For the best experience, open
https://m.punjabitribuneonline.com
on your mobile browser.
Advertisement

ਮੰਡੀਆਂ ’ਚ ਕਿਸਾਨ ਤੇ ਖੇਤਾਂ ’ਚ ਅਧਿਕਾਰੀ ਪ੍ਰੇਸ਼ਾਨ

07:45 AM Nov 20, 2024 IST
ਮੰਡੀਆਂ ’ਚ ਕਿਸਾਨ ਤੇ ਖੇਤਾਂ ’ਚ ਅਧਿਕਾਰੀ ਪ੍ਰੇਸ਼ਾਨ
ਖੇਤਾਂ ’ਚ ਅੱਗ ਬੁਝਾਉਂਦੇ ਹੋਏ ਡੀਸੀ ਵਿਸ਼ੇਸ਼ ਸਾਰੰਗਲ, ਐੱਸਐੱਸਪੀ ਅਜੇ ਗਾਂਧੀ ਤੇ ਹੋਰ ਅਧਿਕਾਰੀ।
Advertisement

ਮਹਿੰਦਰ ਸਿੰਘ ਰੱਤੀਆਂ/ਹਰਦੀਪ ਸਿੰਘ
ਮੋਗਾ, 19 ਨਵੰਬਰ
ਸੂਬੇ ’ਚ ਕਿਸਾਨਾਂ ਨੂੰ ਪਰਾਲੀ ਨੂੂੰ ਅੱਗ ਨਾ ਲਾਉਣ ਤੋਂ ਰੋਕਣ ਲਈ ਹੁਣ ਡੀਸੀ, ਐੱਸਐੱਸਪੀ ਤੇ ਹੋਰ ਗਜ਼ਟਿਡ ਅਧਿਕਾਰੀ ਖੇਤਾਂ ਵਿੱਚ ਚੱਕਰ ਮਾਰ ਰਹੇ ਹਨ ਅਤੇ ਪੁਲੀਸ ਗਸ਼ਤ ਕਰ ਰਹੀ ਹੈ। ਦੂਜੇ ਪਾਸੇ ਬੀਕੇਯੂ ਏਕਤਾ ਉਗਰਾਹਾਂ ਨੇ ਮੰਡੀਆਂ ਵਿੱਚ ਕਿਸਾਨਾਂ ਕੋਲੋਂ ਕੱਟ ਲਾ ਕੇ ਖਰੀਦ ਕੀਤੇ ਜਾ ਰਹੇ ਝੋਨੇ ਬਾਰੇ ਮੰਡੀਆਂ ਦੀ ਡੀਸੀ ਨੂੰ ਸੂਚੀ ਦਿੱਤੀ ਗਈ ਹੈ। ਉਗਰਾਹਾਂ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਧਿਆਨ ਵਿੱਚ ਲਿਆਂਦਾ ਕਿ ਬਹੁਤ ਸਾਰੀਆਂ ਮੰਡੀਆਂ ਵਿੱਚ ਹਾਲੇ ਵੀ ਝੋਨਾ ਪਿਆ ਹੈ। ਉਨ੍ਹਾਂ ਕਿਸਾਨਾਂ ਦੀ ਸ਼ਰੇਆਮ ਲੁੱਟ ਧਿਆਨ ਵਿੱਚ ਲਿਆਂਦੀ ਕਿ ਮੰਡੀਆਂ ਵਿੱਚ ਝੋਨੇ ਵਿਚ ਵੱਧ ਨਮੀ ਬਹਾਨੇ ਕੱਟ ਲਾ ਕੇ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਮੰਡੀਆਂ ਦੀ ਡਿਪਟੀ ਕਮਿਸ਼ਨਰ ਨੂੰ ਸੂਚੀ ਵੀ ਦਿੱਤੀ ਗਈ। ਇਸ ਮਾਮਲੇ ਨੂੰ ਡੀਸੀ ਨੇ ਗੰਭੀਰਤਾ ਨਾਲ ਲੈਂਦਿਆਂ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਐੱਸਡੀਐੱਮਜ਼ ਨੂੰ ਜਾਂਚ ਦਾ ਹੁਕਮ ਦਿੱਤਾ ਹੈ। ਦੂਜੇ ਪਾਸੇ ਜ਼ਿਲ੍ਹੇ ’ਚ ਪਰਾਲੀ ਨੂੰ ਅੱਗ ਲਾਉਣ ਦੇ ਵੱਧ ਰਹੇ ਮਾਮਲਿਆਂ ਸਬੰਧੀ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਐੱਸਐੱਸਪੀ ਅਜੇ ਗਾਂਧੀ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਲਈ ਖੁਦ ਜਾਗਰੂਕ ਕਰਨ ਲਈ ਖੇਤਾਂ ਵਿੱਚ ਚੱਕਰ ਮਾਰ ਰਹੇ ਹਨ। ਇਸ ਦੌਰਾਨ ਪਿੰਡ ਦਾਤੇਵਾਲ ਅਤੇ ਹੋਰ ਕਈ ਜਗ੍ਹਾ ’ਤੇ ਅੱਗ ਦੇ ਗੁਬਾਰ ਨਿਕਲ ਰਹੇ ਸਨ ਤਾਂ ਤੁਰੰਤ ਹੀ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਉਸ ਅੱਗ ਨੂੰ ਬੁਝਾਇਆ। ਸੁਪਰੀਮ ਕੋਰਟ ਵੱਲੋਂ ਸਖ਼ਤ ਹਦਾਇਤਾਂ ਆ ਰਹੀਆਂ ਹਨ ਕਿ ਕਿਸੇ ਵੀ ਕਿਸਾਨ ਨੂੰ ਪਰਾਲੀ ਨੂੰ ਅੱਗ ਲਾਉਣ ਦੀ ਇਜਾਜ਼ਤ ਨਹੀਂ ਹੈ। ਇਸ ਦੌਰਾਨ ਉਹ ਲਗਾਤਾਰ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਸਮਝਾ ਰਹੇ ਹਾਂ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਵੀ ਕਰ ਰਹੇ ਹਾਂ ਪਰ ਫਿਰ ਵੀ ਕਿਸਾਨ ਅੱਗ ਲਾਉਣ ਤੋਂ ਨਹੀਂ ਹਟ ਰਹੇ। ਇਸ ਦੇ ਸਿੱਟੇ ਕਿਸਾਨਾਂ ਨੂੰ ਬਾਅਦ ਵਿੱਚ ਭੁਗਤਣੇ ਪੈਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਕਿਸਾਨ ਇਸ ਤਰ੍ਹਾਂ ਨਾ ਕਰਨ ਕਿਉਂਕਿ ਬਾਅਦ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਆਉਣਗੀਆਂ।

Advertisement

ਮੁਕਤਸਰ ’ਚ ਡੀਸੀ ਨੇ ਖੇਤਾਂ ’ਚ ਜਾ ਕੇ ਬੁਝਾਈ ਅੱਗ

ਮੁਕਤਸਰ ਨੇੜੇ ਖੇਤਾਂ ’ਚ ਪਰਾਲੀ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਕਰਮਚਾਰੀ।

ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪੰਜਾਬ ’ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਧਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਖੇਤਾਂ ’ਚ ਪਰਾਲੀ ਦੀ ਅੱਗ ਬੁਝਾਉਣ ਅਤੇ ਕਿਸਾਨਾਂ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕਰਨਾ ਸ਼ੁਰੂ ਕੀਤਾ ਹੈ। ਹਾਲਾਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਮੁਹਿੰਮ ਚੱਲਦੀ ਰਹੀ ਹੈ ਪਰ ਮਾਮਲੇ ਵਧਣ ਕਰਕੇ ਪ੍ਰਸ਼ਾਸਨ ਚਿੰਤਾ ’ਚ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਪਿੰਡ ਬਰਕੰਦੀ, ਸੰਗੂਧੋਣ, ਥਾਂਦੇਵਾਲਾ, ਭੁੱਲਰ, ਖਿੜਕੀਆਂ ਵਾਲਾ ਆਦਿ ਵਿੱਚ ਅੱਗ ਬੁਝਾਊ ਦਸਤੇ ਦੀ ਮਦਦ ਨਾਲ ਪਰਾਲੀ ਨੂੰ ਲੱਗੀ ਅੱਗ ਬੁਝਾਈ। ਉਨ੍ਹਾਂ ਕਿਸਾਨਾਂ ਨੂੰ ਸਮਝਾਇਆ ਕਿ ਅੱਗ ਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੈਟੇਲਾਈਟ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਆਧਾਰ ’ਤੇ ਅੱਗ ਲਾਉਣ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement