For the best experience, open
https://m.punjabitribuneonline.com
on your mobile browser.
Advertisement

ਡੀਸੀ ਦਫ਼ਤਰ ਨੂੰ ਤਾਲਾ ਲਾਉਣ ਪੁੱਜੇ ਕਿਸਾਨ

07:44 AM Oct 22, 2024 IST
ਡੀਸੀ ਦਫ਼ਤਰ ਨੂੰ ਤਾਲਾ ਲਾਉਣ ਪੁੱਜੇ ਕਿਸਾਨ
ਰੂਪਨਗਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਝੋਨੇ ਦੀ ਸੁਸਤ ਖ਼ਰੀਦ

ਜਗਮੋਹਨ ਸਿੰਘ
ਰੂਪਨਗਰ, 21 ਅਕਤੂਬਰ
ਰੂਪਨਗਰ ਜ਼ਿਲ੍ਹੇ ਅੰਦਰ ਝੋਨੇ ਦੀ ਫ਼ਸਲ ਦੀ ਹੋ ਰਹੀ ਬੇਕਦਰੀ ਦੇ ਮੁੱਦੇ ਨੂੰ ਲੈ ਕੇ ਅੱਜ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਰੂਪਨਗਰ ਦੇ ਮੇਨ ਗੇਟ ਨੂੰ ਤਾਲਾ ਲਗਾਏ ਜਾਣ ਦੇ ਦਿੱਤੇ ਸੱਦੇ ਤਹਿਤ ਮਿਨੀ ਸਕੱਤਰੇਤ ਦੇ ਮੁੱਖ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਦੀ ਅਗਵਾਈ ਅਧੀਨ ਵੱਡੀ ਗਿਣਤੀ ਵਿੱਚ ਪੁੱਜੇ ਕਿਸਾਨਾਂ ਦਾ ਸਾਥ ਦੇਣ ਲਈ ਆੜਤੀ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਸਵਤੰਤਰਪਾਲ ਕੌਸ਼ਲ, ਗੌਰਵ ਕੋਹਲੀ ਤੇ ਵੱਡੀ ਗਿਣਤੀ ਵਿੱਚ ਆੜ੍ਹਤੀ ਵੀ ਪੁੱਜੇ। ਕਿਸਾਨ ਆਗੂ ਕੁਲਵਿੰਦਰ ਸਿੰਘ ਪੰਜੋਲਾ ਨੇ ਕਿਹਾ ਕਿ ਜੇਕਰ ਅਫਸਰ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ ਤਾਂ ਕਿਸਾਨਾਂ ਤੇ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦਾ ਕੋਈ ਫਾਇਦਾ ਨਹੀਂ ਤੇ ਇਨ੍ਹਾਂ ਨੂੰ ਤਾਲਾ ਲਗਾਇਆ ਜਾਣਾ ਚਾਹੀਦਾ ਹੈ, ਜਿਸ ਕਰਕੇ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਤਾਲਾ ਲਗਾਉਣ ਲਈ ਆਏ ਹਨ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ ਵਿਕਾਸ ਚੰਦਰ ਜਯੋਤੀ ਸਿੰਘ ਅਤੇ ਆਰਟੀਓ ਗੁਰਵਿੰਦਰ ਸਿੰਘ ਜੌਹਲ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਦੋ ਦਿਨਾਂ ਦੀ ਮੋਹਲਤ ਮੰਗਦਿਆਂ ਕਿਸਾਨਾਂ ਤੇ ਆੜ੍ਹਤੀਆਂ ਦੇ ਗੁੱਸੇ ਨੂੰ ਸ਼ਾਂਤ ਕੀਤਾ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੇਕਰ 24 ਅਕਤੂਬਰ ਤੱਕ ਸਮੱਸ‌ਿਆ ਦਾ ਹੱਲ ਨਾ ਹੋਇਆ ਤਾਂ 25 ਅਕਤੂਬਰ ਨੂੰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਰੂਪਨਗਰ, ਮਲਕੀਤ ਸਿੰਘ, ਭੁਪਿੰਦਰ ਸਿੰਘ ਡੇਕਵਾਲਾ, ਅਰਵਿੰਦਰ ਕੁਮਾਰ ਭਲਿਆਣ, ਜਗਰੂਪ ਸਿੰਘ ਮੋਰਿੰਡਾ, ਮੇਜਰ ਸਿੰਘ ਪੁਰਖਾਲੀ ਅਤੇ ਜਗਵੀਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਸੇ ਦੌਰਾਨ ਅਨਾਜ ਮੰਡੀ ਘਨੌਲੀ ਵਿੱਚ ਅੱਜ ਝੋਨੇ ਦੀ ਖਰੀਦ ਤੇ ਲਿਫਟਿੰਗ ਨਾ ਹੋਣ ਦੇ ਮੁੱਦੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੋਂ ਇਲਾਵਾ ਕਿਸਾਨਾਂ ਤੇ ਮਜ਼ਦੂਰਾਂ ਨੇ ਰੋਸ਼ ਪ੍ਰਦਰਸ਼ਨ ਕਰਦਿਆਂ ਹੋਇਆਂ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਜੀਤ ਸਿੰਘ ਭੈਣੀ, ਰੂਪਨਗਰ ਇਕਾਈ ਪ੍ਰਧਾਨ ਕੁਲਦੀਪ ਸਿੰਘ ਤੇ ਹੋਰ ਨੇਤਾਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਨਾ ਰੁਲਣ ਦੇਣ ਦੇ ਵਾਅਦੇ ਕਰਨ ਵਾਲੇ ਆਗੂ ਅੱਜ ਕਿਧਰੇ ਵੀ ਨਜ਼ਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਡੀਆਂ ਵਿੱਚ ਦੁਖੀ ਬੈਠੇ ਕਿਸਾਨਾਂ ਨਾਲ ਰਤੀ ਭਰ ਵੀ ਹਮਦਰਦੀ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਘਨੌਲੀ ਮੰਡੀ ਵਿੱਚ ਤੁਰੰਤ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਰਵਿੰਦਰ ਸਿੰਘ ਕਾਲਾ, ਸੁੱਚਾ ਸਿੰਘ ਸਰਸਾ ਨੰਗਲ, ਜਸਵਿੰਦਰ ਸਿੰਘ ਜੱਸੀ ਹੁਸੈਨਪੁਰ, ਸਵਰਨ ਸਿੰਘ ਡੰਗੌਲੀ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ।

