ਕਿਸਾਨਾਂ ਵੱਲੋਂ ਕਰਜ਼ਾ ਮੁਆਫ਼ੀ ਲਈ ਮੁਜ਼ਾਹਰਾ
ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 22 ਅਗਸਤ
ਪੰਜਾਬ ਸਰਕਾਰ ਦੇ ਕਿਸਾਨਾਂ ਦੇ ਕਰਜ਼ਾ ਮਾਫ਼ੀ ਦੇ ਫੋਕੇ ਵਾਅਦਿਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਨੇ ਫੂਲ ਟਾਊਨ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਐੱਸਡੀਐੱਮ ਦਫ਼ਤਰ ਤੱਕ ਰੋਸ ਮਾਰਚ ਕਰਦਿਆਂ ਉਨ੍ਹਾਂ ਦੇ ਰੀਡਰ ਨੂੰ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਸੂਚੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਦੋ ਲੱਖ ਤੱਕ ਦੀ ਕਰਜ਼ਾ ਮੁਆਫ਼ੀ ਦੀਆਂ ਸੂਚੀਆਂ ਤਾਂ ਆ ਗਈਆਂ, ਪਰ ਖਾਤਿਆਂ ਵਿੱਚ ਇਸ ਸਬੰਧੀ ਕੋਈ ਪੈਸਾ ਨਹੀਂ ਆਇਆ, ਜਿਸ ਕਾਰਨ ਬੈਂਕਾਂ ਵਾਲੇ ਸਾਰੇ ਪੈਸੇ ਭਰਨ ਲਈ ਦਬਾਅ ਪਾ ਰਹੇ ਹਨ।
ਕਿਸਾਨ ਆਗੂ ਦਰਸ਼ਨ ਸਿੰਘ ਢਿੱਲੋਂ, ਸੀਰਾ ਸਿੰਘ ਜਟਾਣਾ, ਚਰਨਾ ਸਿੰਘ ਜੈਤੋ ਕਾ, ਗੁਰਜੰਟ ਸਿੰਘ ਰਾਮਪੁਰਾ ਅਤੇ ਤੀਰਥ ਰਾਮ ਸੇਲਵਰਾਹ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕਰਕੇ ਵੋਟਾਂ ਲੈ ਲਈਆਂ ਸਨ, ਪਰ ਸੱਤਾ ਵਿੱਚ ਆਉਣ ਮਗਰੋਂ ਸਾਰੇ ਵਾਅਦਿਆਂ ਤੋਂ ਮੁੱਖ ਮੰਤਰੀ ਮੁੱਕਰ ਗਏ। ਉਨ੍ਹਾਂ ਆਪਣੀਆਂ ਹੱਕੀ ਮੰਗਾਂ ਖ਼ਾਤਰ ਲੋਕਾਂ ਦੇ ਇਕੱਠੇ ਹੋਣ ਅਤੇ ਰੋਸ ਜ਼ਾਹਰ ਕਰਨ ਦੇ ਹੱਕ ਉੱਤੇ ਪਾਬੰਦੀ ਲਾਉਣ ਦੀ ਨਿਖੇਧੀ ਕੀਤੀ।