ਆਬਾਦਕਾਰਾਂ ਤੋਂ ਜ਼ਮੀਨਾਂ ਖੋਹਣ ਖ਼ਿਲਾਫ਼ ਡਟੀ ਕਿਸਾਨ ਜਥੇਬੰਦੀ
ਖੇਤਰੀ ਪ੍ਰਤੀਨਿਧ
ਬਰਨਾਲਾ, 1 ਜੁਲਾਈ
ਇੱਥੇ ਗੁਰਦੁਆਰਾ ਬਾਬਾ ਕਾਲਾ ਮਹਿਰ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਕਮੇਟੀ ਮੈਂਬਰਾਂ ਤੋਂ ਇਲਾਵਾ 13 ਜ਼ਿਲ੍ਹਿਆਂ ਦੇ ਆਗੂ ਸ਼ਾਮਲ ਹੋਏ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਹੋਰ ਮਸਲਿਆਂ ਤੋਂ ਇਲਾਵਾ ਪਿੰਡ ਕੁੱਲਰੀਆਂ (ਮਾਨਸਾ) ਵਿੱਚ ਆਬਾਦਕਾਰਾਂ ਤੋਂ ਜ਼ਮੀਨ ਖੋਹਣ ਦੀਆਂ ਕੋਸ਼ਿਸ਼ਾਂ ਦਾ ਸਖ਼ਤ ਨੋਟਿਸ ਲਿਆ ਗਿਆ। ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਮਹਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਇਸ ਪਿੰਡ ਦੇ ਕਿਸਾਨ ਜਿਹੜੀ ਜ਼ਮੀਨ ਨੂੰ ਪਿਛਲੇ 65 ਸਾਲਾਂ ਤੋਂ ਵਾਹੁੰਦੇ ਆ ਰਹੇ ਹਨ, ਉਸ ਦੀਆਂ ਗਿਰਦਾਵਰੀਆਂ ਤੋੜ ਕੇ ਪੰਚਾਇਤ ਦੇ ਨਾਮ ਕਰ ਦਿੱਤੀਆਂ ਹਨ ਅਤੇ ਜ਼ਮੀਨਾਂ ਅਬਾਦਕਾਰ ਕਾਸ਼ਤਕਾਰਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਕਿ ਜਥੇਬੰਦੀ ਦੀ ਜ਼ਿਲ੍ਹਾ ਮਾਨਸਾ ਕਮੇਟੀ ਨੇ ਇਹ ਘੋਲ ਆਪਣੇ ਹੱਥ ਲਿਆ ਹੋਇਆ ਹੈ। ਸੂਬਾ ਕਮੇਟੀ ਨੇ ਸਾਰੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਐਲਾਨ ਕੀਤਾ ਕਿ ਸਮੁੱਚੀ ਜਥੇਬੰਦੀ ਪਿੰਡ ਕੁੱਲਰੀਆਂ ਦੇ ਕਾਸ਼ਤਕਾਰ ਕਿਸਾਨਾਂ ਦੀ ਪਿੱਠ ‘ਤੇ ਖੜ੍ਹੇਗੀ। ਇਸੇ ਤਰ੍ਹਾਂ ਸੂਬਾ ਆਗੂ ਅੰਗਰੇਜ਼ ਸਿੰਘ ਮੋਹਾਲੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਰਨਾਲਾ ਵਵਿੱਚ ਧਨਾਢ ਕਲੋਨਾਈਜ਼ਰ ਦੀ ਸ਼ਹਿ ‘ਤੇ ਮਿਉਂਸਪਲ ਅਧਿਕਾਰੀ ਸਲੀਮ ਮੁਹੰਮਦ ਵੱਲੋਂ ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁਨ ਅਰੁਣ ਕੁਮਾਰ ਉਰਫ਼ ਵਾਹਿਗੁਰੂ ਸਿੰਘ ‘ਤੇ ਹਮਲਾ ਕਰ ਕੇ ਉਲਟਾ ਕ੍ਰਾਸ ਕੇਸ ਬਣਾਉਣ ਦਾ ਮਸਲਾ ਵੀ ਵਿਚਾਰਿਆ ਗਿਆ।