ਕਿਸਾਨਾਂ ਨੇ ਡੀਏਪੀ ਲਈ ਮੁੜ ਲਾਇਆ ਡੱਬਵਾਲੀ ਰੋਡ ’ਤੇ ਜਾਮ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 15 ਨਵੰਬਰ
ਕਣਕ ਦੀ ਬਿਜਾਈ ਲਈ ਡੀਏਪੀ ਖਾਦ ਦੀ ਕਿੱਲਤ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਅੱਜ ਮੁੜ ਡੱਬਵਾਲੀ ਰੋਡ ’ਤੇ ਜਾਮ ਲਾ ਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਅਧਿਕਾਰੀ ਕਿਸਾਨਾਂ ਨੂੰ ਲੋੜੀਂਦੀ ਖਾਦ ਮੁਹੱਈਆ ਨਹੀਂ ਕਰਵਾ ਰਹੇ ਹਨ। ਜਾਮ ਲਾਏ ਜਾਣ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਪਰ ਕਾਫੀ ਦੇਰ ਤੱਕ ਕਿਸਾਨ ਅੜ੍ਹੇ ਰਹੇ। ਮਗਰੋਂ ਪੁਲੀਸ ਵੱਲੋਂ ਕਿਸਾਨਾਂ ਨੂੰ ਪਹਿਲ ਦੇ ਆਧਾਰ ’ਤੇ ਖਾਦ ਦੁਆਉਣ ਦੇ ਭਰੋਸੇ ਮਗਰੋਂ ਜਾਮ ਖੁਲ੍ਹ ਦਿੱਤਾ। ਖਾਦ ਨਾ ਮਿਲਣ ਕਾਰਨ ਕਣਕ ਦੀ ਬੀਜਾਈ ਪਛੜਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਸਵੇਰੇ ਆ ਕੇ ਲਾਈਨ ’ਚ ਲੱਗ ਗਏ ਸਨ ਤੇ ਉਨ੍ਹਾਂ ਦੀਆਂ ਪਰਚੀਆਂ ਵੀ ਕੱਟ ਦਿੱਤੀਆਂ ਤੇ ਹੁਣ ਕਹਿ ਰਹੇ ਹਨ ਕਿ ਖਾਦ ਦਾ ਰੈਕ ਹਾਲੇ ਨਹੀਂ ਲੱਗਿਆ। ਮਗਰੋਂ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ ਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜਲਦੀ ਡੀਏਪੀ ਨਾ ਮਿਲੀ ਤਾਂ ਉਹ ਮੁੜ ਤੋਂ ਰੋਡ ਜਾਮ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ।