For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ

11:42 AM Apr 07, 2024 IST
ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ
ਬਨੂੜ ਦੇ ਕੌਮੀ ਮਾਰਗ ’ਤੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ: ਚਿੱਲਾ
Advertisement

ਪੱਤਰ ਪ੍ਰੇਰਕ
ਬਨੂੜ, 6 ਅਪਰੈਲ
ਅੱਜ ਦੁਪਹਿਰ੍ਹੇ ਬਨੂੜ ਦੇ ਸੰਧੂ ਫ਼ਾਰਮ ਵਿਖੇ ਪਹੁੰਚੀ ਭਾਜਪਾ ਦੀ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦਾ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ। ਇਸ ਮੌਕੇ ਇਕੱਤਰ ਡੇਢ ਦਰਜਨ ਦੇ ਕਰੀਬ ਕਿਸਾਨ ਹੱਥਾਂ ਵਿੱਚ ਕਿਸਾਨੀ ਝੰਡੇ ਲੈ ਕੇ ਕੇਂਦਰ ਸਰਕਾਰ, ਭਾਜਪਾ ਅਤੇ ਪ੍ਰਨੀਤ ਕੌਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਸਥਾਨਕ ਪੁਲੀਸ ਨੇ ਇਨ੍ਹਾਂ ਕਿਸਾਨ ਕਾਰਕੁਨਾਂ ਨੂੰ ਸਮਾਗਮ ਵਾਲੀ ਥਾਂ ਤੋਂ ਦੂਰ ਸੜਕ ਉੱਤੇ ਹੀ ਰੋਕੀ ਰੱਖਿਆ। ਦੂਜੇ ਪਾਸੇ ਸਮਾਗਮ ਵਿੱਚ ਸ਼ਾਮਲ ਹੋ ਰਹੇ ਭਾਜਪਾ ਦੇ ਕਾਰਕੁਨ ਹੱਥਾਂ ਵਿੱਚ ਝੰਡੇ ਫੜ੍ਹ ਕੇ ਭਾਜਪਾ ਅਤੇ ਪ੍ਰਨੀਤ ਕੌਰ ਦੇ ਹੱਕ ਵਿੱਚ ਨਾਅਰੇ ਮਾਰਦੇ ਰਹੇ।
ਪ੍ਰਾਪਤ ਜਾਣਕਾਰੀ ਅਨੁਸਾਰ ਮਹਾਰਾਣੀ ਪ੍ਰਨੀਤ ਕੌਰ ਨੇ ਇੱਥੋਂ ਦੇ ਸੰਧੂ ਫ਼ਾਰਮ ਵਿੱਚ ਐੱਸਐੱਮਐੱਸ ਸੰਧੂ ਦੀ ਅਗਵਾਈ ਹੇਠ ਡੇਰਾਬਸੀ ਵਿਧਾਨ ਸਭਾ ਹਲਕੇ ਦੇ ਵਰਕਰਾਂ ਨਾਲ ਮਿਲਣੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਪ੍ਰਨੀਤ ਕੌਰ ਦੀ ਆਮਦ ਬਾਰੇ ਪਤਾ ਲੱਗਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ, ਚੜੂਨੀ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਹਸਨਪੁਰ, ਇੰਦਰਜੀਤ ਖਲੌਰ, ਅਮਰੀਕ ਸਿੰਘ ਕਰਾਲਾ, ਸੁਖਵਿੰਦਰ ਸਿੰਘ ਭੰਗੂ, ਗੁਰਵਿੰਦਰ ਸਿੰਘ ਵਿੱਕੀ, ਸੰਦੀਪ ਸ਼ਰਮਾ ਕਰਾਲਾ, ਰੁਪਿੰਦਰ ਰੱਬੀ ਖਲੌਰ, ਸੱਤਾ ਸਿੰਘ ਬੁਢਣਪਰ ਆਦਿ ਪੰਦਰਾਂ ਦੇ ਕਰੀਬ ਕਿਸਾਨ ਝੰਡੇ ਲੈ ਕੇ ਉੱਥੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਜਪਾ ਉਮੀਦਵਾਰਾਂ ਦਾ ਸਾਂਤਮਈ ਢੰਗ ਨਾਲ ਵਿਰੋਧ ਕਰਦੇ ਰਹਿਣਗੇ। ਕਿਸਾਨਾਂ ਨੇ ਐਲਾਨ ਕੀਤਾ ਕਿ ਅਗਲੇ ਦਿਨਾਂ ਵਿੱਚ ਇਸ ਮੁਹਿੰਮ ਸਬੰਧੀ ਹੋਰ ਲਾਮਬੰਦੀ ਵਿੱਢੀ ਜਾਵੇਗੀ ਅਤੇ ਭਾਜਪਾ ਉਮੀਦਵਾਰਾਂ ਦਾ ਪਿੰਡਾਂ ਵਿੱਚ ਪੂਰਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਉੱਤੇ ਦੋਸ਼ ਲਗਾਇਆ ਕਿ ਕਿਸਾਨਾਂ ਦੀਆਂ ਮੰਗੀਆਂ ਹੋਈਆਂ ਮੰਗਾਂ ਪੂਰੀਆਂ ਨਾ ਕਰਨ ਅਤੇ ਕਿਸਾਨਾਂ ਨੂੰ ਸਾਂਤਮਈ ਪ੍ਰਦਰਸ਼ਨ ਲਈ ਦਿੱਲੀ ਨਾ ਜਾਣ ਦੇਣ ਦੇ ਵਿਰੋਧ ਕਾਰਨ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ। ਜਦੋਂ ਤੱਕ ਪ੍ਰਨੀਤ ਕੌਰ ਸਬੰਧਿਤ ਸਮਾਗਮ ਵਿੱਚ ਰਹੇ, ਉਦੋਂ ਤੱਕ ਕਿਸਾਨ ਨਾਅਰੇਬਾਜ਼ੀ ਕਰਦੇ ਰਹੇ।

Advertisement

ਮੀਡੀਆ ਨੂੰ ਸਮਾਗਮ ਲਈ ਨਹੀਂ ਦਿੱਤਾ ਸੱਦਾ

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਸ਼ਮੂਲੀਅਤ ਵਾਲੇ ਤਕਰੀਬਨ ਚਾਰ ਘੰਟੇ ਚੱਲੇ ਇਸ ਸਮਾਰੋਹ ਵਿੱਚ ਸਥਾਨਿਕ ਪ੍ਰਿੰਟ ਮੀਡੀਆ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ। ਕਵਰੇਜ਼ ਲਈ ਬਾਹਰੋਂ ਪੱਤਰਕਾਰ ਬੁਲਾਏ ਗਏ ਅਤੇ ਕੁੱਝ ਸਥਾਨਿਕ ਇਲੈਕਟਰਾਨਿਕ ਮੀਡੀਆ ਪ੍ਰਤੀਨਿਧਾਂ ਨੂੰ ਸੱਦਿਆ ਗਿਆ। ਪ੍ਰੈਸ ਕਲੱਬ ਬਨੂੜ ਨੇ ਇਸ ਪੱਖਪਾਤੀ ਰਵੱਈਏ ਦਾ ਸਖ਼ਤ ਨੋਟਿਸ ਲੈਂਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਅਜਿਹਾ ਹੋਇਆ ਤਾਂ ਪ੍ਰੈਸ ਕਲੱਬ ਬਨੂੜ ਭਾਜਪਾ ਉਮੀਦਵਾਰ ਦੀ ਕਵਰੇਜ਼ ਦਾ ਬਾਈਕਾਟ ਕਰਨ ਤੋਂ ਗੁਰੇਜ ਨਹੀਂ ਕਰੇਗਾ।

Advertisement
Author Image

sukhwinder singh

View all posts

Advertisement
Advertisement
×