For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਦਾ ਐਲਾਨ

06:56 AM Mar 15, 2024 IST
ਕਿਸਾਨਾਂ ਵੱਲੋਂ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਦਾ ਐਲਾਨ
ਕਿਸਾਨ ਮਹਾਪੰਚਾਇਤ ਦੌਰਾਨ ਬੁਲਾਰਿਆਂ ਦੇ ਵਿਚਾਰ ਸੁਣਦੇ ਹੋਏ ਲੋਕ। -ਫੋਟੋ: ਮਾਨਸ ਰੰਜਨ ਭੂਈ
Advertisement

ਮਨਧੀਰ ਦਿਓਲ/ਨੀਰਜ ਮੋਹਨ/ਪੀਟੀਆਈ
ਨਵੀਂ ਦਿੱਲੀ, 14 ਮਾਰਚ
ਇੱਥੋਂ ਦੇ ਰਾਮਲੀਲਾ ਮੈਦਾਨ ਵਿੱਚ ਅੱਜ ਦੇਸ਼ ਦੇ 18 ਰਾਜਾਂ ਤੋਂ ਆਏ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ‘ਕਿਸਾਨ-ਮਜ਼ਦੂਰ ਮਹਾਪੰਚਾਇਤ’ ਵਿੱਚ ਹਿੱਸਾ ਲਿਆ ਜਿੱਥੇ ਖੇਤੀ ਖੇਤਰ ਨਾਲ ਸਬੰਧਤ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਵਿਰੋਧ ਤਿੱਖਾ ਕਰਨ ਤੇ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਘਰਸ਼ ਜਾਰੀ ਰੱਖਣ ਦਾ ਮਤਾ ਪਾਸ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਤਿੰਨ ਵਿਵਾਦਤ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੋਂ ਬਾਅਦ 2021 ’ਚ ਦਿੱਲੀ ਦੀਆਂ ਹੱਦਾਂ ’ਤੇ ਅੰਦੋਲਨ ਖਤਮ ਹੋਣ ਮਗਰੋਂ ਕੌਮੀ ਰਾਜਧਾਨੀ ’ਚ ਕਿਸਾਨਾਂ ਦਾ ਇਹ ਸਭ ਤੋਂ ਵੱਡਾ ਇਕੱਠ ਦੱਸਿਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਖੇਤੀ, ਖੁਰਾਕ ਸੁਰੱਖਿਆ, ਜ਼ਮੀਨ ਤੇ ਲੋਕਾਂ ਦੀ ਰੋਜ਼ੀ-ਰੋਟੀ ਬਚਾਉਣ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਅਹਿਦ ਲਿਆ। ਮਤੇ ਅਨੁਸਾਰ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਆਗੂਆਂ ਨੇ ਲਖੀਮਪੁਰ ਖੀਰੀ ਤੋਂ ਅਜੈ ਮਿਸ਼ਰਾ ਟੇਨੀ ਨੂੰ ਟਿਕਟ ਦੇਣ ਦੇ ਵਿਰੋਧ ਵਿੱਚ ਸਾਰੇ ਪਿੰਡਾਂ ਵਿੱਚ 23 ਮਾਰਚ ਨੂੰ ‘ਪੈਸੇ ਅਤੇ ਸ਼ਕਤੀ ਦੇ ਖਤਰੇ ਤੋਂ ਲੋਕਤੰਤਰ ਬਚਾਓ ਦਿਵਸ’ ਮਨਾਉਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਪੰਜਾਬ ਦੀ ਖਨੌਰੀ ਹੱਦ ’ਤੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਘਟਨਾ ਦੀ ਜਾਂਚ ਦੀ ਵੀ ਮੰਗ ਕੀਤੀ।

Advertisement

ਮਹਾਪੰਚਾਇਤ ਦੌਰਾਨ ਬੀਕੇਯੂ ਤਰਜਮਾਨ ਰਾਕੇਸ਼ ਟਿਕੈਤ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਮਾਨਸ ਰੰਜਨ ਭੂਈ

