ਕਿਸਾਨਾਂ ਵੱਲੋਂ ਚਾਰ ਘੰਟਿਆਂ ਲਈ ਚੰਡੀਗੜ੍ਹ-ਦਿੱਲੀ ਹਾਈਵੇਅ ਜਾਮ
ਚੰਡੀਗੜ੍ਹ, 25 ਅਕਤੂਬਰ
ਪੰਜਾਬ ਵਿਚ ਝੌਨੇ ਦੀ ਖਰੀਦ ਦੀ ਮੱਠੀ ਰਫ਼ਤਾਰ ਦੇ ਚਲਦਿਆਂ ਸਾਂਝਾ ਕਿਸਾਨ ਮੋਰਚਾ ਨੇ ਸ਼ੁੱਕਰਵਾਰ (ਅੱਜ) ਸਵੇਰੇ 11 ਵਜੇ ਤੋਂ ਚਾਰ ਘੰਟਿਆਂ ਲਈ ਚੰਡੀਗੜ੍ਹ-ਦਿੱਲੀ ਹਾਈਵੇਅ ਬੰਦ ਰੱਖਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਲੜੂ ਕਸਬੇ
ਵਿਚ ਅੰਬਾਲਾ ਚੰਡੀਗੜ੍ਹ ਹਾਈਵੇਅ ਜਾਮ ਕੀਤਾ ਜਾਵੇਗਾ।
ਪੁਲੀਸ ਦੇ ਡਿਪਟੀ ਸੁਪਰਡੈਂਟ ਬਿਕਰਮਜੀਤ ਸਿੰਘ ਬਰਾੜ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਡੇਰਾਬੱਸੀ ਤੋਂ ਬਰਵਾਲਾ ਵੱਲ ਅਤੇ ਅੱਗੇ ਅੰਬਾਲਾ ਵੱਲ ਆਵਾਜਾਈ ਨੂੰ ਜਾਰੀ ਰੱਖਣ ਲਈ ਬਦਲਵੇਂ ਪ੍ਰਬੰਧ ਕੀਤੇ ਹਨ।
ਕਿਸਾਨਾਂ ਨੇ ਪੰਜਾਬ ਦੀ ‘ਆਪ’ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਝੋਨੇ ਦੀ ਖਰੀਦ ’ਚ ਦੇਰੀ ਕਰਕੇ ਸੂਬੇ ਨੂੰ ਖੇਤੀ ਸੰਕਟ ਵੱਲ ਧੱਕਣ ਦਾ ਦੋਸ਼ ਲਾਇਆ। ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੀ ਇੱਕ ਹੋਰ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਮੋਰਚਾ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਕਿਸਾਨ ਝੋਨੇ ਦੀ ਲੇਟ ਖਰੀਦ ਦੇ ਵਿਰੋਧ ਵਿੱਚ 26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਸੜਕਾਂ ਜਾਮ ਕਰਨਗੇ।
ਪੰਧੇਰ ਨੇ ਦੱਸਿਆ ਕਿ ਚੱਕਾ ਜਾਮ ਸੰਗਰੂਰ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਇੱਕ-ਇੱਕ ਥਾਂ ਅਤੇ ਫਗਵਾੜਾ ਤੇ ਬਟਾਲਾ ਕਸਬਿਆਂ ਵਿੱਚ ਲਗਾਇਆ ਜਾਵੇਗਾ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀਰਵਾਰ ਨੂੰ ਟਾਂਡਾ ਦਾਣਾ ਮੰਡੀ ਦੇ ਦੌਰੇ ਦੌਰਾਨ ਕਿਹਾ ਸੀ ਕਿ ਕੇਂਦਰ ਸਰਕਾਰ ਸੂਬੇ ਦੇ ਸ਼ੈਲਰ ਮਾਲਕਾਂ ਤੋਂ ਚੌਲਾਂ ਦੀ ਲਿਫਟਿੰਗ ਯਕੀਨੀ ਬਣਾਉਣ ਵਿੱਚ ਨਾਕਾਮ ਰਹੀ ਹੈ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਗਰੰਟੀ ਦੇਣ ਵਿੱਚ ਵੀ ਨਾਕਾਮ ਰਹੀ ਹੈ। ਕਿਸਾਨ ਸੰਕਟ ਦੀ ਸਥਿਤੀ ਵਿੱਚ ਹਨ। ਆਈਏਐੱਨਐੱਸ