ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਨੂੰ ਤਾਲਾ ਜੜਿਆ
ਰਤਨ ਸਿੰਘ ਢਿੱਲੋਂ
ਅੰਬਾਲਾ, 5 ਜੂਨ
ਅੰਬਾਲਾ ਕੈਂਟ ਦੀ ਜੀਟੀ ਰੋਡ ‘ਤੇ ਮੌਹੜਾ ਸਥਿਤ ਅਨਾਜ ਮੰਡੀ ਵਿਚ ਕਿਸਾਨਾਂ ਨੇ ਸੂਰਜਮੁਖੀ ਫ਼ਸਲ ਦੀ ਖ਼ਰੀਦ ਘੱਟੋ ਘੱਟ ਸਮਰਥਨ ਮੁੱਲ ‘ਤੇ ਨਾ ਹੋਣ ਤੋਂ ਖ਼ਫ਼ਾ ਸੋਮਵਾਰ ਸ਼ਾਮ ਨੂੰ ਮਾਰਕੀਟ ਕਮੇਟੀ ਦੇ ਦਫ਼ਤਰ ਨੂੰ ਤਾਲਾ ਜੜ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ 8 ਜੂਨ ਤੱਕ ਸੰਕੇਤਕ ਰੂਪ ਵਿਚ ਤਾਲਾ ਲਾ ਕੇ ਰੱਖਣ ਦੀ ਚਿਤਾਵਨੀ ਦਿੱਤੀ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਕੋਈ ਵੱਡਾ ਕਦਮ ਚੁੱਕਣ ਲਈ ਮਜ਼ਬੂਰ ਹੋਣਗੇ।
ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਸੱਦੇ ‘ਤੇ ਭਾਰੀ ਗਿਣਤੀ ਵਿਚ ਕਿਸਾਨ ਅੱਜ ਸ਼ਾਮ ਅਨਾਜ ਮੰਡੀ ਪਹੁੰਚੇ ਅਤੇ ਧਰਨਾ ਦਿੰਦਿਆਂ ਸਰਕਾਰ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸੂਰਜਮੁਖੀ ਦੀ ਫਸਲ 6450 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਖ਼ਰੀਦੀ ਜਾਵੇ।
ਯੂਨੀਅਨ ਦੇ ਕੌਮੀ ਪ੍ਰਧਾਨ ਅਮਰਜੀਤ ਸਿੰਘ ਮੌਹੜੀ ਨੇ ਕਿਹਾ ਕਿ ਬਿਜਾਈ ਦੇ ਸਮੇਂ ਸਰਕਾਰ ਨੇ ਭਾਵੰਤਰ ਯੋਜਨਾ ਤਹਿਤ ਸੂਰਜਮੁਖੀ ਦੀ ਫ਼ਸਲ 6450 ਰੁਪਏ ਪ੍ਰਤੀ ਕੁਇੰਟਲ ਖ਼ਰੀਦਣ ਦਾ ਵਾਅਦਾ ਕੀਤਾ ਸੀ ਪਰ ਹੁਣ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਤੇ ਖ਼ਰੀਦ ਕਰਨ ਤੋਂ ਮੁਕਰ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਾਰਕੀਟ ਵਿਚ ਸੂਰਜਮੁਖੀ ਦੀ ਫ਼ਸਲ ਵਿਕਣ ਤੋਂ ਬਾਅਦ ਸਿਰਫ਼ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇਣ ਦੀ ਗੱਲ ਕੀਤੀ ਹੈ ਜਿਸ ਦੇ ਵਿਰੋਧ ਵਿਚ ਕਿਸਾਨ ਸੜਕਾਂ ਤੇ ਉੱਤਰਨ ਲਈ ਮਜ਼ਬੂਰ ਹਨ। ਕਿਸਾਨ ਆਗੂ ਸੁਖਵਿੰਦਰ ਸਿੰਘ ਜਲਬੇੜਾ, ਗੁਰਮੀਤ ਸਿੰਘ, ਸੁਖਚੈਨ ਸਿੰਘ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਵਾਅਦੇ ਅਨੁਸਾਰ ਐੱਮਐੱਸਪੀ ਤੇ ਸੂਰਜਮੁਖੀ ਦੀ ਖ਼ਰੀਦ ਨਹੀਂ ਕਰਦੀ ਕਿਸਾਨ ਪਿੱਛੇ ਨਹੀਂ ਹਟਣਗੇ।