ਭਾਰਤੀ ਕਿਸਾਨ ਯੂਨੀਆਂ ਦੇ ਆਗੂ ਰਕੇਸ਼ ਟਿਕੈਤ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਇੱਥੇ ਮੀਟਿੰਗ ਕਰਕੇ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਦੇਸ਼ ਦੇ ਕਿਸਾਨ ਇਕਜੁੱਟ ਹਨ। ਸਰਕਾਰ ਨੂੰ ਮਸਲੇ ਹੱਲ ਕਰਨ ਲਈ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਅੰਦੋਲਨ ਖਤਮ ਨਹੀਂ ਹੋਣ ਵਾਲਾ ਅਤੇ ਇਹ ਜਲਦੀ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਫੈਲ ਜਾਵੇਗਾ।’ ਉਨ੍ਹਾਂ ਕਿਹਾ, ‘ਸਰਕਾਰ ਕਿਸਾਨਾਂ ਨੂੰ ਮਜ਼ਦੂਰ ਬਣਾ ਕੇ ਦੇਸ਼ ਨੂੰ ਤਬਾਹ ਕਰਨਾ ਚਾਹੁੰਦੀ ਹੈ।’ ਉਨ੍ਹਾਂ ਕਿਹਾ, ‘ਉਨ੍ਹਾਂ ਬਿਹਾਰ ’ਚ ਪਹਿਲਾਂ ਹੀ ਮੰਡੀ ਸਿਸਟਮ ਖਤਮ ਕਰ ਦਿੱਤਾ ਹੈ ਅਤੇ ਹੁਣ ਦੇਸ਼ ਭਰ ’ਚ ਅਜਿਹਾ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਉਹ ਕਿਸਾਨਾਂ ਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਹਨ।’ ਉਨ੍ਹਾਂ ਕਿਹਾ ਕਿ ਸਰਕਾਰ ਵੱਖ ਵੱਖ ਕਿਸਾਨ ਜਥੇਬੰਦੀਆਂ ਬਣਾ ਕੇ ਕਿਸਾਨਾਂ ਦੀ ਏਕਤਾ ਨੂੰ ਤੋੜਨਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ, ‘ਉਹ ਸਾਨੂੰ ਜਾਤੀ, ਧਰਮ, ਖੇਤਰਵਾਦ ਤੇ ਭਾਸ਼ਾ ਦੇ ਆਧਾਰ ’ਤੇ ਵੰਡਣਾ ਚਾਹੁੰਦੇ ਹਨ।’ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤੇ ਉਹ ਕਿਸਾਨਾਂ ਵਿੱਚ ਵੰਡੀਆਂ ਪਾ ਸਕਦੀ ਹੈ। ਇਸੇ ਕਰਕੇ ਇਸ ਸਰਕਾਰ ਨੂੰ ਕਿਸੇ ਪਾਰਟੀ ਦੀ ਸਰਕਾਰ ਨਹੀਂ ਸਗੋਂ ਪੂੰਜੀਪਤੀਆਂ ਦੀ ਸਰਕਾਰ ਕਹਿਣਾ ਬਿਹਤਰ ਹੋਵੇਗਾ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਨਜ਼ਰਅੰਦਾਜ਼ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘ਅਸੀਂ 2021 ਤੋਂ ਰੋਸ ਮੁਜ਼ਾਹਰੇ ਕਰ ਰਹੇ ਹਾਂ ਅਤੇ ਉਨ੍ਹਾਂ ਦਾ ਚਾਰਟਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਪਰ ਅਜੇ ਤੱਕ ਕੁਝ ਨਹੀਂ ਹੋਇਆ।’ ਉਨ੍ਹਾਂ ਕਿਹਾ, ‘ਅਸੀਂ ਅੱਜ ਮੁੜ ਉਨ੍ਹਾਂ ਦੀ ਮਸਲਿਆਂ ਬਾਰੇ ਚਰਚਾ ਕੀਤੀ ਹੈ ਅਤੇ ਦੇਸ਼ ਭਰ ਤੋਂ ਆਏ ਕਿਸਾਨਾਂ ਨੂੰ ਮੰਗਾਂ ਬਾਰੇ ਦੱਸਿਆ ਹੈ। ਅਸੀਂ ਆਪਣਾ ਅੰਦੋਲਨ ਜਾਰੀ ਰੱਖਣ ਅਤੇ ਚੋਣਾਂ ਦੌਰਾਨ ਭਾਜਪਾ ਦੀਆਂ ਨੀਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਮਤਾ ਵੀ ਪਾਸ ਕੀਤਾ ਹੈ।’ ਉਨ੍ਹਾਂ ਕਿਹਾ ਕਿ ਉਹ ਸਾਰੇ ਰਾਜਾਂ ਵਿੱਚ ਸੰਪਰਕ ਸਥਾਪਤ ਕਰ ਰਹੇ ਹਨ ਅਤੇ ਉਹ ਉਥੋਂ ਦੇ ਲੋਕਾਂ ਨੂੰ ਦੱਸਣਗੇ ਕਿ ਸਰਕਾਰ ਨੇ ਕਿਸ ਤਰ੍ਹਾਂ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਬੀਕੇਯੂ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਕਜੁੱਟ ਹੈ ਅਤੇ ਸੰਭੂ ਤੇ ਖਨੌਰੀ ਹੱਦ ’ਤੇ ਰੋਸ ਮੁਜ਼ਾਹਰੇ ਕਰ ਰਹੇ ਕਿਸਾਨ ਆਗੂਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਵਿਰੋਧੀ ਧਿਰ ਮੰਨਦੀ ਹੈ। ਹੁਣ ਪਹਿਲੀ ਵਾਰ ਹੋਇਆ ਕਿ ਕਾਰਪੋਰੇਟ ਜਗਤ ਪਰਦੇ ਪਿੱਛੋਂ ਸਾਹਮਣੇ ਆਇਆ ਜਦਕਿ ਇਹ ਪਹਿਲਾਂ ਹਮੇਸ਼ਾ ਲੁਕਿਆ ਹੁੰਦਾ ਸੀ। ਮੇਧਾ ਪਾਟੇਕਰ ਨੇ ਕਿਹਾ ਕਿ ਪੂਰਾ ਦੇਸ਼ ਪੰਜਾਬ ਦੇ ਕਿਸਾਨਾਂ ਨੂੰ ਦੇਖ ਰਿਹਾ ਹੈ ਤੇ ਸਿੱਖ ਭਰਾਵਾਂ ਵੱਲ ਦੇਸ਼ ਦੇ ਲੋਕ ਉਮੀਦ ਨਾਲ ਦੇਖਦੇ ਹਨ। ਮਹਾਪੰਚਾਇਤ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਤੇ ਪੱਛਮੀ ਬੰਗਾਲ ਤੋਂ ਇਲਾਵਾ ਹੋਰ ਰਾਜਾਂ ਤੋਂ ਆਏ ਕਿਸਾਨਾਂ ਨੇ ਹਿੱਸਾ ਲਿਆ।

