ਖੇਤਾਂ ’ਚ ਦੂਸ਼ਿਤ ਪਾਣੀ ਭਰਨ ਕਾਰਨ ਕਿਸਾਨ ਪ੍ਰੇਸ਼ਾਨ
ਪੱਤਰ ਪ੍ਰੇਰਕ
ਪੰਚਕੂਲਾ, 10 ਜਨਵਰੀ
ਬਰਵਾਲਾ ਬਲਾਕ ਦੇ ਭਗਵਾਨਪੁਰ ਅਤੇ ਬਤੌਰ ਪਿੰਡਾਂ ਦੇ ਕਿਸਾਨ ਖੇਤਾਂ ਵਿੱਚ ਦੂਸ਼ਿਤ ਪਾਣੀ ਭਰਨ ਕਾਰਨ ਪ੍ਰੇਸ਼ਾਨ ਹਨ। ਇਹ ਗੰਦਾ ਪਾਣੀ ਉਨ੍ਹਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਭਗਵਾਨਪੁਰ ਦੇ ਸਾਬਕਾ ਸਰਪੰਚ ਰੌਣਕੀ ਰਾਮ, ਜਤਿੰਦਰ ਸੈਣੀ, ਕਿਸਾਨ ਰਣਜੀਤ ਸਿੰਘ, ਪ੍ਰਦੀਪ ਸਿੰਘ, ਤਾਰਾਚੰਦ, ਵਿਨੋਦ ਕੁਮਾਰ, ਜਸਵੰਤ ਸਿੰਘ, ਕ੍ਰਿਸ਼ਨ ਚੰਦ, ਸੰਦਲ ਸਿੰਘ, ਜਸਵੀਰ ਸਿੰਘ, ਯੋਧਾ ਸਿੰਘ, ਸ਼ਿਆਮ ਲਾਲ ਅਤੇ ਦਲਜੀਤ ਸਿੰਘ ਨੇ ਦੱਸਿਆ ਕਿ ਕਸਬਾ ਬਰਵਾਲਾ ਅਤੇ ਬਤੌਰ ਪਿੰਡ ਵਿੱਚ ਮੀਂਹ ਅਤੇ ਦੂਸ਼ਿਤ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧਾਂ ਦੀ ਘਾਟ ਕਾਰਨ ਪਾਣੀ ਉਨ੍ਹਾਂ ਦੇ ਖੇਤਾਂ ’ਚ ਜਾ ਰਿਹਾ ਹੈ, ਜਿਸ ਕਾਰਨ ਕਣਕ, ਸਰ੍ਹੋਂ, ਆਲੂ, ਪਿਆਜ਼ ਅਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਇਸ ਸਮੱਸਿਆ ਨੂੰ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਸਾਹਮਣੇ ਰੱਖਿਆ ਹੈ ਪਰ ਅੱਜ ਤੱਕ ਭਰੋਸੇ ਤੋਂ ਇਲਾਵਾ ਕੁਝ ਨਹੀਂ ਮਿਲਿਆ। ਪਿੰਡ ਬਤੌਰ ਦੇ ਸਰਪੰਚ ਸੰਦੀਪ ਕੁਮਾਰ ਨੇ ਕਿਹਾ ਕਿ ਛੱਪੜ ਵਿੱਚੋਂ ਵਾਧੂ ਪਾਣੀ ਕੱਢਣ ਲਈ ਹੋਰ ਖੁਦਾਈ ਦਾ ਟੈਂਡਰ ਜਾਰੀ ਕੀਤਾ ਗਿਆ ਹੈ। ਜਦੋਂ ਗਰਮੀਆਂ ਦੇ ਮੌਸਮ ਵਿੱਚ ਤਲਾਅ ਸੁੱਕ ਜਾਵੇਗਾ ਤਾਂ ਖੁਦਾਈ ਕੀਤੀ ਜਾਵੇਗੀ। ਇਸ ਨਾਲ ਦੂਸ਼ਿਤ ਪਾਣੀ ਦੇ ਓਵਰਫਲੋਅ ਦੀ ਸਮੱਸਿਆ ਹੱਲ ਹੋ ਜਾਵੇਗੀ।