For the best experience, open
https://m.punjabitribuneonline.com
on your mobile browser.
Advertisement

ਪਰਾਲੀ ਦੀਆਂ ਟਰਾਲੀਆਂ ਭਰ ਕੇ ਡੀਸੀ ਦਫ਼ਤਰ ਪੁੱਜੇ ਕਿਸਾਨ

06:55 AM Nov 21, 2023 IST
ਪਰਾਲੀ ਦੀਆਂ ਟਰਾਲੀਆਂ ਭਰ ਕੇ ਡੀਸੀ ਦਫ਼ਤਰ ਪੁੱਜੇ ਕਿਸਾਨ
ਸੰਗਰੂਰ ’ਚ ਡੀ.ਸੀ. ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਨਵੰਬਰ
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਉਤਰੀ ਭਾਰਤ ਦੀਆਂ 18 ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਤੇ ਸਾਂਝੇ ਸੱਦੇ ’ਤੇ ਸੈਂਕੜੇ ਕਿਸਾਨ ਪਰਾਲੀ ਦੀਆਂ ਦਰਜਨਾਂ ਟਰਾਲੀਆਂ ਭਰ ਕੇ ਡੀ.ਸੀ. ਦਫ਼ਤਰ ਅੱਗੇ ਪੁੱਜੇ ਅਤੇ ਧਰਨਾ ਦਿੰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿਚ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਬੀਬੀਆਂ ਵੀ ਸ਼ਾਮਲ ਸਨ। ਕਿਸਾਨਾਂ ਨੇ ਧਰਨੇ ਅਤੇ ਪਰਾਲੀ ਦੀਆਂ ਭਰੀਆਂ ਟਰਾਲੀਆਂ ਕਾਰਨ ਡੀ.ਸੀ. ਦਫ਼ਤਰ ਰੋਡ ’ਤੇ ਅੱਜ ਸ਼ਾਮ ਤੱਕ ਆਵਾਜਾਈ ਠੱਪ ਰਹੀ। ਕਿਸਾਨ ਮੰਗ ਕਰ ਰਹੇ ਸਨ ਕਿ ਪਰਾਲੀ ਦੇ ਮਸਲੇ ਦਾ ਠੋਸ ਤੇ ਪੱਕਾ ਹੱਲ ਕੀਤਾ ਜਾਵੇ, ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਦਰਜ ਪੁਲੀਸ ਕੇਸ, ਫਰਦਾਂ ’ਚ ਰੈਡ ਐਂਟਰੀਆਂ ਅਤੇ ਜੁਰਮਾਨੇ ਰੱਦ ਕੀਤੇ ਜਾਣ।
ਧਰਨੇ ਨੂੰ ਭਾਕਿਯੂ ਏਕਤਾ ਅਜ਼ਾਦ ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ, ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਹਿਗੜ੍ਹ ਭਾਦਸੋਂ ਅਤੇ ਜਨਰਲ ਸਕੱਤਰ ਰਣ ਸਿੰਘ ਚੱਠਾ ਆਦਿ ਆਗੂਆਂ ਨੇ ਸੰਬੋਧਨ ਕੀਤਾ ਤੇ ਮੰਗ ਕੀਤੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਪਾਸਪੋਰਟ ਰੱਦ ਕਰਨ, ਅਸਲਾ ਲਾਇਸੈਂਸ ਰੱਦ ਕਰਨ, ਸਬਸਿਡੀਆਂ ਰੱਦ ਕਰਨ ਅਤੇ ਸਰਕਾਰੀ ਸਹੂਲਤਾਂ ਬੰਦ ਕਰਨ ਦੇ ਦਿੱਤੇ ਆਦੇਸ਼ ਵਾਪਸ ਲਏ ਜਾਣ, ਪੰਜਾਬ ਅੰਦਰ ਪੂਰਨ ਨਸ਼ਾਬੰਦੀ ਕੀਤੀ ਜਾਵੇ, ਕਿਸੇ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਸੂਰਤ ਵਿੱਚ ਸਬੰਧਤ ਇਲਾਕੇ ਦੇ ਵਿਧਾਇਕ, ਐੱਸਐੱਸਪੀ ਅਤੇ ਡੀਐੱਸਪੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ, ਸੜਕੀ ਪ੍ਰਾਜੈਕਟ ਤਹਿਤ ਜ਼ਮੀਨਾਂ ਐਕੁਆਇਰ ਕਰਨਾ ਬੰਦ ਕੀਤਾ ਜਾਵੇ, ਰਜ਼ਾਮੰਦੀ ਨਾਲ ਜ਼ਮੀਨਾਂ ਦੇਣ ਵਾਲੇ ਕਿਸਾਨਾਂ ਨੂੰ ਮਾਰਕੀਟ ਰੇਟ ਦਾ ਛੇ ਗੁਣਾਂ ਮੁਆਵਜ਼ਾ ਦਿੱਤਾ ਜਾਵੇੇ। ਇਸ ਮੌਕੇ ਮਹਿਲਾ ਆਗੂ ਬਲਜੀਤ ਕੌਰ ਕਿਲਾਭਰੀਆਂ, ਲੀਲਾ ਸਿੰਘ ਚੋਟੀਆਂ, ਗੁਰਮੇਲ ਸਿੰਘ ਕੈਂਪਰ, ਜਸਵੀਰ ਸਿੰਘ ਮੈਦੇਪਾਸ, ਦਰਬਾਰਾ ਸਿੰਘ ਲੋਹਾਖੇੜਾ, ਰਾਜਪਾਲ ਸਿੰਘ ਮੰਗਵਾਲ, ਸੰਤ ਰਾਮ ਛਾਜਲੀ, ਬਲਜੀਤ ਸਿੰਘ ਜੌਲੀਆਂ, ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਭੂਰਾ ਸਿੰਘ ਸਲੇਮਗੜ੍ਹ, ਹਰੀ ਸਿੰਘ ਚੱਠਾ, ਕਰਨੈਲ ਸਿੰਘ ਕਾਕੜਾ, ਸੁਖਚੈਨ ਸਿੰਘ ਸ਼ਾਦੀਹਰੀ ਤੇ ਰਾਮਫਲ ਸਿੰਘ ਜਲੂਰ ਆਦਿ ਨੇ ਵੀ ਸੰਬੋਧਨ ਕੀਤਾ।
ਧਰਨੇ ਦੌਰਾਨ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਉਚ ਪ੍ਰਸ਼ਾਸਨਿਕ ਅਧਿਕਾਰੀ ਨੇ ਆ ਕੇ ਮੰਗ ਪੱਤਰ ਨਾ ਲਿਆ ਤਾਂ ਟਰਾਲੀਆਂ ’ਚ ਭਰੀ ਪਰਾਲੀ ਡੀ.ਸੀ. ਦਫ਼ਤਰ ਅੱਗੇ ਸੁੱਟੀ ਜਾਵੇਗੀ। ਇਸ ਮਗਰੋਂ ਏਡੀਸੀ ਵਰਜੀਤ ਵਾਲੀਆ ਨੇ ਆ ਕੇ ਮੰਗ ਪੱਤਰ ਲਿਆ, ਜਿਸ ਮਗਰੋਂ ਧਰਨਾ ਸਮਾਪਤ ਹੋਇਆ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਪਰਾਲ਼ੀ ਸਾੜਨ ਦੇ ਮਾਮਲੇ ਨੂੰ ਲੈ ਕੇ ਕੇਸ ਅਤੇ ਜ਼ਮੀਨੀ ਰਿਕਾਰਡ ’ਚ ਰੈੱਡ ਐਂਟਰੀ ਪਾਉਣ ਸਮੇਤ ਕੀਤੀਆਂ ਜਾ ਰਹੀਆਂ ਹੋਰ ਕਾਰਵਾਈਆਂ ਦੇ ਰੋਸ ਵਜੋਂ ਅੱਜ ਕਿਸਾਨਾਂ ਨੇ ‘18 ਜਥੇਬੰਦੀਆਂ ਦੇ ਤਾਲਮੇਲ ਕੇਂਦਰ’ ਅਤੇ ‘ਗੈਰ ਰਾਜਨੀਤਕ ਮੋਰਚੇ’ ਦੇ ਸੱਦੇ ’ਤੇ ਇੱਥੇ ਮਿਨੀ ਸਕੱਤਰੇਤ ਨੇੜੇ ਸਥਿਤ ਪੁੱਡਾ ਗਰਾਊਂਡ ’ਚ ਧਰਨਾ ਦਿੱਤਾ। ਧਰਨੇ ’ਚ ਕਿਸਾਨ ਪਰਾਲੀਆਂ ਦੀਆਂ ਕਈ ਟਰਾਲੀਆਂ ਵੀ ਭਰ ਕੇ ਲਿਆਏ ਸਨ ਤਾਂ ਜੋ ਮੰਗਾਂ ਨਾ ਮੰਨਣ ਦੀ ਸੂਰਤ ’ਚ ਉਹ ਪਰਾਲੀ ਇੱਥੇ ਡੀ.ਸੀ ਦਫਤਰ ’ਚ ਸੁੱਟ ਸਕਣ। ਕਿਸਾਨਾ ਦਾ ਕਹਿਣਾ ਹੈ ਕਿ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾਲ ਸਹਿਮਤੀ ਜਤਾਉਣ ’ਤੇ ਉਹ ਇਹ ਪਰਾਲ਼ੀ ਨਾਲ ਹੀ ਵਾਪਸ ਲੈ ਗਏ।
ਧਰਨੇ ਨੂੰ ਬੀਕੇਯੂ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ ਤੇ ਗੁਰਨਾਮ ਢੈਂਠਲ, ਕਿਸਾਨ ਯੂਨੀਅਨ (ਆਜਾਦ) ਦੇ ਸੂਬਾਈ ਆਗੂ ਮਨਜੀਤ ਨਿਆਲ਼ ਤੇ ਗੁਰਵਿੰਦਰ ਸਿੰਘ, ਕਿਸਾਨ ਯੂਨੀਅਨ (ਭਟੇੜੀ) ਦੇ ਸੂਬਾਈ ਪ੍ਰਧਾਨ ਜੰਗ ਸਿੰਘ ਭਟੇੜੀ ਤੇ ਗੁਰਧਿਆਨ ਸਿਓਣਾ ਸਮੇਤ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜਿਲ੍ਹਾ ਪ੍ਰਧਾਨ ਜੋਰਾ ਸਿੰਘ ਬਲਬੇੜਾ ਆਦਿ ਦਾ ਕਹਿਣਾ ਸੀ ਕਿ ਪਰਾਲੀ ਸਾੜਨ ਦੇ ਮਾਮਲੇ ’ਚ ਕਿਸਾਨਾਂ ’ਤੇ ਕੇਸ ਅਤੇ ਜ਼ਮੀਨੀ ਰਿਕਾਰਡ ’ਤੇ ਐਂਟਰੀ ਪਾਉਣ ਸਮੇਤ ਅਸਲਾ ਲਾਇਸੈਂਸ, ਸਬਸਿਡੀਆਂ ਰੱਦ ਕਰਨ ਵਰਗੇ ਫੈਸਲੇ ਕਿਸਾਨ ਬਰਦਾਸ਼ਤ ਨਹੀਂ ਕਰਨਗੇ। ਬਾਅਦ ’ਚ ਕਿਸਾਨ ਆਗੂਆਂ ਦੀ ਏਡੀਸੀ ਅਨੁਪ੍ਰਿਤਾ ਜੌਹਲ, ਐਸਪੀ ਸਰਫਰਾਜ ਆਲਮ ਤੇ ਸੌਰਵ ਜਿੰਦਲ ਸਮੇਤ ਐੱਸਡੀਐੱਮ ਡਾ. ਇਸ਼ਮਿਤ ਵਿਜੈ ਸਿੰਘ ਨਾਲ਼ ਮੀਟਿੰਗ ਵੀ ਹੋਈ ਪਰ ਕਈ ਮੰਗਾਂ ਅਤੇ ਮਸਲਿਆਂ ’ਤੇ ਸਹਿਮਤੀ ਬਣਨ ਉਪਰੰਤ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ।

Advertisement

ਸੰਗਰੂਰ ’ਚ ਡੀਸੀ ਦਫ਼ਤਰ ਵਾਲੀ ਸੜਕ ਉੱਪਰ ਖੜ੍ਹੀਆਂ ਪਰਾਲੀ ਦੀਆਂ ਭਰੀਆਂ ਟਰਾਲੀਆਂ।

ਪਰਾਲੀ ਸਾੜਨ ਦੇ ਮਾਮਲਿਆਂ ’ਚ ਗਿਰਾਵਟ ਦਰਜ

ਮਾਲੇਰਕੋਟਲ (ਨਿੱਜੀ ਪੱਤਰ ਪ੍ਰੇਰਕ): ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਠੋਸ ਯਤਨਾਂ ਦੇ ਸਾਰਥਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿਛਲੇ ਦੋ ਦਿਨਾਂ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਭਾਰੀ ਗਿਰਾਵਟ ਆਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪੋਰਟਲ ’ਤੇ ਪਿਛਲੇ ਸਾਲ 19 ਨਵੰਬਰ ਤੱਕ ਕਰੀਬ 668 ਘਟਨਾਵਾਂ ਅੱਗ ਲਗਾਉਣ ਦੀਆਂ ਏ.ਟੀ.ਆਰ ’ਤੇ ਦਰਜ ਹੋਈਆਂ ਸਨ ਜਦ ਕਿ ਅੱਜ ਤੱਕ ਪਿਛਲੇ ਸਾਲ ਨਾਲੋਂ 266 ਘੱਟ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਕਿਹਾ ਕਿ ਇਹ ਸਭ ਕਿਸਾਨਾਂ ਦੇ ਸਹਿਯੋਗ ਅਤੇ ਫ਼ੀਲਡ ਵਿੱਚ ਤਾਇਨਾਤ ਅਧਿਕਾਰੀਆਂ ਦੇ ਜਾਗਰੂਕਤਾ ਅਭਿਆਨ ਨਾਲ ਸੰਭਵ ਹੋਇਆ ਹੈ। ਜ਼ਿਕਰਯੋਗ ਹੈ ਕਿ ਪਰਾਲੀ ਸਾੜਨ ਦੇ ਮਾਮਲਿਆਂ ’ਤੇ ਪੂਰਨ ਰੋਕ ਨੂੰ ਯਕੀਨੀ ਬਣਾਉਣ ਸਬੰਧੀ ਜ਼ਿਲ੍ਹਾ ਵਿੱਚ ਦਫ਼ਾ 144 ਅਧੀਨ ਹੁਕਮ ਜਾਰੀ ਪਹਿਲਾਂ ਹੀ ਕੀਤੇ ਗਏ ਸਨ ਤਾਂ ਜੋ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾ ਕੇ ਅੱਗਜ਼ਨੀ ਦੀਆਂ ਘਟਨਾਵਾਂ ਨੂੰ ਜ਼ਿਲ੍ਹੇ ਵਿੱਚ ਜ਼ੀਰੋ ਕੀਤਾ ਜਾ ਸਕੇ। ਪਰਾਲੀ ਸਾੜਨ ਦੇ ਮਾਮਲਿਆਂ ਵਿਰੁੱਧ ਕਾਰਵਾਈ ਦੀ ਨਿਗਰਾਨੀ ਉਹ ਖ਼ੁਦ ਹਰ ਰੋਜ਼ ਸਵੇਰੇ ਵਰਚੁਅਲ ਮਾਧਿਅਮ ਨਾਲ ਜ਼ਿਲ੍ਹੇ ਦੇ ਸਮੂਹ ਐੱਸ.ਡੀ.ਐੱਮਜ਼, ਪੁਲੀਸ ਪ੍ਰਸ਼ਾਸਨ, ਫ਼ੀਲਡ ਵਿੱਚ ਤਾਇਨਾਤ ਕਲੱਸਟਰ ਅਫ਼ਸਰ, ਨੋਡਲ ਅਫ਼ਸਰ ਅਤੇ ਸਟੇਸ਼ਨ ਹਾਊਸ ਅਫ਼ਸਰਾਂ (ਐੱਸਐੱਚਓਜ਼) ਨਾਲ ਕਰ ਰਹੇ ਹਨ। ਫੀਲਡ ਵਿੱਚ ਜਾ ਕੇ ਵੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਅਤੇ ਉਨ੍ਹਾਂ ਦੀਆਂ ਫ਼ੀਲਡ ਟੀਮਾਂ ਵੱਲੋਂ ਲਗਾਤਾਰ ਬਿਨਾਂ ਕਿਸੇ ਛੁੱਟੀ ਦੇ ਲਗਾਤਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗਾ ਨਾ ਲਗਾ ਕੇ ਪਰਾਲੀ ਦਾ ਪ੍ਰਬੰਧਨ ਕਰਨ ਅਤੇ ਆਧੁਨਿਕ ਮਸ਼ੀਨਰੀ ਦੇ ਉਪਯੋਗ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ।

Advertisement
Author Image

Advertisement
Advertisement
×