For the best experience, open
https://m.punjabitribuneonline.com
on your mobile browser.
Advertisement

ਕਿਸਾਨ ਪੁਆੜੇ ਪਾਉਣ ਵਾਲੀਆਂ ਧਿਰਾਂ ਤੋਂ ਬਚਣ: ਜਾਖੜ

07:31 AM May 19, 2024 IST
ਕਿਸਾਨ ਪੁਆੜੇ ਪਾਉਣ ਵਾਲੀਆਂ ਧਿਰਾਂ ਤੋਂ ਬਚਣ  ਜਾਖੜ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 18 ਮਈ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ’ਚ ਪੰਜਾਬ ’ਚ ਲੋਕ ਸਭਾ ਦੀ ਇਹ ਪਹਿਲੀ ਚੋਣ ਲੜੀ ਜਾ ਰਹੀ ਹੈ। ਚੋਣਾਂ ’ਚ ਕਾਫ਼ੀ ਕੁਝ ਵੱਖਰਾ ਹੈ ਅਤੇ ਚੁਣੌਤੀਆਂ ਵੀ ਢੇਰ ਹਨ। ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਭਾਜਪਾ ਚੋਣ ਪਿੜ ’ਚ ਹੈ ਜਿਉਂ ਜਿਉਂ ਚੋਣ ਪ੍ਰਚਾਰ ਸਿਖਰ ਵੱਲ ਵਧ ਰਿਹਾ ਹੈ, ਤਿਉਂ ਤਿਉਂ ਭਾਜਪਾ ਉਮੀਦਵਾਰਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਵਿਰੋਧ ਵੀ ਵਧ ਰਿਹਾ ਹੈ। ਇਹ ਟਕਰਾਅ ਕਿਹੋ ਜਿਹਾ ਰੂਪ ਧਾਰੇਗਾ, ਭਾਜਪਾ ਦੀਆਂ ਆਸਾਂ ਅਤੇ ਅਨੁਮਾਨਾਂ ਨੂੰ ਕਿੰਨਾ ਕੁ ਬੂਰ ਪੈਂਦਾ ਹੈ, ਇਸ ਬਾਰੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਫ਼ਸੀਲ ’ਚ ਦੱਸਿਆ। ਪੇਸ਼ ਹੈ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਅੰਸ਼; ਸਵਾਲ: ਚੋਣਾਂ ’ਚ ਬਹੁਤੇ ਦਿਨ ਨਹੀਂ ਬਚੇ, ਪੰਜਾਬ ਦੇ ਚੁਣਾਵੀਂ ਰੌਂਅ ਨੂੰ ਕਿਵੇਂ ਦੇਖਦੇ ਹੋ।
ਜਵਾਬ: ਭਾਜਪਾ ਲੰਮੇ ਅਰਸੇ ਮਗਰੋਂ ਪਹਿਲੀ ਦਫ਼ਾ ਇਕੱਲੇ ਤੌਰ ’ਤੇ ਚੋਣ ਲੜ ਰਹੀ ਹੈ। ਹਕੀਕਤ ਇਹ ਹੈ ਕਿ ਲੋਕ ‘ਆਪ’ ਤੋਂ ਨਿਰਾਸ਼ ਹੀ ਨਹੀਂ, ਨਾਰਾਜ਼ ਵੀ ਹਨ। ਇਸੇ ਨਾਰਾਜ਼ਗੀ ਕਰਕੇ 2022 ਦੀਆਂ ਚੋਣਾਂ ’ਚ ਰਵਾਇਤੀ ਪਾਰਟੀਆਂ ਨੂੰ ਖੋਰਾ ਲੱਗਿਆ ਸੀ। ਹੁਣ ਲੋਕ ‘ਆਪ’ ਬਾਰੇ ਵੀ ਇਹੋ ਸੋਚ ਰੱਖ ਰਹੇ ਹਨ। ਲੋਕਾਂ ਨੇ ਪੁਰਾਣੇ ਸਾਰੇ ਦੇਖ ਲਏ ਅਤੇ ਹੁਣ ਭਾਜਪਾ ਨੂੰ ਇੱਕ ਬਦਲ ਵਜੋਂ ਦੇਖਣ ਲੱਗੇ ਹਨ।
ਸਵਾਲ: ਭਾਜਪਾ ਚੋਣਾਂ ’ਚ ਕਿਸ ਏਜੰਡੇ ਨਾਲ ਜਾ ਰਹੀ ਹੈ।
ਜਵਾਬ: ਕੇਂਦਰ ਸਰਕਾਰ ਵੱਲੋਂ ਕੀਤਾ ਵਿਕਾਸ ਅਤੇ ਪੰਜਾਬ ਦਾ ਲਾਅ ਐਂਡ ਆਰਡਰ, ਇਹ ਦੋ ਏਜੰਡੇ ਹਨ। ਦੇਸ਼ ਅੱਗੇ ਜਾ ਰਿਹਾ ਹੈ ਤੇ ਪੰਜਾਬ ਪਿੱਛੇ। ਫਿਰੌਤੀਆਂ, ਡਰੱਗਜ਼, ਮਾਫ਼ੀਆ ਤੇ ਜੇਲ੍ਹਾਂ ਵੀ ਹੁਣ ਮਾੜੇ ਅਨਸਰਾਂ ਲਈ ਸਵਰਗ ਹਨ। ਔਰਤਾਂ ਤਾਂ ਦੂਰ ਦੀ ਗੱਲ, ਬੰਦੇ ਵੀ ਪੰਜਾਬ ’ਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਫਿਰੌਤੀਆਂ ਤੇ ਲੁੱਟਾਂ ਦਾ ਸਿਲਸਿਲਾ ਪਿੰਡਾਂ ਤੱਕ ਪਹੁੰਚ ਗਿਆ ਹੈ।
ਸਵਾਲ: ਪੰਜਾਬ ’ਚ ਚੋਣਾਂ ਤੋਂ ਭਾਜਪਾ ਕਿੰਨੀ ਕੁ ਉਮੀਦ ਰੱਖਦੀ ਹੈ।
ਜਵਾਬ: ਚੰਗੇ ਨਤੀਜੇ ਆਉਣ ਦੀ ਉਮੀਦ ਹੈ। ਫ਼ੈਸਲਾ ਲੋਕਾਂ ਨੇ ਕਰਨਾ ਹੈ, ਲੋਕਾਂ ਦੇ ਮੂਡ ਦਾ ਕੋਈ ਪਤਾ ਨਹੀਂ ਲੱਗਦਾ। ਸਿੱਧੂ ਮੂਸੇਵਾਲਾ ਨੂੰ 63 ਹਜ਼ਾਰ ਵੋਟਾਂ ਨਾਲ ਹਰਾ ਦਿੱਤਾ ਦਿੱਤਾ। ‘ਆਪ’ ਨੂੰ ਪਹਿਲਾਂ 92 ਸੀਟਾਂ ਦਿੱਤੀਆਂ ਅਤੇ ਤਿੰਨ ਮਹੀਨੇ ਮਗਰੋਂ ਸੰਗਰੂਰ ਜ਼ਿਮਨੀ ਚੋਣ ਵਿੱਚ ‘ਆਪ’ ਹਾਰ ਗਈ। ਪੰਜਾਬ ਸਮੁੱਚੇ ਦੇਸ਼ ਨਾਲੋਂ ਵੱਖਰੇ ਤੌਰ ’ਤੇ ਰਿਐਕਟ ਕਰਦਾ ਹੈ। ਏਨਾ ਜ਼ਰੂਰ ਹੈ ਕਿ ਭਾਜਪਾ ਨੂੰ ਚੋਣਾਂ ਵਿਚ ਫਾਇਦਾ ਮਿਲੇਗਾ।
ਸਵਾਲ: ਰਾਮ ਮੰਦਰ ਦਾ ਪੰਜਾਬ ’ਚ ਚੋਣਾਂ ’ਤੇ ਕਿੰਨਾ ਕੁ ਅਸਰ ਪੈਣ ਦੀ ਸੰਭਾਵਨਾ ਹੈ।
