂ, ਹਰ ਤਰ੍ਹਾਂ ਦੀਆਂ ਟਰਾਂਸਪੋਰਟ ਜੱਥੇਬੰਦੀਆਂ, ਬਿਜਲੀ ਬੋਰਡ ਦੇ ਸਮੁੱਚੇ ਕਰਮਚਾਰੀ ਅਤੇ ਸਭ ਵਪਾਰ ਮੰਡਲਾਂ ਸਮੁੱਚਾ ਸਮੁੱਚਾ ਭਾਈਚਾਰਾ ਸ਼ਾਮਲ ਹੋਇਆ। ਇਸ ਦੌਰਾਨ ਬੁਲਾਰਿਆਂ ਵੱਲੋਂ ਮੋਦੀ ਸਰਕਾਰ ਵੱਲੋਂ ਕਿਸਾਨੀ ਮੰਗਾਂ ਵੱਲ ਧਿਆਨ ਨਾ ਦੇਣ ਤੇ ਸਰਕਾਰ ਦੀ ਨਿਖੇਧੀ ਕੀਤੀ ਗਈ ਅਤੇ ਕਿਹਾ ਕਿ ਪੰਜਾਬ ਸਰਕਾਰ ਵੀ ਗੂੰਗੀ ਹੋਈ ਬੈਠੀ ਹੈ ਜਦਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਚਿੰਤਾਜਨਕ ਬਣੀ ਹੋਈ ਹੈ ਤੇ ਮਰਨਵਰਤ 34 ਵੇਂ ਦਿਨ ਵਿਚ ਪਹੁੰਚ ਗਿਆ ਹੈ।
ਐਮਰਜੈਂਸੀ ਸੇਵਾਵਾਂ ਲਈ ਦਵਾਈਆਂ ਦੀਆਂ ਦੁਕਾਨਾਂ ਖੋਲ੍ਹੀਆਂ
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ):
ਕਿਸਾਨ ਮਜ਼ਦੂਰ ਜਥੇਬੰਦੀਆਂ, ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਮੋਰਚਾ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦੀ ਹਮਾਇਤ ਕਰਦਿਆਂ ਇੱਥੋਂ ਦੇ ਵਪਾਰੀ ਵਰਗ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਪੂਰਨ ਸਮਰਥਨ ਦਿੱਤਾ ਗਿਆ। ਇਸ ਮੌਕੇ ਕੇਵਲ ਐਮਰਜੈਂਸੀ ਸੇਵਾਵਾਂ ਦੇਣ ਲਈ ਦਵਾਈਆਂ ਦੀਆਂ ਦੁਕਾਨਾਂ ਹੀ ਖੋਲ੍ਹੀਆਂ ਗਈਆਂ। ਇਸ ਸਮਰਥਨ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਅਤੇ ਪ੍ਰਿਤਪਾਲ ਸਿੰਘ ਗੰਢਾ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ।