ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਜਥੇਬੰਦੀਆਂ ਅੱਜ ਕਰਨਗੀਆਂ ਦਿੱਲੀ ਵੱਲ ਕੂਚ

06:53 AM Feb 21, 2024 IST
ਪੁਲੀਸ ਵੱਲੋਂ ਲਾਈਆਂ ਰੋਕਾਂ ਤੋੜਨ ਲਈ ਕਿਸਾਨਾਂ ਵੱਲੋਂ ਸ਼ੰਭੂ ਹੱਦ ’ਤੇ ਲਿਆਂਦੀ ਗਈ ਮਸ਼ੀਨ। -ਫੋਟੋ: ਪੀਟੀਆਈ

* ਕਿਸਾਨ ਆਗੂਆਂ ਨੇ ਨੌਜਵਾਨਾਂ ਨੂੰ ਜ਼ਾਬਤੇ ਵਿੱਚ ਰੱਖਣ ਲਈ ਟੀਮਾਂ ਬਣਾਈਆਂ
* ਗੱਲਬਾਤ ਦਾ ਸੱਦਾ ਮਿਲਣ ’ਤੇ ਕੂਚ ਦਾ ਪ੍ਰੋਗਰਾਮ ਆਰਜ਼ੀ ’ਤੌਰ ’ਤੇ ਟਾਲਣ ਦੀ ਸੰਭਾਵਨਾ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 20 ਫਰਵਰੀ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿਚ ਕਿਸਾਨ ਬੁੱਧਵਾਰ ਨੂੰ ਤਣਾਅਪੂਰਨ ਹਾਲਾਤ ਦਰਮਿਆਨ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਦਿੱਲੀ ਵੱਲ ਰਵਾਨਾ ਹੋਣਗੇ। ਕਿਸਾਨ ਆਗੂਆਂ ਨੇ ਇਕੱਠ ਨੂੰ ਕੰਟਰੋਲ ਕਰਨ ਤੇ ਨੌਜਵਾਨਾਂ ਨੂੰ ਜ਼ਾਬਤੇ ਵਿਚ ਰੱਖਣ ਲਈ ਟੀਮਾਂ ਬਣਾਈਆਂ ਹਨ। ਪੰਜਾਬ ਤੇ ਹਰਿਆਣਾ ’ਚੋਂ ਵੱਡੀ ਗਿਣਤੀ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਪਹੁੰਚ ਗਏ ਹਨ। ਕੇਂਦਰ ਸਰਕਾਰ ਵੱਲੋਂ ਦੇਰ ਰਾਤ ਜਾਂ ਭਲਕੇ ਸਵੇਰੇ ਗੱਲਬਾਤ ਲਈ ਕੋਈ ਸੱਦਾ ਆਉਂਦਾ ਹੈ ਤਾਂ ‘ਦਿੱਲੀ ਕੂਚ’ ਨੂੰ ਆਰਜ਼ੀ ਤੌਰ ’ਤੇ ਟਾਲਿਆ ਜਾ ਸਕਦਾ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ।

ਸ਼ੰਭੂ ਹੱਦ ’ਤੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਂਦੀਆਂ ਹੋਈਆਂ ਕਿਸਾਨ ਬੀਬੀਆਂ। -ਫੋਟੋ: ਰਾਜੇਸ਼ ਸੱਚਰ

