ਨਾਟਿਅਮ ਥੀਏਟਰ ਫੈਸਟੀਵਲ ਦੌਰਾਨ ਨਾਟਕ ‘ਏਵਮ ਇੰਦਰਜੀਤ’ ਖੇਡਿਆ
ਮਨੋਜ ਸ਼ਰਮਾ
ਬਠਿੰਡਾ, 19 ਨਵੰਬਰ
ਇਥੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਨਾਟਕ ‘ਏਵਮ ਇੰਦਰਜੀਤ’ ਖੇਡਿਆ ਗਿਆ। ਬਾਦਲ ਸਿਰਕਾਰ ਵੱਲੋਂ ਲਿਖੇ ਇਸ ਨਾਟਕ ਦਾ ਅਨੁਵਾਦ ਅਤੇ ਨਿਰਦੇਸ਼ਨ ਡਾ. ਜਸਪਾਲ ਦਿਉਲ ਨੇ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਥੀਏਟਰ ਟੀਮ ਵੱਲੋਂ ਖੇਡੇ ਇਸ ਨਾਟਕ ਨੇ ਦਰਸ਼ਕਾਂ ਨੂੰ ਆਪਣੀ ਹੋਂਦ ਲੱਭਣ ਲਈ ਪ੍ਰੇਰਿਆ। ਨਾਟਕ ਦੀ ਕਹਾਣੀ ਜ਼ਿੰਦਗੀ ਦੀ ਨੀਰਸਤਾ ਤੇ ਮਕਾਨਕੀ ਨੂੰ ਤੋੜ ਕੇ ਆਪਣੀ ਇੱਛਾ ਮੁਤਾਬਿਕ ਦੇ ਜਿਉਣ ਦੇ ਵਿਸ਼ੇ ਦੁਆਲ਼ੇ ਘੁੰਮਦੀ ਹੈ। ਨਾਟਕ ਦੀ ਗਹਿਰਾਈ ਨੇ ਦਰਸ਼ਕਾਂ ਦੇ ਬੌਧਿਕ ਪੱਧਰ ਨੂੰ ਪਰਖਿਆ। ਨਾਟ-ਉਤਸਵ ਦੇ ਪੰਜਵੇਂ ਦਿਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸ਼ਿਰਕਤ ਕੀਤੀ। ਫਿਲਮ ਨਿਰਦੇਸ਼ਕ ਅਤੇ ਕਹਾਣੀਕਾਰ ਜਸ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੰਤਰੀ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਨਾਟ-ਨਿਰਦੇਸ਼ਕ ਕੀਰਤੀ ਕਿਰਪਾਲ ਦੀ ਮਾਲਵੇ ਦੇ ਲੋਕਾਂ ਨੂੰ ਉੱਚ ਪੱਧਰ ਦਾ ਰੰਗਮੰਚ ਦਿਖਾਉਣ ਲਈ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਸਰਕਾਰ ਵੱਲੋਂ ਰੰਗਮੰਚ ਦੇ ਵਿਕਾਸ ਲਈ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ। ਜਸ ਗਰੇਵਾਲ ਨੇ ਕਿਹਾ ਕਿ ਨਾਟਕ ਹੀ ਸਿਨੇਮਾ ਦਾ ਆਧਾਰ ਹੈ।