ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਨੇ ਡੀਸੀ ਦੇ ਘਰ ਅੱਗੇ ਖੜ੍ਹੇ ਪਾਣੀ ਵਿੱਚ ਝੋਨਾ ਲਾਇਆ

07:12 AM Jul 09, 2024 IST
ਮਾਨਸਾ ਵਿੱਚ ਮੀਂਹ ਦੇ ਖੜ੍ਹੇ ਪਾਣੀ ’ਚ ਝੋਨਾ ਲਾਉਂਦੇ ਹੋਏ ਕਿਸਾਨ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੁਲਾਈ
ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸਾਹਮਣੇ ਲਗਾਤਾਰ ਪੰਜ ਦਿਨਾਂ ਤੋਂ ਖੜ੍ਹੇ ਮੀਂਹ ਦੇ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਲਈ ਸੰਘਰਸ਼ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਅੱਜ ਗੰਦੇ ਪਾਣੀ ਵਿੱਚ ਝੋਨਾ ਲਾ ਕੇ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਗਟਾਇਆ ਗਿਆ। ਇਹ ਪਾਣੀ ਸਿਰਸਾ-ਲੁਧਿਆਣਾ ਮੁੱਖ ਮਾਰਗ ’ਤੇ ਖੜ੍ਹਾ ਹੋਣ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਆ ਰਹੀਆਂ ਹਨ। ਡੀਸੀ ਦੇ ਘਰ ਨੇੜੇ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਦਾ ਮਿਨੀ ਅੱਡਾ ਹੋਣ ਕਾਰਨ ਉਥੋਂ ਸਫ਼ਰ ’ਤੇ ਜਾਣ-ਆਉਣ ਵਾਲੀਆਂ ਸਵਾਰੀਆਂ ਨੂੰ ਸਭ ਤੋਂ ਵੱਡੀ ਮੁਸੀਬਤ ਝੱਲਣ ਪੈ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਮੀਹ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਢੁੱਕਵੇਂ ਬੰਦੋਬਸਤ ਕਰਨ ਲਈ ਅਪੀਲ ਕੀਤੀ ਗਈ ਸੀ, ਪਰ ਮੀਂਹ ਤੋਂ ਪੰਜ ਦਿਨ ਬਾਅਦ ਵੀ ਡਿਪਟੀ ਕਮਿਸ਼ਨਰ ਦੀ ਕੋਠੀ ਸਾਹਮਣੇ ਪਾਣੀ ਦੀ ਨਿਕਾਸੀ ਕਰਵਾਉਣ ਵਿੱਚ ਜਦੋਂ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਤਾਂ ਅਜਿਹਾ ਰੋਸ ਝੋਨਾ ਲਾਕੇ ਪ੍ਰਗਟ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਮੀਂਹ ਆਉਣ ਲਈ ਬਕਾਇਦਾ ਸੁਚੇਤ ਕੀਤਾ ਸੀ ਤਾਂ ਮਾਨਸਾ ਪ੍ਰਸ਼ਾਸਨ ਨੇ ਇਸ ਖੜ੍ਹੇ ਪਾਣੀ ਨੂੰ ਲਗਾਤਾਰ ਪੰਜ ਦਿਨਾਂ ਤੋਂ ਮੋਟਰਾਂ ਲਾ ਕੇ ਕੱਢਣ ਤੋਂ ਕਿਉਂ ਸੁਸਤੀ ਧਾਰੀ ਹੋਈ ਹੈ। ਕਿਸਾਨ ਆਗੂ ਨੇ ਕਿਹਾ ਕਿ ਜਦੋਂ ਨਗਰ ਕੌਂਸਲ ਦਾ ਪ੍ਰਧਾਨ ਅਤੇ ਹੋਰ ਅਧਿਕਾਰੀ ਵਿਜੀਲੈਂਸ ਵੱਲੋਂ ਪਰਚਾ ਦਰਜ ਹੋਣ ਤੋਂ ਬਾਅਦ ਰੂਪੋਸ਼ ਹੋ ਚੁੱਕੇ ਹਨ ਤਾਂ ਪ੍ਰਸ਼ਾਸਨ ਨੂੰ ਉਸ ਦਾ ਬਦਲਵਾਂ ਬੰਦੋਬਸਤ ਕਰਨ ਲਈ ਮੀਂਹ ਤੋਂ ਪਹਿਲਾਂ ਉਪਰਾਲੇ ਕਰਨੇ ਦੂਰ ਰਹੇ ਅਤੇ ਹੁਣ ਮੀਂਹ ਤੋਂ ਬਾਅਦ ਲੋਕਾਂ ਦੀ ਲਗਾਤਾਰ ਖੱਜਲ-ਖੁਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਡੀਸੀ ਦੀ ਰਿਹਾਇਸ਼ ਨੇੜੇ ਕਈ ਵੱਡੇ ਡਾਕਟਰਾਂ ਦੇ ਨਿੱਜੀ ਹਸਪਤਾਲ ਹੋਣ ਕਾਰਨ ਮਰੀਜ਼ਾਂ ਨੂੰ ਦਵਾਈ ਦਿਵਾਉਣ ਲਈ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਧਰ ਕਿਸਾਨਾਂ ਦੇ ਇਸ ਨਿਵੇਕਲੇ ਵਿਰੋਧ ਤੋਂ ਬਅਦ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਨਿਰਮਲ ਓਪੇਸਚਨ ਨੇ ਮੌਕੇ ’ਤੇ ਪਹੁੰਚ ਕੇ ਕਿਸਾਨ ਆਗੂਆਂ ਨੂੰ ਛੇਤੀ ਪਾਣੀ ਦੀ ਨਿਕਾਸੀ ਕਰਨ ਦਾ ਭਰੋਸਾ ਦਿਵਾਇਆ, ਜਿਸ ’ਤੇ ਕਿਸਾਨਾਂ ਨੇ ਝੋਨਾ ਲਾਉਣਾ ਬੰਦ ਕਰ ਦਿੱਤਾ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਜੇ ਵੀ ਪਹਿਲਾਂ ਦੀ ਤਰ੍ਹਾਂ ਸੁਸਤੀ ਜਾਰੀ ਰਹੀ ਤਾਂ ਡਿਪਟੀ ਕਮਿਸ਼ਨਰ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।

Advertisement

Advertisement