ਜਵਾਬ: 2014 ਤੇ 2019 ਵਿੱਚ ਮੋਦੀ ਦੀ ਲਹਿਰ ਸੀ ਪਰ ਪੰਜਾਬ ’ਚ ਲਹਿਰ ਨੇ ਕੰਮ ਨਹੀਂ ਕੀਤਾ। ਪੰਜਾਬ ਦੇ ਲੋਕ ਵੱਖਰੇ ਤੌਰ ’ਤੇ ਸੋਚਦੇ ਹਨ ਅਤੇ ਸੁਭਾਅ ਦੇ ਸੈਕੂਲਰ ਹਨ। ਲੋਕ ਹੁਣ ਬਦਲ ਦੀ ਭਾਲ ਵਿੱਚ ਹਨ। ਜੇਕਰ ਭਾਜਪਾ ਹੁਣ ਅਕਾਲੀ ਦਲ ਨਾਲ ਜੁੜ ਜਾਂਦੀ ਤਾਂ ਨੁਕਸਾਨ ਹੋਣਾ ਸੀ। 2027 ਦੀਆਂ ਚੋਣਾਂ ਲਈ ਭਾਜਪਾ ਕੋਲ ਚੰਗਾ ਮੌਕਾ ਹੈ। ਸ਼ਹਿਰੀ ਲੋਕ ਐਤਕੀਂ ਕਾਂਗਰਸ ਨੂੰ ਨਹੀਂ ਬਲਕਿ ਭਾਜਪਾ ਨੂੰ ਵੋਟਾਂ ਪਾਉਣਗੇ।
ਸਵਾਲ: ਲਾਅ ਐਂਡ ਆਰਡਰ ਬਿਹਤਰ ਹੈ, ਤਾਂ ਹੀ ਤਾਂ ਪੰਜਾਬ ’ਚ ਨਿਵੇਸ਼ ਆ ਰਿਹਾ ਹੈ।
ਜਵਾਬ: ਪੰਜਾਬ ਸਰਕਾਰ ਨਿਵੇਸ਼ ਬਾਰੇ ਗਲਤ ਬਿਰਤਾਂਤ ਸਿਰਜ ਰਹੀ ਹੈ। ਕਿੰਨੀ ਸਨਅਤ ਤਾਂ ਪੰਜਾਬ ਵਿਚੋਂ ਯੂਪੀ ਚਲੀ ਗਈ ਹੈ। ਕਈ ਮਿੱਲਾਂ ਬੰਦ ਹੋ ਗਈਆਂ, ਬੇਰੁਜ਼ਗਾਰੀ ਵਧ ਰਹੀ ਹੈ। ਪੰਜਾਬ ਵਿਚ ਕੋਈ ਨਿਵੇਸ਼ ਕਿਉਂ ਕਰੇਗਾ। ਇੱਥੇ ਬੈਠੇ ਗੈਂਗਸਟਰ ਤਾਂ ਮੁੰਬਈ ਤੱਕ ਮਾਰ ਕਰੀ ਜਾਂਦੇ ਨੇ।
ਸਵਾਲ: ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਿਵੇਂ ਕਰਦੇ ਹੋ।
ਜਵਾਬ: ਜਿਸ ਨੂੰ ਉੱਚ ਅਹੁਦੇ ’ਤੇ ਬਿਠਾਇਆ ਹੈ, ਉਹ ਸੰਜੀਦਾ ਨਹੀਂ, ਉਸ ਨੇ ਗਵਰਨੈਂਸ ਨੂੰ ਹਲਕੇ ਵਿਚ ਲਿਆ ਹੈ। ਪੰਜਾਬ ਵਿਚ ਠੋਸ ਗਵਰਨੈਂਸ ਦੀ ਲੋੜ ਹੈ। ਪੰਜਾਬ ਸਰਕਾਰ ਸਾਰੇ ਫੋਕੇ ਦਾਅਵੇ ਕਰ ਰਹੀ ਹੈ। ਵਿਜੀਲੈਂਸ ਨੂੰ ਵਿਰੋਧੀ ਧਿਰ ਦੇ ਗੋਡੇ ਟਿਕਾਉਣ ਲਈ ਵਰਤਿਆ ਜਾ ਰਿਹਾ ਹੈ।
ਸਵਾਲ: ਥੋਡਾ ਮਤਲਬ ਕਿ ਸਰਕਾਰ ਦੀ ਕੁਰੱਪਸ਼ਨ ਵਿਰੋਧੀ ਮੁਹਿੰਮ ਠੀਕ ਨਹੀਂ ਚੱਲ ਰਹੀ।
ਜਵਾਬ: ਨਿੱਜੀ ਮੁਫ਼ਾਦ ਵਾਸਤੇ ਵਿਜੀਲੈਂਸ ਨੂੰ ਵਰਤਿਆ ਜਾ ਰਿਹਾ ਹੈ। ਵਿਜੈ ਸਿੰਗਲਾ ਅੰਦਰ ਕਰ ਦਿੱਤਾ, ਕੋਟਫੱਤਾ ਅੰਦਰ ਕਰ ਦਿੱਤਾ, ਜੇ ਕਰੁਪਸ਼ਨ ਖ਼ਤਮ ਹੋਈ ਹੁੰਦੀ ਤਾਂ ਇਹ ਕਾਂਗਰਸ ਵਾਲੇ ਬਾਹਰ ਕਿਉਂ ਤੁਰੇ ਫਿਰਦੇ। ਸਰਕਾਰ ਕੋਲ ਸਬੂਤ ਵੀ ਨੇ। ਅਸਲ ਵਿਚ ਅੰਦਰਖਾਤੇ ਫਰੈਂਡਲੀ ਮੈਚ ਚੱਲ ਰਿਹਾ ਹੈ।