ਐਤਵਾਰ ਨੂੰ ਹੋਈ ਚੌਥੇ ਗੇੜ ਦੀ ਬੈਠਕ ਵਿਚ ਕੇਂਦਰ ਸਰਕਾਰ ਨੇ ਪੰਜ ਫਸਲਾਂ ’ਤੇ ਪੰਜ ਸਾਲਾਂ ਲਈ ਐੱਮਐੱਸਪੀ ਦੀ ਗਾਰੰਟੀ ਦੇਣ ਦੀ ਤਜਵੀਜ਼ ਰੱਖੀ ਸੀ ਪਰ ਲੰਘੀ ਰਾਤ ਕਿਸਾਨ ਫੋਰਮਾਂ ਨੇ ਇਸ ਕੇਂਦਰੀ ਫਾਰਮੂਲੇ ਨੂੰ ਠੁਕਰਾ ਦਿੱਤਾ ਸੀ। ਬੇਸ਼ੱਕ ਕਿਸਾਨ ਆਗੂਆਂ ਨੇ ਗੱਲਬਾਤ ਦੇ ਬੂਹੇ ਖੁੱਲ੍ਹੇ ਰੱਖੇ ਹਨ ਪਰ ਕੇਂਦਰ ਸਰਕਾਰ ਹੁਣ ਅਗਲੀ ਬੈਠਕ ਕਰਨ ਤੋਂ ਹੱਥ ਪਿਛਾਂਹ ਖਿੱਚਦੀ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਨਾਲ ਰਾਬਤਾ ਬਣਾਇਆ ਹੋਇਆ ਹੈ ਕਿਉਂਕਿ ਸੂਬਾ ਸਰਕਾਰ ਕਿਸੇ ਵੀ ਸੰਭਾਵੀ ਟਕਰਾਅ ਨੂੰ ਟਾਲਣ ’ਚ ਜੁਟੀ ਹੋਈ ਹੈ। ਕੇਂਦਰੀ ਵਜ਼ੀਰਾਂ ਵੱਲੋਂ ਕਿਸਾਨ ਆਗੂਆਂ ਦੀ ਰਣਨੀਤੀ ਅਤੇ ਪੈਂਤੜੇ ਬਾਰੇ ਪਲ ਪਲ ਦੀ ਜਾਣਕਾਰੀ ਲਈ ਜਾ ਰਹੀ ਹੈ। ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਅੱਜ ਪੰਜਾਬ ’ਚੋਂ ਹੋਰ ਕਿਸਾਨ ਪੁੱਜਣੇ ਸ਼ੁਰੂ ਹੋ ਗਏ ਹਨ। ਹਰਿਆਣਾ ’ਚੋਂ ਵੀ ਵੱਡੀ ਗਿਣਤੀ ਵਿਚ ਕਿਸਾਨ ਖਨੌਰੀ ਬਾਰਡਰ ਪੁੱਜੇ ਹਨ। ਬੀਕੇਯੂ (ਸਿੱਧੂਪੁਰ) ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਭਲਕੇ ਸ਼ਾਂਤਮਈ ਤਰੀਕੇ ਨਾਲ ਕਿਸਾਨ ਦਿੱਲੀ ਵੱਲ ਵਧਣਗੇ ਅਤੇ ਇਕੱਠ ਨੂੰ ਕੰਟਰੋਲ ਕਰਨ ਵਾਸਤੇ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਸੂਤਰ ਦੱਸਦੇ ਹਨ ਕਿ ਕਿਸਾਨ ਕਾਫਲੇ ਸਿੱਧੇ ਟਕਰਾਅ ਦੀ ਥਾਂ ਬਦਲਵੇਂ ਰਸਤਿਆਂ ਥਾਈਂ ਹਰਿਆਣਾ ’ਚ ਵਧਣ ਦੀ ਰਣਨੀਤੀ ਘੜ ਰਹੇ ਹਨ ਅਤੇ ਅਜਿਹੇ ਰਾਹਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਇੱਕ ਰਣਨੀਤੀ ਇਹ ਵੀ ਹੈ ਕਿ ਕਿਸਾਨ ਪੈਦਲ ਹੀ ਦਿੱਲੀ ਵੱਲ ਚਾਲੇ ਪਾ ਦੇਣ। ਸ਼ੰਭੂ ਬਾਰਡਰ ’ਤੇ ਜੇਸੀਬੀ ਮਸ਼ੀਨਾਂ ਤੋਂ ਇਲਾਵਾ ਪੋਕਲੇਨ ਮਸ਼ੀਨਾਂ ਆਦਿ ਵੀ ਪੁੱਜ ਗਈਆਂ ਹਨ। ਭਲਕੇ ਬੁੱਧਵਾਰ ਨੂੰ 9 ਵਜੇ ਕਿਸਾਨ ਆਗੂਆਂ ਦੀ ਮੀਟਿੰਗ ਹੋਵੇਗੀ ਜਿਸ ਵਿਚ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਕਿਸਾਨ ਨੇਤਾ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੱਜ ਪੂਰਾ ਦਿਨ ਕਿਸਾਨ ਘੋਲ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਆਗੂ ਹਰ ਅਜਿਹੀ ਕੋਸ਼ਿਸ਼ ਨੂੰ ਨਾਕਾਮ ਕਰ ਰਹੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮਸਲੇ ਦੇ ਹੱਲ ਲਈ ਪਾਰਲੀਮੈਂਟ ਦਾ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਫਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਦੇ ਕੇ ਮਜ਼ਬੂਤ ਨੇਤਾ ਹੋਣ ਦੀ ਮਿਸਾਲ ਬਣਨ।

Advertisement

ਕਾਫਲੇ ’ਚ ਅੱਗੇ ਚੱਲਣਗੇ ਕਿਸਾਨ ਨੇਤਾ

ਕਿਸਾਨ ਨੇਤਾ ਭਲਕੇ ‘ਦਿੱਲੀ ਕੂਚ’ ਦੀ ਅਗਵਾਈ ਕਰਨਗੇ। ਅੱਜ ਮੀਟਿੰਗਾਂ ਦੌਰਾਨ ਫੈਸਲਾ ਹੋਇਆ ਕਿ ਕਿਸਾਨ ਕਾਫਲਿਆਂ ਦੀ ਅਗਵਾਈ ਹਰ ਕਿਸਾਨ ਧਿਰ ਦਾ ਪ੍ਰਧਾਨ/ਮੀਤ ਪ੍ਰਧਾਨ ਜਾਂ ਜਨਰਲ ਸਕੱਤਰ ਕਰੇਗਾ। ਉਨ੍ਹਾਂ ਦੇ ਪਿੱਛੇ ਬਾਕੀ ਕਿਸਾਨ ਚੱਲਣਗੇ। ਕਿਸਾਨ ਆਗੂ ਨੇ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਟਕਰਾਅ ਦੇ ਮਾਹੌਲ ਸਮੇਂ ਆਮ ਕਿਸਾਨਾਂ ਨੂੰ ਅੱਗੇ ਕਰ ਦਿੱਤਾ ਗਿਆ। ਨੇਤਾਵਾਂ ਦੇ ਅੱਗੇ ਚੱਲਣ ਨਾਲ ਅਨੁਸ਼ਾਸਨ ਬਣੇ ਰਹਿਣ ਦੀ ਵੀ ਸੰਭਾਵਨਾ ਹੈ। ਕਿਸਾਨ ਨੇਤਾ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਉਹ ਕਿਸਾਨਾਂ ਤੋਂ ਪਹਿਲਾਂ ਖੁਦ ਗੋਲੀ ਖਾਣਗੇ ਅਤੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਜਾਣਗੇ।

ਪੁਲੀਸ ਨੇ ਪਹਿਰਾ ਸਖ਼ਤ ਕੀਤਾ

ਹਰਿਆਣਾ ਪੁਲੀਸ ਨੇ ਅੰਤਰਰਾਜੀ ਸੀਮਾ ’ਤੇ ਬੈਰੀਕੇਡਿੰਗ ਮਜ਼ਬੂਤ ਕਰਦਿਆਂ ਸੁਰੱਖਿਆ ਬਲਾਂ ਦੀ ਨਫਰੀ ਵੀ ਵਧਾ ਦਿੱਤੀ ਹੈ। ਜਲਤੋਪਾਂ ਆਦਿ ਦਾ ਉਚੇਚੇ ਤੌਰ ’ਤੇ ਪ੍ਰਬੰਧ ਕੀਤਾ ਗਿਆ ਹੈ। ਨੀਮ ਫੌਜੀ ਬਲਾਂ ਨੂੰ ਘੱਗਰ ਦਰਿਆ ’ਤੇ ਤਾਇਨਾਤ ਕੀਤਾ ਗਿਆ ਹੈ। ਪੰਜਾਬ ਹਰਿਆਣਾ ਸੀਮਾ ’ਤੇ ਪੈਂਦੇ ਸਾਰੇ ਛੋਟੇ ਵੱਡੇ ਰਸਤਿਆਂ ’ਤੇ ਪੁਲੀਸ ਦਾ ਪਹਿਰਾ ਵਧਾ ਦਿੱਤਾ ਗਿਆ ਹੈ।

