ਕਿਸਾਨਾਂ ਨੂੰ ਨਹੀਂ ਮਿਲ ਰਹੀ ਡੀਏਪੀ ਖਾਦ: ਪੀਰਮੁਹੰਮਦ
ਸੰਜੀਵ ਬੱਬੀ
ਚਮਕੌਰ ਸਾਹਿਬ, 7 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਇੱਕ ਮਹੀਨੇ ਤੋਂ ਝੋਨੇ ਦੀ ਖ਼ਰੀਦ ਨਾ ਹੋਣ ਕਰਕੇ ਪੰਜਾਬ ਦੇ ਕਿਸਾਨ ਝੋਨਾ ਲੈ ਕੇ ਮੰਡੀਆਂ ਵਿੱਚ ਰੁਲ ਰਹੇ ਹਨ ਪਰ ਸਰਕਾਰ ਵਲੋਂ ਕਿਸਾਨਾਂ ਦੀ ਕੋਈ ਸਾਰ ਤੱਕ ਨਹੀਂ ਲਈ ਗਈ, ਜਿਸ ਕਾਰਨ ਕਿਸਾਨ ‘ਆਪ’ ਸਰਕਾਰ ਤੋਂ ਦੁਖੀ ਤੇ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਝੋਨੇ ਦੀ ਜਿੰਨੀ ਕੁ ਖ਼ਰੀਦ ਹੋਈ ਹੈ, ਉਸ ਵਿੱਚ ਵੀ ਸੱਤਾਧਾਰੀ ‘ਆਪ’ ਸਰਕਾਰ ਦੇ ਆਗੂਆ ਵਲੋਂ ਪ੍ਰਾਈਵੇਟ ਦਲਾਲਾ ਰਾਹੀਂ ਘੱਟ ਰੇਟ ’ਤੇ ਖ਼ਰੀਦ ਕਰਵਾ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਅਕਾਲੀ ਆਗੂ ਨੇ ਕਿਹਾ ਕਿ ਕਣਕ ਦੀ ਬਿਜਾਈ ਲਈ ਲੋੜੀਂਦੀ ਖਾਦ ਡੀਏਪੀ ਦੀ ਕਮੀ ਸਰਕਾਰ ਵੱਲੋਂ ਪੂਰੀ ਨਹੀਂ ਕੀਤੀ ਜਾ ਰਹੀ, ਸਗੋਂ ਸਰਕਾਰ ਦੇ ਮੰਤਰੀਆਂ ਦੀ ਸ਼ਹਿ ’ਤੇ ਪ੍ਰਾਈਵੇਟ ਡੀਲਰਾਂ ਵਲੋਂ ਡੀਏਪੀ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ‘ਆਪ’ ਸਰਕਾਰ ਦੀ ਸਮੁੱਚੀ ਲੀਡਰਸ਼ਿਪ ਪੰਜਾਬ ਦੀ ਅਗਵਾਈ ਕਰਨ ਵਿੱਚ ਬੁਰੀ ਤਰ੍ਹਾ ਅਸਫਲ ਸਾਬਤ ਹੋਈ ਹੈ।