Advertisement

ਬਲਬੀਰ ਸਿੱਧੂ ਵੱਲੋਂ ਸਨੇਟਾ ਤੇ ਭਾਗੋਮਾਜਰਾ ’ਚ ਮੰਡੀਆਂ ਦਾ ਦੌਰਾ

ਐੱਸਏਐੱਸ ਨਗਰ (ਕਰਮਜੀਤ ਸਿੰਘ ਚਿੱਲਾ): ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਹਲਕੇ ਦੀਆਂ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਝੋਨੇ ਦੀ ਨਿਰਵਿਘਨ ਖਰੀਦ ਅਤੇ ਲਿਫ਼ਟਿੰਗ ਤੁਰੰਤ ਯਕੀਨੀ ਬਣਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜ-ਪੰਜ ਦਿਨਾਂ ਤੋਂ ਮੰਡੀਆਂ ਵਿੱਚ ਝੋਨਾ ਵੇਚਣ ਲਈ ਆਏ ਕਿਸਾਨਾਂ ਦਾ ਤੁਰੰਤ ਝੋਨਾ ਨਾ ਖਰੀਦਿਆ ਗਿਆ ਅਤੇ ਲਿਫ਼ਟਿੰਗ ਨਾ ਆਰੰਭ ਹੋਈ ਤਾਂ ਉਹ ਸਮੁੱਚੇ ਹਲਕੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਲਾਂਡਰਾਂ ਚੌਕ ਵਿੱਚ ਚੱਕਾ ਜਾਮ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਬਲਬੀਰ ਸਿੱਧੂ ਨੇ ਅੱਜ ਸਨੇਟਾ ਦੀ ਮੰਡੀ ਦਾ ਦੌਰਾ ਕੀਤਾ। ਕਿਸਾਨਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਸਨੇਟਾ, ਭਾਗੋਮਾਜਰਾ ਮੰਡੀਆਂ ਵਿੱਚ ਝੋਨਾ ਸੁੱਟਣ ਲਈ ਥਾਂ ਹੀ ਨਹੀਂ ਹੈ। ਉਨ੍ਹਾਂ ਨੂੰ ਟਰਾਲੀਆਂ ਵਿੱਚੋਂ ਝੋਨਾ ਲਹਾਉਣ ਲਈ ਵੀ ਦੋ-ਦੋ ਦਿਨ ਦੀ ਉਡੀਕ ਕਰਨੀ ਪੈ ਰਹੀ ਹੈ। ਝੋਨਾ ਵੇਚਣ ਲਈ ਪੰਜ-ਪੰਜ ਦਿਨ ਲੱਗ ਜਾਂਦੇ ਹਨ। ਆੜ੍ਹਤੀਆਂ ਨੇ ਦੱਸਿਆ ਕਿ ਲਿਫ਼ਟਿੰਗ ਆਰੰਭ ਨਾ ਹੋਣ ਕਾਰਨ ਸਾਰੀ ਦਿੱਕਤ ਆ ਰਹੀ ਹੈ। ਸ੍ਰੀ ਸਿੱਧੂ ਨੇ ਮੌਕੇ ’ਤੇ ਹੀ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਮੰਡੀਆਂ ਦੇ ਹਾਲਾਤ ਅਤੇ ਕਿਸਾਨਾਂ ਤੇ ਆੜਤੀਆਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਾਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ। ਸ੍ਰੀ ਸਿੱਧੂ ਨੇ ਆਖਿਆ ਕਿ ਕਾਂਗਰਸ ਪਾਰਟੀ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦੇਵੇਗੀ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੀ ਹਾਜ਼ਰ ਸਨ।

Advertisement

Advertisement
Author Image

Advertisement