ਸਵਾਲ: ਐਤਕੀਂ ਪੰਜਾਬ ਦੀਆਂ ਚੋਣਾਂ ’ਚ ਅਰਵਿੰਦ ਕੇਜਰੀਵਾਲ ਕਿੰਨੇ ਕੁ ਪ੍ਰਸੰਗਿਕ ਜਾਪਦੇ ਹਨ।
ਜਵਾਬ: ਪੰਜਾਬ ’ਚ ਕੇਜਰੀਵਾਲ ਦਾ ਹੁਣ ਕੋਈ ਜਲੌਅ ਨਹੀਂ। ਦਿਲਚਸਪ ਗੱਲ ਦੇਖੋ, ਜੋ ਕੇਜਰੀਵਾਲ ਕੱਲ੍ਹ ਤੱਕ ਸੰਵਿਧਾਨ ਬਚਾਉਣ ਦੀ ਗੱਲ ਕਰਦਾ ਸੀ, ਉਹ ਅੰਮ੍ਰਿਤਸਰ ਵਿਚ ਆਖ ਰਿਹਾ ਸੀ ਕਿ ‘ਜੇ ‘ਆਪ’ ਨੂੰ ਵੋਟ ਪਾ ਦਿਓਗੇ ਤਾਂ ਮੈਂ ਜੇਲ੍ਹ ਜਾਣ ਤੋਂ ਬਚ ਜਾਵਾਂਗਾ।’ ਉਹ ਕਿਸ ਨੂੰ ਬਚਾ ਰਿਹਾ ਹੈ, ਆਪਣੇ ਆਪ ਨੂੰ ਜਾਂ ਸੰਵਿਧਾਨ ਨੂੰ। ਜੇਲ੍ਹ ਚੋਂ ਬਾਹਰ ਆਉਣ ਨਾਲ ਕੇਜਰੀਵਾਲ ਦੀ ਥੋੜ੍ਹੀ ਬਹੁਤੀ ਹਮਦਰਦੀ ਵੀ ਖ਼ਤਮ ਹੋ ਗਈ।
ਸਵਾਲ: ਪੰਜਾਬ ’ਚ ਗਰਾਊਂਡ ’ਤੇ ਜ਼ੀਰੋ ਬਿੱਲਾਂ ਤੇ ਨਹਿਰੀ ਪਾਣੀ ਦੀ ਕਾਫ਼ੀ ਚਰਚਾ ਲੱਗਦੀ ਹੈ।
ਜਵਾਬ: ਨਹਿਰੀ ਪਟਵਾਰੀਆਂ ਤੋਂ ਗ਼ਲਤ ਅੰਕੜੇ ਬਣਵਾਏ ਜਾ ਰਹੇ ਸਨ। ਜ਼ੀਰੋ ਬਿੱਲ ਕਿਸ ਦੀ ਜੇਬ ਵਿਚੋਂ ਜਾ ਰਹੇ ਹਨ, ਸਨਅਤਕਾਰਾਂ ਨੂੰ ਪੁੱਛ ਕੇ ਦੇਖ ਲਓ। ਪੰਜਾਬ ਨੂੰ ਕਿਹੜੀ ਕੀਮਤ ’ਤੇ ਉਜਾੜਿਆ ਜਾ ਰਿਹਾ ਹੈ। ਪੰਜਾਬ ਦੇ ਲੋਕ ਅੱਜ ਉਕਤਾਏ ਪਏ ਹਨ। ਬਿਜਲੀ ਕਰਕੇ ਰਾਜ਼ੀ ਹੁੰਦੇ ਤਾਂ ਲੋਕਾਂ ਨੂੰ ਏਨਾ ਅਕੇਵਾਂ ਨਹੀਂ ਹੋਣਾ ਸੀ।
ਸਵਾਲ: ਭਾਜਪਾ ਨੂੰ 13 ਸੀਟਾਂ ਲਈ ਟਕਸਾਲੀ ਆਗੂ ਤਾਂ ਮਿਲੇ ਨਹੀਂ, ਦੂਸਰੀਆਂ ਪਾਰਟੀਆਂ ਵਿਚੋਂ ਲੈਣੇ ਪਏ ਹਨ।
ਜਵਾਬ: ਦੇਖੋ, ਲੀਡਰ ਇੱਕ ਦਿਨ ਵਿਚ ਪੈਦਾ ਨਹੀਂ ਹੁੰਦੇ। ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪੰਜਾਬ ਵਿਚ ਲੀਡਰਸ਼ਿਪ ਦਾ ਵੱਡਾ ਖ਼ਲਾਅ ਪੈਦਾ ਹੋ ਗਿਆ ਹੈ। ਭਾਜਪਾ ਪਹਿਲਾਂ ਹਿੱਸੇਦਾਰ ਵਜੋਂ ਚੋਣ ਲੜਦੀ ਰਹੀ ਹੈ ਜਦੋਂ ਕਿ ਹੁਣ ਸਮੁੱਚੀਆਂ ਸੀਟਾਂ ਤੋਂ ਚੋਣ ਲੜ ਰਹੀ ਹੈ। ਵੱਡੇ ਬਾਦਲ ਦਾ ਕੱਦ ਵੀ ਵੱਡਾ ਸੀ। ਇਹ ਵੀ ਸੱਚ ਹੈ ਕਿ ਬਾਬੇ ਬੋਹੜ ਦੇ ਹੇਠਾਂ ਪਨੀਰੀ ਨਹੀਂ ਉੱਗਦੀ।
ਸਵਾਲ: ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ’ਚ ਹਨ, ਉਸ ਬਾਰੇ ਕੀ ਸੋਚ ਰੱਖਦੇ ਹੋ।
ਜਵਾਬ: ਅਸਲ ਵਿਚ ਪੁਰਾਣੇ ਕਿਰਦਾਰ ਲਿਆਉਣ ਦੀ ਲੋੜ ਹੈ। ਅੰਮ੍ਰਿਤਪਾਲ ਸਿੰਘ ਨੂੰ ਜੋ ਚੋਣ ਮੈਦਾਨ ਵਿਚ ਲੈ ਕੇ ਆਏ ਹਨ, ਉਹ ਪੰਜਾਬ ਵਿਚ ਅੱਗ ਨੂੰ ਸੁਲਗਾ ਕੇ ਰੱਖਣਾ ਚਾਹੁੰਦੇ ਹਨ। ਪਹਿਲਾਂ ਤਾਂ ਸੁਖਬੀਰ ਬਾਦਲ ਵੀ ਨਹੀਂ ਬੋਲਿਆ ਸੀ। ਹੁਣ ਬਠਿੰਡਾ ਵਿਚ ਵੋਟਾਂ ਲੈਣੀਆਂ ਹਨ ਤਾਂ ਉਹ ਵੀ ਬੋਲੇ ਹਨ।
ਸਵਾਲ: ਪੰਜਾਬ ਦੀ ਕਿਸਾਨੀ ’ਚ ਭਾਜਪਾ ਪ੍ਰਤੀ ਏਨੀ ਰੜਕ ਕਿਉਂ ਹੈ।
ਜਵਾਬ: ਅਸਲ ਵਿਚ ਸਿੰਘੂ ਤੇ ਟਿਕਰੀ ਬਾਰਡਰ ਵਾਲਾ ਗ਼ੁੱਸਾ ਅਤੇ ਦਰਦ ਕਿਸਾਨਾਂ ਵਿਚ ਪਿਆ ਹੈ। ਉੱਪਰੋਂ ਸਵਾਰਥੀ ਲੋਕ ਇਸ ਮੌਕੇ ਨੂੰ ਵਰਤ ਰਹੇ ਹਨ। ਉਸ ਵੇਲੇ ਘੱਟੋ ਘੱਟ ਸਮਰਥਨ ਮੁੱਲ ਖ਼ਤਮ ਹੋਣ ਦੇ ਖ਼ਦਸ਼ੇ ਸਨ। ਉਨ੍ਹਾਂ ਨੇ ਖ਼ੁਦ ਵੀ ਇੱਕ ਮੌਕੇ ’ਤੇ ਬਲਵੀਰ ਸਿੰਘ ਰਾਜੇਵਾਲ ਨੂੰ ਕਿਹਾ ਸੀ ਕਿਉਂਕਿ ਬਜਟ ਵਿਚ ਐਫਸੀਆਈ ਨੂੰ 75 ਹਜ਼ਾਰ ਕਰੋੜ ਦੀ ਗਰਾਂਟ ਘੱਟ ਕਰ ਦਿੱਤੀ ਹੈ। ਐਫਸੀਆਈ ’ਤੇ 3 ਲੱਖ ਕਰੋੜ ਦਾ ਕਰਜ਼ਾ ਸੀ। ਤਿੰਨ ਮਹੀਨੇ ਬਾਅਦ ਖੇਤੀ ਬਿੱਲ ਆ ਗਏ। ਕੌਮਾਂਤਰੀ ਬਾਜ਼ਾਰ ਵਿਚ ਫ਼ਸਲ ਦੀ ਮੰਗ ਹੈ। ਕੇਂਦਰ ਮੁਫ਼ਤ ਅਨਾਜ ਦੇ ਰਹੀ ਹੈ। ਪੰਜਾਬ ’ਚ ਦਾਣਾ ਦਾਣਾ ਚੁੱਕਿਆ ਜਾ ਰਿਹਾ ਹੈ ਜਿਸ ਕਰਕੇ ਕੋਈ ਫ਼ਿਕਰ ਵਾਲੀ ਗੱਲ ਨਹੀਂ।
ਸਵਾਲ: ਤੁਸੀਂ ਕਈ ਵਾਰ ਆਖ ਚੁੱਕੇ ਹੋ ਕਿ ਕਿਸਾਨ ਜਥੇਬੰਦੀਆਂ ਸੂਬਾ ਸਰਕਾਰ ਪ੍ਰਤੀ ਨਰਮ ਗੋਸ਼ਾ ਰੱਖਦੀਆਂ ਹਨ, ਅਜਿਹਾ ਕਿਉਂ।
ਜਵਾਬ: ਤੁਸੀਂ ਹਕੀਕਤ ਦੇਖ ਲਓ। ਰਾਜੇਵਾਲ ਦਾ ਬਿਆਨ ਆਇਆ ਕਿ 23 ਦਸੰਬਰ ਨੂੰ ਚੰਡੀਗੜ੍ਹ ਵਿਚ ਮੋਰਚਾ ਲਾਵਾਂਗੇ, ਉਦੋਂ ਹੀ ਪੰਧੇਰੇ ਨੇ ਆਖ ਦਿੱਤਾ ਕਿ ਦਿੱਲੀ ਜਾਵਾਂਗੇ। ਚੰਡੀਗੜ੍ਹ ਵਾਲਾ ਮੋਰਚਾ ਵਿਚਾਲੇ ਹੀ ਰਹਿ ਗਿਆ। ਕਿਸਾਨ ਧਿਰਾਂ ਨੇ ਭਗਵੰਤ ਮਾਨ ਨੂੰ ਕਦੇ ਨਹੀਂ ਪੁੱਛਿਆ ਕਿ 20 ਹਜ਼ਾਰ ਮੁਆਵਜ਼ਾ ਵਾਲਾ ਵਾਅਦਾ ਕਦੋਂ ਪੂਰਾ ਹੋਵੇਗਾ। ਧਰਨੇ ਲਾਉਣਾ ਤਾਂ ਦੂਰ ਦੀ ਗੱਲ।
ਸਵਾਲ: ਤੁਸੀਂ ਇੱਕ ਤਰੀਕੇ ਨਾਲ ਕਿਸਾਨ ਧਿਰਾਂ ਨੂੰ ਹੀ ਕਟਹਿਰੇ ਵਿਚ ਖੜ੍ਹਾ ਕਰ ਰਹੇ ਹੋ।
ਜਵਾਬ: ਭਗਵੰਤ ਮਾਨ ਨੇ ਕਈ ਵਾਰ ਕਿਸਾਨ ਯੂਨੀਅਨਾਂ ਬਾਰੇ ਕਿਹਾ ਕਿ ਉਹ ਵਿੱਤੀ ਹਿੱਤਾਂ ਲਈ ਧਰਨੇ ਲਾਉਂਦੀਆਂ ਹਨ, ਕਿਸਾਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ, ਨਾ ਹੀ ਕਦੇ ਭਗਵੰਤ ਮਾਨ ਨੇ ਕਿਸਾਨ ਆਗੂਆਂ ’ਤੇ ਕੋਈ ਪਰਚਾ ਕੀਤਾ। ਕਿਸਾਨ ਆਗੂ ਅਸਲ ਮੁੱਦਿਆਂ ’ਤੇ ਬੋਲਦੇ ਨਹੀਂ।
ਸਵਾਲ: ਭਾਜਪਾ ਤਾਂ ਕਿਸਾਨ ਧਿਰਾਂ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ।
ਜਵਾਬ: ਕੇਂਦਰ ਸਰਕਾਰ ਕਦੇ ਵੀ ਗੱਲਬਾਤ ਤੋਂ ਭੱਜੀ ਨਹੀਂ। ਤਿੰਨ ਕੇਂਦਰੀ ਵਜ਼ੀਰ ਗੱਲਬਾਤ ਵਾਸਤੇ ਚੰਡੀਗੜ੍ਹ ਵਿਚ ਚਾਰ ਮੀਟਿੰਗਾਂ ਵਿਚ ਆਏ। ਨਵੀਂ ਆਫ਼ਰ ਵੀ ਲੈ ਕੇ ਆਏ। ਹੁਣ ਵੀ ਉਮੀਦਵਾਰ ਜਦੋਂ ਆਖਦੇ ਹਨ ਕਿ ਆਓ ਗੱਲ ਕਰੀਏ ਤਾਂ ਮੋਰਚਾ ਲਾ ਕੇ ਬੈਠ ਜਾਂਦੇ ਹਨ। ਕਿਸਾਨ ਭਾਜਪਾ ਦਾ ਵਿਰੋਧ ਕਰਨ ਪਰ ਬੇਨਤੀ ਹੈ ਕਿ ਇਹ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ।
ਸਵਾਲ: ਕਿਸਾਨਾਂ ਦੀ ਸਿੱਧੀ ਦਲੀਲ ਹੈ, ਕੇਂਦਰ ਨੇ ਦਿੱਲੀ ’ਚ ਵੜਨ ਦਿੱਤਾ, ਅਸੀਂ ਪਿੰਡਾਂ ਵਿਚ ਵੜਨ ਨਹੀਂ ਦਿਆਂਗੇ।