Advertisement

ਰਾਮਲੀਲਾ ਮੈਦਾਨ ’ਚ ਕਿਸਾਨ ਮਹਾਪੰਚਾਇਤ ’ਚ ਹਿੱਸਾ ਲੈਂਦੀਆਂ ਹੋਈਆਂ ਬੀਬੀਆਂ। -ਫੋਟੋ: ਮਾਨਸ ਰੰਜਨ ਭੂਈ

ਕਿਸਾਨਾਂ-ਮਜ਼ਦੂਰਾਂ ਨੇ ਪੁਲੀਸ ’ਤੇ ਲਾਇਆ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼

ਨਵੀਂ ਦਿੱਲੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਨੇ ਦਾਅਵਾ ਕੀਤਾ ਕਿ ਮਹਾਪੰਚਾਇਤ ਲਈ ਦਿੱਲੀ ਪਹੁੰਚਣ ਵਾਲੇ ਕਿਸਾਨਾਂ ਨੂੰ ਰੱਜ ਕੇ ਪ੍ਰੇਸ਼ਾਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਆਪਣੇ ਸਾਥੀਆਂ ਨਾਲ ਅੰਬਾਲਾ ਤੋਂ ਦਿੱਲੀ ਆਏ ਤਾਂ ਰਸਤੇ ਵਿੱਚ ਕਈ ਥਾਵਾਂ ’ਤੇ ਪੁਲੀਸ ਨਾਲ ਬਹਿਸ ਕਰਨੀ ਪਈ ਹਾਲਾਂਕਿ ਉਨ੍ਹਾਂ ਦੀ ਗੱਡੀ ਨੂੰ ਮਨਜ਼ੂਰੀ ਮਿਲੀ ਹੋਈ ਸੀ। ਕਿਸਾਨਾਂ ਦੇ ਜਿਹੜੇ ਕਾਫਲੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ’ਤੇ ਉੱਤਰ ਕੇ ਗੁਰਦੁਆਰਾ ਬੰਗਲਾ ਸਾਹਿਬ ਜਾ ਰਹੇ ਸਨ, ਉਨ੍ਹਾਂ ਨੂੰ ਕਨਾਟ ਪਲੇਸ ਕੋਲ ਬੱਸਾਂ ’ਚੋਂ ਉਤਾਰ ਲਿਆ ਅਤੇ ਪੁਲੀਸ ਦੀਆਂ ਬੱਸਾਂ ਵਿੱਚ ਬਿਠਾ ਕੇ ਇੱਧਰ ਉੱਧਰ ਘੁੰਮਾਉਣ ਤੋਂ ਬਾਅਦ ਚਾਂਦਨੀ ਚੌਕ ਛੱਡ ਗਏ ਕਿ ਤੁਸੀਂ ਸੀਸਗੰਜ ਗੁਰਦੁਆਰਾ ਸਾਹਿਬ ਵਿਖੇ ਰਹੋ। ਬੀਕੇਯੂ ਏਕਤਾ ਡਕੌਂਦਾ ਦੀ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੂੰ ਮਾਨਸਾ ਜ਼ਿਲ੍ਹੇ ਦੇ ਸਾਥੀਆਂ ਤੇ ਬੀਬੀਆਂ ਸਮੇਤ ਕਨਾਟ ਪਲੇਸ ਤੋਂ ਰਾਊਂਡ ਅੱਪ ਕਰਕੇ ਚਾਂਦਨੀ ਚੌਕ ਲਿਜਾਇਆ ਗਿਆ। ਕਿਸਾਨਾਂ ਨੂੰ ਰੇਲਵੇ ਸਟੇਸ਼ਨਾਂ ’ਤੇ ਠਹਿਰਨ ਵਿੱਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਕਿਸਾਨ ਸਾਰੀ ਰਾਤ ਸੜਕਾਂ ’ਤੇ ਰੁਲਦੇ ਰਹੇ। ਧਨੇਰ ਨੇ ਕਿਹਾ ਕਿ ਭਾਜਪਾ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।

ਮਹਾਪੰਚਾਇਤ ਦੀਆਂ ਝਲਕੀਆਂ

* ਮਹਾਪੰਚਾਇਤ ’ਚ ਪੰਜਾਬ ਦੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਸੀ ਤੇ ਦੂਜੇ ਰਾਜਾਂ ਤੋਂ ਬਹੁਤ ਘੱਟ ਕਿਸਾਨ ਆਏ। ਰਾਕੇਸ਼ ਟਿਕੈਤ ਤੋਂ ਯੂਪੀ ਤੋਂ ਬਹੁਤੇ ਕਿਸਾਨਾਂ ਦੇ ਨਾ ਆਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘ਬਹੁਤ ਆਏ ਹੈਂ।’ ਹਰਿਆਣਾ ਦੇ ਘੱਟ ਕਿਸਾਨਾਂ ਦੀ ਹਾਜ਼ਰੀ ਬਾਰੇ ਗੁਰਨਾਮ ਸਿੰਘ ਚੜੂਨੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੀ ਸਮਰਥਕ ਔਰਤ ਗੁੱਸੇ ’ਚ ਬੋਲੀ ਕਿ ਹਰਿਆਣਾ ਵਿਚੋਂ ਵੀ ਪੱਗਾਂ ਵਾਲੇ ਕਿਸਾਨ ਆਏ ਹਨ। ਉਂਜ ਚੜੂਨੀ ਨੇ ਹਰਿਆਣਾ ਤੋਂ 4 ਹਜ਼ਾਰ ਕਿਸਾਨਾਂ ਦੇ ਆਉਣ ਦਾ ਦਾਅਵਾ ਕੀਤਾ।
* ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮੁੱਖ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਭਾਸ਼ਣ ਖਤਮ ਕੀਤਾ ਤਾਂ ਯੂਨੀਅਨ ਦਾ ਕੇਡਰ ਪੰਡਾਲ ਵਿਚੋਂ ਉਠ ਖੜ੍ਹਾ ਹੋਇਆ। ਸ੍ਰੀ ਉਗਰਾਹਾਂ ਨੂੰ ਬੇਨਤੀ ਕਰਨੀ ਪਈ ਕਿ ਕਾਰਕੁਨ ਇੰਝ ਨਾ ਕਰਨ ਤੇ ਇਹ ਮਹਾਪੰਚਾਇਤ ਦਾ ਅਨਾਦਰ ਹੈ। ਫਿਰ ਵਰਕਰ ਬੈੈਠ ਗਏ। ਇਸ ਯੂਨੀਅਨ ਦੀਆਂ ਮਹਿਲਾ ਵਰਕਰਾਂ ਪੀਲੀਆਂ ਚੁੰਨੀਆਂ ਨਾਲ ਦੂਰੋਂ ਹੀ ਪਛਾਣੀਆਂ ਜਾ ਸਕਦੀਆਂ ਸਨ ਜੋ ਵੱਡੀ ਗਿਣਤੀ ਵਿੱਚ ਸਨ।
* ਕਿਸਾਨਾਂ ਨੂੰ ਰੇਲਵੇ ਸਟੇਸ਼ਨਾਂ ਤੋਂ ਪੈਦਲ ਹੀ ਰਾਮ ਲੀਲਾ ਮੈਦਾਨ ਜਾਣਾ ਪਿਆ ਜਿਸ ਕਰਕੇ ਉਨ੍ਹਾਂ ਮੈਦਾਨ ਵਿੱਚ ਆ ਕੇ ਆਗੂਆਂ ਦੇ ਭਾਸ਼ਣ ਸੁਣਨ ਨਾਲੋਂ ਸੌਣ ਨੂੰ ਤਰਜੀਹ ਦਿੱਤੀ।
* ਮਹਾਪੰਚਾਇਤ ਵਿਚ ਪੀਲਾ ਤੇ ਲਾਲ ਰੰਗ ਇਸ ਵਾਰ ਹਰੇ ਰੰਗ ਉੱਪਰ ਭਾਰੂ ਰਿਹਾ।
* ਪ੍ਰਬੰਧਕਾਂ ਨੇ ਅੱਜ ਬਹੁਤੇ ਆਗੂ ਸਟੇਜ ਉਪਰ ਨਾ ਚੜ੍ਹਨ ਦਿੱਤੇ ਤੇ ਕੋਈ ਖਲਲ ਨਹੀਂ ਪਿਆ।

Advertisement
Author Image

sukhwinder singh

View all posts

Advertisement