ਖੁਦਾਈ ਵਾਲੀ ਮਸ਼ੀਨਰੀ ਰੋਕਣ ਦੇ ਹੁਕਮ

ਪੰਜਾਬ ਦੇ ਡੀਜੀਪੀ ਨੇ ਅੱਜ ਪਟਿਆਲਾ ਰੇਂਜ ਦੀ ਪੁਲੀਸ ਨੂੰ ਲਿਖਤੀ ਹੁਕਮ ਜਾਰੀ ਕੀਤੇ ਹਨ ਕਿ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਜੇਸੀਬੀ/ਪੋਕਲੇਨ/ਟਿੱਪਰਜ਼ ਸਮੇਤ ਹੋਰ ਖੁਦਾਈ ਵਾਲੀ ਮਸ਼ੀਨਰੀ ਨੂੰ ਜਾਣ ਤੋਂ ਰੋਕਿਆ ਜਾਵੇ ਕਿਉਂਕਿ ਇਨਪੁਟ ਮਿਲੀ ਹੈ ਕਿ ਇਸ ਮਸ਼ੀਨਰੀ ਨਾਲ ਹਰਿਆਣਾ ਪੁਲੀਸ ਵੱਲੋਂ ਲਗਾਏ ਬੈਰੀਕੇਡ ਉਖਾੜੇ ਜਾਣੇ ਹਨ ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਸ਼ੰਭੂ ਬਾਰਡਰ ’ਤੇ ਪੁੱਜੀ ਪੋਕਲੇਨ ਮਸ਼ੀਨ ਨੂੰ ਵੀ ਹਟਾਉਣ ਲਈ ਕਿਹਾ ਹੈ। ਹਰਿਆਣ ਦੇ ਡੀਜੀਪੀ ਵੱਲੋਂ ਲਿਖੇ ਪੱਤਰ ਦੇ ਆਧਾਰ ’ਤੇ ਪੰਜਾਬ ਪੁਲੀਸ ਨੇ ਇਹ ਕਦਮ ਚੁੱਕਿਆ ਹੈ।

ਐੱਸਕੇਐੱਮ ਨੇ ਖ਼ੁਦ ਨੂੰ ‘ਦਿੱਲੀ ਚੱਲੋ’ ਦੇ ਸੱਦੇ ਤੋਂ ਵੱਖ ਕੀਤਾ

ਪਟਿਆਲਾ (ਮੋਹਿਤ ਖੰਨਾ): ਕਿਸਾਨ ਯੂਨੀਅਨਾਂ ਵੱਲੋਂ ਕੇਂਦਰੀ ਤਜਵੀਜ਼ ਰੱਦ ਕਰਨ ਮਗਰੋਂ ਵੱਖ-ਵੱਖ ਕਿਸਾਨ ਯੂਨੀਅਨਾਂ ਦੀ ਸਾਂਝੀ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ ਤੇ ਐੱਸਕੇਐੱਮ-ਆਲ ਇੰਡੀਆ) ਨੇ ਸਪੱਸ਼ਟ ਕੀਤਾ ਹੈ ਕਿ ਉਸ ਨਾਲ ਜੁੜੀਆਂ ਯੂਨੀਅਨਾਂ 21 ਫਰਵਰੀ ਨੂੰ ‘ਦਿੱਲੀ ਚੱਲੋ’ ਪ੍ਰਦਰਸ਼ਨ ’ਚ ਸ਼ਾਮਲ ਨਹੀਂ ਹੋਣਗੀਆਂ। ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਅਤੇ ਐੱਸਕੇਐੱਮ ਦੇ ਬੁਲਾਰੇ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਐੱਸਕੇਐੱਮ ‘ਦਿੱਲੀ ਚਲੋ’ ਮਾਰਚ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ 20 ਤੋਂ 22 ਫਰਵਰੀ ਤੱਕ ਰਾਜ ਦੇ ਸਾਰੇ ਟੌਲ ਪਲਾਜ਼ਿਆਂ ਨੂੰ ਪਰਚੀ ਮੁਕਤ ਕਰ ਰਹੇ ਹਨ ਤੇ ਤਿੰਨ ਦਿਨਾਂ ਲਈ ਭਾਜਪਾ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਜ਼ਿਲ੍ਹਾ ਇਕਾਈ ਦੇ ਪ੍ਰਧਾਨਾਂ ਦੀਆਂ ਰਿਹਾਇਸ਼ਾਂ ਦੇ ਸਾਹਮਣੇ ਚੌਵੀ ਘੰਟੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਸਕੇਐੱਮ ਦੀ 22 ਫਰਵਰੀ ਨੂੰ ਹੋਣ ਵਾਲੀ ਮੀਟਿੰਗ ’ਚ ਅਗਲੇਰੀ ਪੇਸ਼ਕਦਮੀ ਬਾਰੇ ਫ਼ੈਸਲਾ ਕੀਤਾ ਜਾਵੇਗਾ। ਉਧਰ ਬੀਕੇਯੂ (ਏਕਤਾ-ਉਗਰਾਹਾਂ), ਜੋ ਐੱਸਕੇਐੱਮ-ਆਲ ਇੰਡੀਆ ਦੀ ਕੌਮੀ ਰਾਸ਼ਟਰੀ ਤਾਲਮੇਲ ਦੀ ਮੈਂਬਰ ਹਨ, ਨੇ ਪੰਜਾਬ-ਹਰਿਆਣਾ ਸਰਹੱਦ ’ਤੇ ਸ਼ੰਭੂ ਅਤੇ ਖਨੌਰੀ ਬੈਰੀਅਰਾਂ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

Advertisement