ਜਵਾਬ: ਕੇਂਦਰ ਨੇ ਕਿਸਾਨਾਂ ਨੂੰ ਅੰਦੋਲਨ ਵੇਲੇ ਵੀ ਨਹੀਂ ਰੋਕਿਆ ਅਤੇ ਹੁਣ 14 ਮਾਰਚ ਨੂੰ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਗਿਆ। ਗਲ ਵਿਚ ਹਰਾ ਪਰਨਾ ਪਾ ਕੇ ਹਰ ਕੋਈ ਕਿਸਾਨ ਆਗੂ ਬਣ ਜਾਂਦਾ ਹੈ। ਜੇ ਕਿਤੇ ਗ਼ਲਤ ਅਨਸਰ ਘੁਸਪੈਠ ਕਰ ਗਏ ਤਾਂ ਬਦਨਾਮੀ ਤਾਂ ਪੰਜਾਬ ਦੇ ਕਿਸਾਨ ਦੀ ਹੀ ਹੋਵੇਗੀ।
ਸਵਾਲ: ਧਰਨੇ ਮੁਜ਼ਾਹਰੇ ਕਰਨਾ ਕੀ ਕਿਸਾਨਾਂ ਦੀ ਮਜਬੂਰੀ ਨਹੀਂ।
ਜਵਾਬ: ਬਰਨਾਲੇ ’ਚ ਕੀ ਹੋਇਆ ਹੈ, ਜਿਹੜੇ ਧਰਨਾ ਭਗਵੰਤ ਮਾਨ ਦੇ ਦਰਵਾਜ਼ੇ ਮੂਹਰਾ ਲੱਗਣਾ ਚਾਹੀਦਾ ਸੀ, ਉਹ ਕਿਸਾਨਾਂ ਨੇ ਕਾਰੋਬਾਰੀ ਦੇ ਗੇਟ ’ਤੇ ਲਾ ਦਿੱਤਾ। ਵਪਾਰੀ ਤੇ ਕਿਸਾਨਾਂ ਵਿਚਾਲੇ ਖਾਈ ਖੜੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦਾ ਕੰਮ ਨਾ ਕਰੋ। ਸ਼ੰਭੂ ਬਾਰਡਰ ’ਤੇ ਧਰਨੇ ਕਾਰਨ ਰੋਜ਼ਾਨਾ 69 ਟਰੇਨਾਂ ਕੈਂਸਲ ਹੋ ਰਹੀਆਂ ਹਨ। ਸਨਅਤ ’ਤੇ ਮਾੜਾ ਅਸਰ ਪੈ ਰਿਹਾ ਹੈ। ਟਰੇਨਾਂ ਰੋਕਣੀਆਂ ਅਤੇ ਸੜਕਾਂ ਤੇ ਬਹਿਣਾ, ਇਸ ਨਾਲ ਬਦਨਾਮ ਕੌਣ ਹੋਵੇਗਾ। ਕਿਸਾਨ ਨੂੰ ਕਿਉਂ ਬਦਨਾਮ ਕਰ ਰਹੇ ਹੋ। ਆਮ ਬੰਦੇ ਨੂੰ ਕਿਸਾਨ ਦੇ ਖ਼ਿਲਾਫ਼ ਨਾ ਖੜ੍ਹਾ ਕਰੋ।
ਸਵਾਲ: ਕੇਂਦਰ ਸਰਕਾਰ ਪੰਜਾਬ ਦੇ ਫ਼ੰਡ ਰੋਕ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ।
ਜਵਾਬ: ਪੁਰਾਣੀਆਂ ਸਰਕਾਰਾਂ ਨੇ ਦਿਹਾਤੀ ਵਿਕਾਸ ਫ਼ੰਡ ਅਸਲ ਮਕਸਦ ਲਈ ਨਹੀਂ ਵਰਤੇ ਜਿਸ ਕਰਕੇ ਅੜਿੱਕਾ ਪਿਆ। ‘ਆਪ’ ਸਰਕਾਰ ਨੇ ਐਕਟ ਵਿਚ ਸੋਧ ਤਾਂ ਕਰ ਲਈ ਪ੍ਰੰਤੂ ਆਪਣਾ ਕੇਸ ਦਿਹਾਤੀ ਵਿਕਾਸ ਫ਼ੰਡ ਲੈਣ ਵਾਸਤੇ ਪਲੈਨਿੰਗ ਕਮਿਸ਼ਨ ਕੋਲ ਨਹੀਂ ਰੱਖਿਆ।
ਸਵਾਲ: ਭਾਜਪਾ ਤੇ ਕਿਸਾਨਾਂ ਦਰਮਿਆਨ ਇਹ ਦੂਰੀਆਂ ਕਿਵੇਂ ਘਟਣਗੀਆਂ।
ਜਵਾਬ: ਕਿਸਾਨ ਆਗੂ ਗੱਲ ਤਾਂ ਕਰਨ, ਉਹ ਕਰਨ ਨੂੰ ਤਿਆਰ ਹਨ। ਤਰਕ ਨਾਲ ਗੱਲ ਰੱਖੀ ਜਾਵੇਗੀ। ਉਮੀਦਵਾਰਾਂ ਦਾ ਅੰਨ੍ਹੇਵਾਹ ਵਿਰੋਧ ਕੀਤਾ ਜਾ ਰਿਹਾ ਹੈ ਜਦੋਂ ਕਿ ਪ੍ਰਚਾਰ ਕਰਨ ਦਾ ਤਾਂ ਸਭ ਨੂੰ ਹੱਕ ਹੈ। ਪਿੰਡਾਂ ਵਿਚ ਹੋਰ ਲੋਕ ਵੀ ਵੱਸਦੇ ਨੇ ਜਿਨ੍ਹਾਂ ਨੂੰ ਕੇਂਦਰੀ ਮਦਦ ਮਿਲ ਰਹੀ ਹੈ।
ਸਵਾਲ: ਅਖੀਰ ’ਚ, ਤੁਹਾਡੀ ਕਿਸਾਨਾਂ ਨੂੰ ਅਪੀਲ।
ਜਵਾਬ: ਦੇਖੋ, ਲੋਕਤੰਤਰੀ ਦਾਇਰੇ ਵਿਚ ਰਹਿ ਕੇ ਵਿਰੋਧ ਕਰਨ ਦਾ ਸਭ ਨੂੰ ਹੱਕ ਹੈ ਪਰ ਕਿਸੇ ਨੂੰ ਪ੍ਰਚਾਰ ਕਰਨ ਤੋਂ ਰੋਕਣਾ ਠੀਕ ਨਹੀਂ ਹੈ। ਲੋੜ ਇਸ ਗੱਲ ਦੀ ਹੈ ਕਿ ਕਿਸਾਨ ਪਾਰਲੀਮੈਂਟ ਵਿਚ ਆਪਣੀ ਆਵਾਜ਼ ਭੇਜਣ। ਕੱਲੇ ਭਾਜਪਾ ਨੂੰ ਮਾੜਾ ਕਹਿਣ ਨਾਲ ਗੱਲ ਨਹੀਂ ਬਣਨੀ।

Advertisement

‘ਭਾਜਪਾ-ਅਕਾਲੀ ਦਲ ਇਕੱਠੇ ਲੜਦੇ ਤਾਂ 10 ਸੀਟਾਂ ਜਿੱਤਦੇ’

ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਚੋਣਾਂ ਮਗਰੋਂ ਹਮਾਇਤ ਮਿਲਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨਾਲ ਜੱਫੀ ਪਾਉਣੀ ਹੁੰਦੀ ਤਾਂ ਚੋਣਾਂ ਤੋਂ ਪਹਿਲਾਂ ਹੀ ਪਾ ਲੈਂਦੇ। ਉਨ੍ਹਾਂ ਕਿਹਾ ਕਿ ਜੇ ਭਾਜਪਾ, ਅਕਾਲੀ ਦਲ ਨਾਲ ਇਕੱਠੇ ਚੋਣ ਲੜਦੀ ਤਾਂ 10 ਸੀਟਾਂ ਲੈ ਜਾਣੀਆਂ ਸਨ। ਉਨ੍ਹਾਂ ਮੁਤਾਬਕ ਬਠਿੰਡਾ ’ਚ ਹਰਸਿਮਰਤ ਕੌਰ ਬਾਦਲ ਨੇ ਆਪਣਾ ਪ੍ਰਬੰਧ ਜ਼ਰੂਰ ਕਰ ਲਿਆ ਹੈ। ਤਾ ਹੀਂ ਤਾਂ ਟਿਕਟ ਵੇਚਣ ਦਾ ਰੌਲਾ ਕਾਂਗਰਸ ਦਾ ਪਿਆ ਸੀ। ਭਾਜਪਾ ਪੁਰਾਣੀਆਂ ਧਾਰਨਾਵਾਂ ਤੋੜਨਾ ਚਾਹੁੰਦੀ ਹੈ।

Advertisement
Author Image

sukhwinder singh

View all posts

Advertisement
Advertisement
×